Jalandhar News: ਕਾਂਗਰਸੀ ਲੀਡਰਾਂ ਉਪਰ ਸਾਨ੍ਹ ਨੇ ਕੀਤਾ ਹਮਲਾ, ਰਾਜਾ ਵੜਿੰਗ ਨੇ ਮਸਾਂ ਬਚਾਈ ਜਾਨ
ਜਲੰਧਰ ਜ਼ਿਮਨੀ ਚੋਣ ਦੇ ਪ੍ਰਚਾਰ ਦੌਰਾਨ ਸਾਨ੍ਹ ਨੇ ਕਾਂਗਰਸੀ ਲੀਡਰਾਂ ਉਪਰ ਹਮਲਾ ਕਰ ਦਿੱਤਾ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤੇਜ਼ੀ ਨਾਲ ਪਰ੍ਹਾਂ ਹਟ ਕੇ ਜਾਨ ਬਚਾਈ।
Jalandhar News: ਜਲੰਧਰ ਜ਼ਿਮਨੀ ਚੋਣ ਦੇ ਪ੍ਰਚਾਰ ਦੌਰਾਨ ਸਾਨ੍ਹ ਨੇ ਕਾਂਗਰਸੀ ਲੀਡਰਾਂ ਉਪਰ ਹਮਲਾ ਕਰ ਦਿੱਤਾ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤੇਜ਼ੀ ਨਾਲ ਪਰ੍ਹਾਂ ਹਟ ਕੇ ਜਾਨ ਬਚਾਈ। ਹੁਣ ਇਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਸਾਨ੍ਹ ਨੇ ਹਮਲਾ ਉਸ ਵੇਲੇ ਕੀਤਾ ਜਦੋਂ ਰਾਜਾ ਵੜਿੰਗ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ।
ਦਰਅਸਲ ਕਾਂਗਰਸੀ ਲੀਡਰ ਚੋਣ ਪ੍ਰਚਾਰ ਕਰ ਰਹੇ ਸਨ। ਇਸ ਦੌਰਾਨ ਇੱਕ ਸਾਨ੍ਹ ਆਇਆ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਖੁਸ਼ਕਿਸਮਤੀ ਰਹੀ ਕਿ ਇਸ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ, ਸਾਰਿਆਂ ਨੇ ਪਾਸੇ ਹੋ ਕੇ ਬਚਾਅ ਕਰ ਲਿਆ। ਰਾਜਾ ਵੜਿੰਗ ਨੇ ਵੀ ਸਾਨ੍ਹ ਨੂੰ ਆਉਂਦੇ ਦੇਖ ਕੇ ਪਾਸਾ ਵੱਟ ਲਿਆ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ 'ਚ ਰਾਜਾ ਵੜਿੰਗ ਆਪਣੀ ਜਾਨ ਬਚਾਉਣ ਲਈ ਤੇਜ਼ੀ ਨਾਲ ਪਾਸੇ ਹਟਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਸਾਨ੍ਹ ਉੱਥੋਂ ਚਲਾ ਗਿਆ ਤੇ ਰਾਜਾ ਵੜਿੰਗ ਨੂੰ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਨੇ ਉੱਥੋਂ ਕੱਢ ਲਿਆ।
ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨਾਲ ਕੱਲ੍ਹ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਹੋ ਰਹੀ ਜ਼ਿਮਨੀ ਚੋਣ ਦੇ ਪ੍ਰਚਾਰ ਲਈ ਪੁੱਜੇ ਸਨ। ਇਸ ਦੌਰਾਨ ਇਹ ਹਾਦਸਾ ਵਾਪਰਿਆ। ਪ੍ਰਚਾਰ ਦੌਰਾਨ ਰਾਜਾ ਨੇ ਕਿਹਾ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਆਗੂ ਇੱਕੋ ਸਿੱਕੇ ਦੇ ਦੋ ਪਹਿਲੂ ਹਨ।
ਰਾਜਾ ਵੜਿੰਗ ਨੇ ਕਿਹਾ ਕਿ ਜਲੰਧਰ ਵਿਧਾਨ ਸਭਾ ਉਪ ਚੋਣ 'ਚ ਕਾਂਗਰਸ ਪਾਰਟੀ ਹੀ ਜਿੱਤੇਗੀ ਕਿਉਂਕਿ ਜਲੰਧਰ ਪੱਛਮੀ ਦੇ ਲੋਕ ਦਲਬਦਲੀ ਤੋਂ ਪ੍ਰੇਸ਼ਾਨ ਹਨ। ਦੂਜੀਆਂ ਪਾਰਟੀਆਂ ਦੇ ਉਮੀਦਵਾਰ ਵੱਖ-ਵੱਖ ਪਾਰਟੀਆਂ ਛੱਡ ਕੇ ਚੋਣ ਲੜ ਰਹੇ ਹਨ ਜਦੋਂਕਿ ਸ਼੍ਰੋਮਣੀ ਅਕਾਲੀ ਦਲ ਵੀ ਇਸ ਦੌੜ ਵਿੱਚ ਨਹੀਂ ਹੈ ਤੇ ਉਨ੍ਹਾਂ ਬਾਰੇ ਗੱਲ ਕਰਨੀ ਵੀ ਬੇਕਾਰ ਹੈ।
ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਵਰਗੇ ਗੁੰਡੇ ਇਲਾਕੇ ਦਾ ਮਾਹੌਲ ਖਰਾਬ ਕਰ ਰਹੇ ਹਨ। ਇਹ ਉਹੀ ਸ਼ੀਤਲ ਹੈ ਜੋ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਇਆ ਸੀ। ਹੁਣ ਉਸ ਦੇ ਕਾਰਨ ਜ਼ਿਮਨੀ ਚੋਣਾਂ ਹੋ ਰਹੀਆਂ ਹਨ।