Punjab News: ਲੁਧਿਆਣਾ ਵਾਂਗ ਜਲੰਧਰ 'ਚ ਵੀ ਹੋਈ ਗੈਸ ਲੀਕ, ਲੋਕਾਂ 'ਚ ਡਰ ਦਾ ਮਾਹੌਲ, ਸਾਹ ਲੈਣਾ 'ਚ ਆਈ ਪ੍ਰੇਸ਼ਾਨੀ
ਗੈਸ ਲੀਕ ਹੋਣ ਮਗਰੋਂ ਇਲਾਕਾ ਵਾਸੀਆਂ ਨੂੰ ਸਾਹ ਲੈਣ 'ਚ ਦਿੱਕਤ ਆਉਣ ਲੱਗੀ ਅਤੇ ਅੱਖਾਂ 'ਚ ਤੇਜ਼ ਜਲਣ ਹੋਣ ਲੱਗੀ।
Jalandhar News: ਅਜੇ ਲੋਕ ਲੁਧਿਆਣਾ ਗੈਸ ਲੀਕ ਮਾਮਲਾ ਭੁੱਲੇ ਵੀ ਨਹੀਂ ਸਨ ਕਿ ਇੱਕ ਹੋਰ ਗੈਸ ਲੀਕ ਦਾ ਮਾਮਲਾ ਸਾਹਮਣੇ ਆ ਗਿਆ ਹੈ। ਜੀ ਹਾਂ ਹੁਣ ਜਲੰਧਰ ਦੇ ਇੱਕ ਕੋਲਡ ਸਟੋਰ 'ਚ ਗੈਸ ਲੀਕ ਹੋਣ ਦਾ ਸਮਾਚਾਰ ਮਿਲਿਆ ਹੈ। ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਛਾਇਆ ਪਿਆ ਹੈ।
ਕੋਲਡ ਸਟੋਰ 'ਚ ਗੈਸ ਲੀਕ
ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਲਾਡੋਵਾਲੀ ਰੋਡ ਦੇ ਨੇੜੇ ਬਰਫ਼ ਦੇ ਇੱਕ ਕੋਲਡ ਸਟੋਰ 'ਚ ਗੈਸ ਲੀਕ ਹੋਈ, ਜਿਸ ਤੋਂ ਬਾਅਦ ਇਲਾਕੇ ਦੇ ਲੋਕ ਘਬਰਾ ਗਏ। ਗੈਸ ਲੀਕ ਹੋਣ ਮਗਰੋਂ ਇਲਾਕਾ ਵਾਸੀਆਂ ਨੂੰ ਸਾਹ ਲੈਣ 'ਚ ਦਿੱਕਤ ਆਉਣ ਲੱਗੀ ਅਤੇ ਅੱਖਾਂ 'ਚ ਤੇਜ਼ ਜਲਣ ਹੋਣ ਲੱਗੀ। ਮਿਲੀ ਜਾਣਕਾਰੀ ਅਨੁਸਾਰ ਕੁਝ ਲੋਕਾਂ ਦੀ ਸਿਹਤ ਵੀ ਖਰਾਬ ਹੋ ਗਈ।
ਇਲਾਕਾ ਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ 8 ਵਜੇ ਦੇ ਕਰੀਬ ਕੋਲਡ ਸਟੋਰ 'ਚ ਗੈਸ ਲੀਕ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਮੱਸਿਆਵਾਂ ਆਉਣ ਲੱਗੀਆਂ ਅਤੇ ਕੁੱਝ ਲੋਕਾਂ ਨੂੰ ਤਾਂ ਉਲਟੀਆਂ ਸ਼ੁਰੂ ਹੋ ਗਈਆਂ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਕੋਲਡ ਸਟੋਰ 'ਚ ਪਹਿਲਾਂ ਵੀ ਗੈਸ ਲੀਕ ਹੋ ਚੁੱਕੀ ਹੈ ਜਿਸ ਕਰਕੇ ਇਲਾਕਾ ਵਾਸੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਇਸ ਬਾਰੇ ਜਲੰਧਰ ਦੇ ਡੀ. ਸੀ. ਅਤੇ ਡੀ. ਸੀ. ਪੀ. ਜਗਮੋਹਨ ਸਿੰਘ ਨੂੰ ਕਈ ਵਾਰ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਪਰ ਅਜੇ ਤੱਕ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਜਦੋਂ ਇਸ ਬਾਰੇ ਕੋਲਡ ਸਟੋਰ ਦੇ ਮਾਲਕ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਕੋਲਡ ਸਟੋਰ 'ਚ ਕੋਈ ਗੈਸ ਲੀਕ ਨਹੀਂ ਹੁੰਦੀ ਹੈ, ਸਗੋਂ ਇਹ ਗਟਰ ਦੀ ਬਲਾਕੇਜ ਕਾਰਨ ਗੈਸ ਲੀਕ ਹੁੰਦੀ ਹੈ। ਦੱਸ ਦਈਏ ਇਸ ਤੋਂ ਪਹਿਲਾਂ ਲੁਧਿਆਣਾ 'ਚ ਜ਼ਹਿਰੀਲੀ ਗੈਸ ਲੀਕ ਹੋਈ ਸੀ, ਜਿਸ ਕਾਰਨ 11 ਲੋਕਾਂ ਦੀ ਮੌਤ ਹੋ ਗਈ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।