ਟਰਾਈਸਿਟੀ ਲਈ ਖੁਸ਼ਖਬਰੀ! ਚੰਡੀਗੜ੍ਹ, ਪੰਚਕੂਲਾ, ਮੁਹਾਲੀ, ਜ਼ੀਰਕਪੁਰ ਤੇ ਖਰੜ ਵਿਚਾਲੇ ਦੌੜੇਗੀ ਮੈਟਰੋ, ਟ੍ਰੈਫਿਕ ਸਮੱਸਿਆ ਹੋਏਗੀ ਹੱਲ
ਜਾਣਕਾਰੀ ਮੁਤਾਬਕ ਇਸ ਪ੍ਰਾਜੈਕਟ ਨੂੰ ਤਿੰਨ ਪੜਾਵਾਂ ਵਿੱਚ ਨੇਪਰੇ ਚਾੜ੍ਹਨ ਦੀ ਤਜਵੀਜ਼ ਰੱਖੀ ਗਈ ਹੈ, ਜਿਸ ਨੂੰ 10570 ਕਰੋੜ ਰੁਪਏ ਦੀ ਲਾਗਤ ਨਾਲ ਨੇਪਰੇ ਚਾੜ੍ਹਿਆ ਜਾਵੇਗਾ।
Chandigarh News: ਟਰਾਈਸਿਟੀ ਲਈ ਖੁਸ਼ਖਬਰੀ ਹੈ। ਚੰਡੀਗੜ੍ਹ-ਮੁਹਾਲੀ ਤੇ ਪੰਚਕੂਲਾ ਵਿਚਾਲੇ ਮੈਟਰੋ ਸ਼ੁਰੂ ਹੋਣ ਦੀ ਉਮੀਦ ਬੱਝ ਗਈ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿੱਚ ਲੰਬੇ-ਲੰਬੇ ਜਾਮਾਂ ਤੋਂ ਰਾਹਤ ਮਿੇਗੀ। ਇਹ ਪ੍ਰੋਜੈਕਟ 10570 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਹੋਏਗਾ। ਇਸ ਲਈ ਪੰਜਾਬ ਤੇ ਹਰਿਆਣਾ ਨੇ ਸਹਿਮਤੀ ਦੇ ਦਿੱਤੀ ਹੈ। ਹੁਣ ਬੱਸ ਕੇਂਦਰ ਸਰਕਾਰ ਦੀ ਮੋਹਰ ਲੱਗਣੀ ਬਾਕੀ ਹੈ।
ਦੱਸ ਦਈਏ ਕਿ ਟਰਾਈਸਿਟੀ ਵਿੱਚ ਪੇਸ਼ ਆ ਰਹੀ ਆਵਾਜਾਈ ਦੀ ਸਮੱਸਿਆ ਦੇ ਨਿਪਟਾਰੇ ਲਈ ਮੈਟਰੋ ਲੈ ਕੇ ਪੰਜਾਬ ਤੇ ਹਰਿਆਣਾ ਨੇ ਵੀ ਹਾਮੀ ਭਰ ਦਿੱਤੀ ਹੈ। ਇਸ ਤੋਂ ਇਲਾਵਾ ਆਵਾਜਾਈ ਦੀ ਸਮੱਸਿਆ ਦੇ ਨਿਪਟਾਰੇ ਲਈ ਕਈ ਹੋਰ ਅਹਿਮ ਫੈਸਲੇ ਲਏ ਗਏ ਹਨ। ਇਹ ਫ਼ੈਸਲਾ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੀ ਅਗਵਾਈ ਹੇਠ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਨੁਮਾਇੰਦਿਆਂ ਦੀ ਹੋਈ ਸਾਂਝੀ ਮੀਟਿੰਗ ਵਿੱਚ ਲਿਆ ਗਿਆ।
ਇਸ ਮੀਟਿੰਗ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਪੰਜਾਬ ਤੋਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਸਣੇ ਦੋਹਾਂ ਸੂਬਿਆਂ ਦੇ ਪ੍ਰਸ਼ਾਸਨਿਕ ਅਧਿਕਾਰੀ ਵੀ ਸ਼ਾਮਲ ਹੋਏ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀ ਸਹਿਮਤੀ ਤੋਂ ਬਾਅਦ ਇਸ ਪ੍ਰਾਜੈਕਟ ਨੂੰ ਆਖਰੀ ਪ੍ਰਵਾਨਗੀ ਲਈ ਕੇਂਦਰ ਸਰਕਾਰ ਦੇ ਆਵਾਸ ਤੇ ਸ਼ਹਿਰੀ ਵਿਕਾਸ ਮੰਤਰਾਲੇ ਕੋਲ ਭੇਜਿਆ ਜਾਵੇਗਾ।
ਹਾਸਲ ਜਾਣਕਾਰੀ ਮੁਤਾਬਕ ਇਸ ਪ੍ਰਾਜੈਕਟ ਨੂੰ ਤਿੰਨ ਪੜਾਵਾਂ ਵਿੱਚ ਨੇਪਰੇ ਚਾੜ੍ਹਨ ਦੀ ਤਜਵੀਜ਼ ਰੱਖੀ ਗਈ ਹੈ, ਜਿਸ ਨੂੰ 10570 ਕਰੋੜ ਰੁਪਏ ਦੀ ਲਾਗਤ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਪਹਿਲੇ ਪੜਾਅ ’ਚ 1795 ਕਰੋੜ, ਦੂਜੇ ਪੜਾਅ ’ਚ 6898 ਕਰੋੜ ਤੇ ਤੀਜੇ ਪੜਾਅ ’ਚ 1878 ਕਰੋੜ ਰੁਪਏ ਖਰਚਣ ਦੀ ਤਜਵੀਜ਼ ਹੈ। ਇਸ ਪ੍ਰਾਜੈਕਟ ਵਿੱਚ ਮੈਟਰੋ ਦੇ ਨਾਲ-ਨਾਲ ਮਾਸ ਰੈਪਿਡ ਟਰਾਂਜ਼ਿਟ ਕੋਰੀਡੋਰ ਸਿਸਟਮ (ਐਮਆਰਟੀਐਸ), ਬੱਸ ਟਰਮੀਨਲ, ਬੱਸ ਡਿੱਪੂ, ਨਵੀਆਂ ਸੜਕਾਂ, ਸਾਈਕਲ ਟਰੈਕ ਤੇ ਨਵੀਂ ਪਾਰਕਿੰਗ ਤਿਆਰ ਕਰਨ ਦੀ ਤਜਵੀਜ਼ ਵੀ ਰੱਖੀ ਗਈ ਹੈ।
ਮੀਟਿੰਗ ਵਿੱਚ ਰੇਲ ਇੰਡੀਆ ਤਕਨੀਕੀ ਤੇ ਆਰਥਿਕ ਸੇਵਾਵਾਂ (ਰਾਈਟਸ) ਵੱਲੋਂ ਸ਼ਹਿਰ ਵਿੱਚੋਂ ਆਵਾਜਾਈ ਦੀ ਸਮੱਸਿਆ ਦੇ ਨਿਪਟਾਰੇ ਲਈ ਤਿਆਰ ਕੀਤੀ ਰਿਪੋਰਟ ਦੇ ਆਧਾਰ ’ਤੇ ਵਿਚਾਰ-ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਆਵਾਜਾਈ ਦੀ ਸਮੱਸਿਆ ਦੇ ਨਿਪਟਾਰੇ ਲਈ ਵੀ ਗੱਲਬਾਤ ਕੀਤੀ। ਉਪਰੰਤ ਚੰਡੀਗੜ੍ਹ, ਪੰਚਕੂਲਾ, ਮੁਹਾਲੀ, ਜ਼ੀਰਕਪੁਰ ਤੇ ਖਰੜ ਨੂੰ ਆਪਸ ਵਿੱਚ ਜੋੜਨ ਲਈ ਮੈਟਰੋ ਸ਼ੁਰੂ ਕਰਨ ’ਤੇ ਜ਼ੋਰ ਦਿੱਤਾ ਗਿਆ, ਜਿਸ ਨੂੰ ਸਾਰਿਆਂ ਨੇ ਸਹਿਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਹੈ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮੀਟਿੰਗ ਦੌਰਾਨ ਸੁਝਾਅ ਦਿੱਤਾ ਕਿ ਪੀਜੀਆਈ, ਪੰਜਾਬ ਤੇ ਹਰਿਆਣਾ ਸਕੱਤਰੇਤ ਤੇ ਪੰਜਾਬ ਯੂਨੀਵਰਸਿਟੀ ਦੇ ਖੇਤਰਾਂ ’ਚ ਸੇਵਾ ਕਰਨ ਲਈ ਐਮਆਰਟੀਐਸ ਰਾਹੀਂ ਪੰਚਕੂਲਾ ਨੂੰ ਮੱਧ ਮਾਰਗ ਰਾਹੀਂ ਜੋੜਨ ਦੀ ਜ਼ਰੂਰਤ ਹੈ। ਖੱਟਰ ਨੇ ਪਹਿਲੇ ਪੜਾਅ ਵਿੱਚ ਹਰਿਆਣਾ ਸਕੱਤਰੇਤ, ਵਿਧਾਨ ਸਭਾ, ਹਾਈ ਕੋਰਟ, ਪੀਜੀਆਈ ਤੇ ਪੰਜਾਬ ਯੂਨੀਵਰਸਿਟੀ ਨੂੰ ਜੋੜਨ ਦਾ ਸੁਝਾਅ ਵੀ ਦਿੱਤਾ।
ਉਨ੍ਹਾਂ ਜ਼ੋਰ ਦਿੱਤਾ ਕਿ ਪਿੰਜੌਰ-ਕਾਲਕਾ ਅਤੇ ਜ਼ੀਰਕਪੁਰ ਤੋਂ ਪਿੰਜੌਰ-ਕਾਲਕਾ ਨੂੰ ਆਪਸ ਵਿੱਚ ਜੋੜਨ ਲਈ ਵੀ ਕੁਝ ਕਰਨ ਦੀ ਲੋੜ ਹੈ। ਖੱਟਰ ਦੇ ਪ੍ਰਮੁੱਖ ਸਕੱਤਰ ਨੇ ਕਿਹਾ ਕਿ ਪੰਚਕੂਲਾ ਤੋਂ ਮੁਹਾਲੀ ਹਵਾਈ ਅੱਡੇ ਤੱਕ ਸੜਕ ਸੰਪਰਕ ਬਣਾਉਣ ਲਈ ਵੀ ਯੋਜਨਾ ਤਿਆਰੀ ਕੀਤੀ ਜਾ ਰਹੀ ਹੈ।