Jalandhar News: ਵਿਧਾਇਕ ਰਾਣਾ ਇੰਦਰ ਪ੍ਰਤਾਪ ਨੂੰ ਮਹਿੰਗਾ ਪਿਆ ਧੁੱਸੀ ਬੰਨ੍ਹ ਤੋੜਨਾ, ਪੁਲਿਸ ਵੱਲੋਂ ਪਰਚਾ ਦਰਜ
Jalandhar News: ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਹਲਕੇ ਦੇ ਲੋਕਾਂ ਨੂੰ ਨਾਲ ਲੈ ਕੇ ਪਿੰਡ ਭਰੋਆਣਾ ਨੇੜਿਓਂ ਸਤਲੁਜ ਦਾ ਧੁੱਸੀ ਬੰਨ੍ਹ ਤੋੜਿਆ ਸੀ।
Jalandhar News: ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਹਲਕੇ ਦੇ ਲੋਕਾਂ ਨੂੰ ਨਾਲ ਲੈ ਕੇ ਪਿੰਡ ਭਰੋਆਣਾ ਨੇੜਿਓਂ ਸਤਲੁਜ ਦਾ ਧੁੱਸੀ ਬੰਨ੍ਹ ਤੋੜਿਆ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਵਿਧਾਇਕ ਤੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਵਿਰੋਧੀ ਧਿਰਾਂ ਦੇ ਆਗੂਆਂ ਨੇ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਿਨਾਂ ਬੰਨ੍ਹ ਤੋੜਨ ਦੀ ਨਿਖੇਧੀ ਕੀਤੀ ਤੇ ਵਿਧਾਇਕ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ ਦੂਜੇ ਪਾਸੇ ਬੰਨ੍ਹ ਤੋੜਨ ਮਗਰੋਂ ਕੁਝ ਪਿੰਡਾਂ ਵਿੱਚ ਪਾਣੀ ਦਾ ਪੱਧਰ ਘਟਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਵਿਧਾਇਕ ਰਾਣਾ ਅਨੁਸਾਰ ਉਨ੍ਹਾਂ ਦੇ ਖੇਤਰ ਦੇ ਲੋਕ ਹੜ੍ਹ ਦੇ ਪਾਣੀ ਕਾਰਨ ਖ਼ਤਰੇ ਵਿੱਚ ਹਨ ਪਰ ਪ੍ਰਸ਼ਾਸਨ ਇਸ ਤੋਂ ਬੇਖ਼ਬਰ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਤੋਂ ਦੇਸ਼ ਪਰਤਦਿਆਂ ਹੀ ਉਨ੍ਹਾਂ ਆਪਣੇ ਖੇਤਰ ਸੁਲਤਾਨਪੁਰ ਲੋਧੀ ਵਿੱਚ ਹੜ੍ਹ ਦਾ ਜਾਇਜ਼ਾ ਲਿਆ। ਇਸ ਦੌਰਾਨ ਅੱਠ ਪਿੰਡਾਂ ਦੇ ਲੋਕਾਂ ਨੇ ਉਨ੍ਹਾਂ ਨੂੰ ਹੜ੍ਹ ਕਾਰਨ ਆ ਰਹੀਆਂ ਸਮੱਸਿਆਵਾਂ ਬਾਰੇ ਦੱਸਿਆ। ਇਸ ਤੋਂ ਬਾਅਦ ਵਿਧਾਇਕ ਨੇ ਡਰੇਨੇਜ ਵਿਭਾਗ ਨੂੰ ਸੂਚਿਤ ਕੀਤਾ ਕਿ ਜੇ ਧੁੱਸੀ ਬੰਨ੍ਹ ਤੋੜ ਦਿੱਤਾ ਜਾਵੇ ਤਾਂ ਹੜ੍ਹ ਦਾ ਪਾਣੀ ਵਾਪਸ ਸਤਲੁਜ ਦਰਿਆ ਵਿੱਚ ਹੁੰਦੇ ਹੋਏ ਹਰੀਕੇ ਹੈੱਡ ਵਰਕਸ ਵੱਲ ਚਲਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਸੂਬਿਆਂ 'ਚ ਪੈ ਸਕਦਾ ਮੀਂਹ, ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ
ਇਸ ਦੇ ਜਵਾਬ ਵਿੱਚ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਬੰਨ੍ਹ ਤੋੜਨ ਲਈ ਪ੍ਰਸ਼ਾਸਨ ਦੀ ਇਜਾਜ਼ਤ ਲੈਣੀ ਜ਼ਰੂਰੀ ਹੈ। ਇਸ ਮਗਰੋਂ ਵਿਧਾਇਕ ਨੇ ਪਿੰਡ ਵਾਸੀਆਂ ਤੇ ਆਪਣੇ ਵਰਕਰਾਂ ਨੂੰ ਬੰਨ੍ਹ ਤੋੜਨ ਲਈ ਕਹਿ ਦਿੱਤਾ। ਇਸ ਬਾਰੇ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਪਰ ਲੋਕਾਂ ਅੱਗੇ ਪੁਲਿਸ ਦੀ ਇੱਕ ਨਾ ਚੱਲੀ।
ਇਸ ਬਾਰੇ ਸੁਲਤਾਨਪੁਰ ਲੋਧੀ ਦੇ ਐਸਡੀਐਮ ਚੰਦਰਾ ਜੋਤੀ ਨੇ ਕਿਹਾ ਕਿ ਉਹ ਜਾਂਚ ਮਗਰੋਂ ਹੀ ਕੁਝ ਦੱਸ ਸਕਦੇ ਹਨ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਡਰੇਨੇਜ ਵਿਭਾਗ ਨੇ ਐਕਸੀਅਨ ਨੂੰ ਵਿਸਥਾਰਤ ਰਿਪੋਰਟ ਪੁਲਿਸ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ। ਐਸਐਸਪੀ ਰਾਜਪਾਲ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਐਕਸੀਅਨ ਦੀ ਰਿਪੋਰਟ ਮਿਲ ਗਈ ਹੈ। ਜਾਂਚ ਮਗਰੋਂ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Flood in Punjab: ਪੰਜਾਬ 'ਚ ਹੜ੍ਹਾਂ ਨੇ ਲਈ 29 ਲੋਕਾਂ ਦੀ ਜਾਨ, 14 ਜ਼ਿਲ੍ਹਿਆਂ 'ਚ ਮਚਾਈ ਤਬਾਹੀ, 25000 ਲੋਕ ਪ੍ਰਭਾਵਿਤ