Punjab Election: ਜਲੰਧਰੀਆਂ ਲਈ ਪਰਖ ਦੀ ਘੜੀ ! ਦਲ-ਬਦਲੂਆਂ ਤੇ ਬਾਹਰੀਆਂ ਨੂੰ ਜਿਤਾਕੇ ਪਾ ਨਾ ਦੇਣ ਨਵੀਂ ਪਿਰਤ ? ਯਾਦ ਰੱਖਿਓ NOTA...!
Jalandhar Election: ਅਸੀਂ ਇਹ ਨਹੀਂ ਕਹਿ ਰਹੇ ਕਿ ਕਿਸੇ ਨੂੰ ਵੋਟ ਨਾ ਪਾਇਓ, ਜਿਸ ਨੂੰ ਤੁਸੀਂ ਪਸੰਦ ਕਰਦੇ ਹੋ ਉਸ ਨੂੰ ਵੋਟ ਜ਼ਰੂਰ ਪਾਇਓ, ਪਰ ਜੇ ਕੋਈ ਵੀ ਪਸੰਦ ਨਹੀਂ ਤਾਂ ਨੋਟਾ ਨੂੰ ਵੋਟ ਪਾ ਸਕਦੇ ਹੋ ਪਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਜ਼ਰੂਰ ਕਰਿਓ
Punjab Election: ਜਲੰਧਰ ਲੋਕ ਸਭਾ ਸੀਟ 'ਤੇ ਮੁਕਾਬਲਾ ਕਾਫੀ ਰੋਮਾਂਚਕ ਹੈ। ਇੱਥੇ ਭਾਜਪਾ, ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਸਖ਼ਤ ਮੁਕਾਬਲਾ ਹੈ। ਇਹ ਸੀਟ ਅਨੁਸੂਚਿਤ ਜਾਤੀ ਲਈ ਰਾਖਵੀਂ ਹੈ। ਇੱਥੇ ਦਲ-ਬਦਲੂਆਂ ਦਾ ਮੇਲਾ ਲੱਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਜਨਤਾ ਕਿਸ ਨੂੰ ਚੁਣਦੀ ਹੈ।
ਜਲੰਧਰ ਸੀਟ ਨੂੰ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਹੈ। ਇਸ ਸੀਟ ਦੀ ਮਹੱਤਤਾ ਇਸ ਲਈ ਵੱਧ ਜਾਂਦੀ ਹੈ ਕਿਉਂਕਿ ਦੇਸ਼ ਦੇ 12ਵੇਂ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨੇ ਇੱਥੋਂ ਚੋਣ ਜਿੱਤੀ ਸੀ। ਇਸ ਲਈ ਕਾਂਗਰਸ ਨੇ ਆਪਣਾ ਗੜ੍ਹ ਬਚਾਉਣ ਲਈ ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੈਦਾਨ ਵਿੱਚ ਉਤਾਰਿਆ ਹੈ। ਉਹ ਦਲਿਤ ਚਿਹਰਾ ਹੈ ਅਤੇ ਕਾਂਗਰਸ ਨੂੰ ਉਮੀਦ ਹੈ ਕਿ ਉਹ ਇਸ ਸੀਟ ਨੂੰ ਜਿੱਤਣ ਵਿਚ ਕਾਂਗਰਸ ਦੀ ਮਦਦ ਕਰਨ ਵਿਚ ਸਫਲ ਹੋਣਗੇ।
ਭਾਰਤੀ ਜਨਤਾ ਪਾਰਟੀ ਨੇ ਇੱਥੋਂ ਸੁਸ਼ੀਲ ਰਿੰਕੂ ਨੂੰ ਟਿਕਟ ਦਿੱਤੀ ਹੈ, ਉਹ ਇੱਥੋਂ ਮੌਜੂਦਾ ਸੰਸਦ ਮੈਂਬਰ ਹਨ। ਸੁਸ਼ੀਲ ਰਿੰਕੂ ਨੂੰ ਪਹਿਲਾਂ 'ਆਪ' ਨੇ ਆਪਣਾ ਉਮੀਦਵਾਰ ਐਲਾਨਿਆ ਸੀ। ਪਰ ਉਹ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ। ਇਸ ਤੋਂ ਪਹਿਲਾਂ ਸੁਸ਼ੀਲ ਰਿੰਕੂ ਪਿਛਲੇ ਸਾਲ ਹੀ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ ਸਨ।
ਇਸ ਦੌਰਾਨ ਆਮ ਆਦਮੀ ਪਾਰਟੀ ਨੇ ਦੋ ਵਾਰ ਵਿਧਾਇਕ ਅਤੇ ਸਾਬਕਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਵਨ ਕੁਮਾਰ ਟੀਨੂੰ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਉਹ ਹਾਲ ਹੀ 'ਚ 'ਆਪ' 'ਚ ਸ਼ਾਮਲ ਹੋਏ ਹਨ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਨੇ ਜਲੰਧਰ ਸੀਟ ਤੋਂ ਸਾਬਕਾ ਕਾਂਗਰਸੀ ਆਗੂ ਮਹਿੰਦਰ ਸਿੰਘ ਕੇਪੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਕੇਪੀ ਨੇ ਪਿਛਲੇ ਮਹੀਨੇ ਹੀ ਅਕਾਲੀ ਦਲ ਨਾਲ ਹੱਥ ਮਿਲਾਇਆ ਸੀ। ਮਾਇਆਵਤੀ ਦੀ ਪਾਰਟੀ ਬਹੁਜਨ ਸਮਾਜ ਨੇ ਬਲਵਿੰਦਰ ਕੁਮਾਰ ਨੂੰ ਉਮੀਦਵਾਰ ਬਣਾਇਆ ਹੈ।
ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਜਲੰਧਰ ਦੀ ਸੀਟ ਪੂਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪਰ ਇਸ ਦੀ ਚਰਚਾ ਦੀ ਮੇਨ ਵਜ੍ਹਾ ਇੱਥੋਂ ਦੀ ਲੀਡਰਾਂ ਦੀਆਂ ਦਲਬਦਲੀਆਂ ਹਨ। ਇੱਥੇ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜਲੰਧਰ ਵਾਲੇ ਜੇ ਦਲਬਦਲੂਆਂ ਨੂੰ ਚੰਗੀਆਂ ਵੋਟਾਂ ਨਾਲ ਜਿਤਾ ਦਿੰਦੇ ਹਨ ਤਾਂ ਇਸ ਨਾਲ ਪੰਜਾਬ ਦੀ ਸਿਆਸਤ ਵਿੱਚ ਨਵੀਂ ਪਿਰਤ ਪੈ ਜਾਵੇਗੀ ਪਰ ਅਸੀਂ ਇਹ ਨਹੀਂ ਕਹਿ ਰਹੇ ਕਿ ਕਿਸੇ ਨੂੰ ਵੋਟ ਨਾ ਪਾਇਓ, ਜਿਸ ਨੂੰ ਤੁਸੀਂ ਪਸੰਦ ਕਰਦੇ ਹੋ ਉਸ ਨੂੰ ਵੋਟ ਜ਼ਰੂਰ ਪਾਇਓ, ਪਰ ਜੇ ਕੋਈ ਵੀ ਪਸੰਦ ਨਹੀਂ ਤਾਂ ਨੋਟਾ ਨੂੰ ਵੋਟ ਪਾ ਸਕਦੇ ਹੋ ਪਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਜ਼ਰੂਰ ਕਰਿਓ