ਟਰੈਕਟਰ 'ਤੇ ਸਵਾਰ ਹੋ ਕੇ ਹੜ੍ਹ ਪੀੜਤਾਂ ਨੂੰ ਮਿਲਣ ਪਹੁੰਚੇ ਸੁਖਬੀਰ ਬਾਦਲ, ਸਰਕਾਰ ਅੱਗੇ ਰੱਖੀ ਇਹ ਮੰਗ
Sukhbir Badal : ਸੁਖਬੀਰ ਸਿੰਘ ਬਾਦਲ ਨੇ ਇਹਨਾਂ ਹਲਕਿਆਂ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ। ਉਹਨਾਂ ਬੰਗਾ ਹਲਕੇ ਦੇ ਪਿੰਡ ਚੇਟਾ ਵਿਚ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਇਲਾਕੇ ਦੀਆਂ ਨਹਿਰਾਂ ਦੀ ਸਮੇਂ ਸਿਰ
ਨਵਾਂਸ਼ਹਿਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬੰਗਾ, ਬਲਾਚੌਰ ਅਤੇ ਆਨੰਦਪੁਰ ਸਾਹਿਬ ਹਲਕਿਆਂ ਵਿਚ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਮੁਸੀਬਤ ਵਿਚ ਫਸੇ ਲੋਕਾਂ ਦੀ ਤੁਰੰਤ ਮਦਦ ਕਰਨ ਦਾ ਸੱਦਾ ਦਿੱਤਾ ਤੇ ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਖਾਣੇ, ਚਾਰੇ ਤੇ ਮੈਡੀਕਲ ਸਹਾਇਤਾ ਦੇ ਮਾਮਲੇ ਵਿਚ ਲੋਕਾਂ ਦੀ ਲੋੜ ਪੂਰੀ ਕਰਨ ਵਾਸਤੇ ਆਪਣੇ ਯਤਨ ਦੁੱਗਣੇ ਕਰ ਦੇਣ।
ਅਕਾਲੀ ਦਲ ਦੇ ਪ੍ਰਧਾਨ, ਜੋ ਟਰੈਕਟਰ ਚਲਾ ਕੇ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਪਿੰਡਾਂ ਦੇ ਨਾਲ ਨਾਲ ਹੋਰ ਹਲਕਿਆਂ ਵਿਚ ਪਹੁੰਚੇ, ਨੇ ਕਿਹਾ ਕਿ ਕਿਸਾਨਾਂ ਦੇ ਹੋਏ ਨੁਕਸਾਨ ਦਾ ਅੰਦਾਜ਼ਾ ਹੀ ਨਹੀਂ ਲਗਾਇਆ ਜਾ ਸਕਦਾ। ਉਹਨਾਂ ਕਿਹਾ ਕਿ ਹਜ਼ਾਰਾਂ ਏਕੜ ਵਿਚ ਖੜ੍ਹੀ ਝੋਨੇ ਦੀ ਫਸਲ ਤਬਾਹ ਹੋ ਗਈ ਹੈ ਤੇ ਕਿਸਾਨ ਆਪਣੇ ਧੁੰਦਲੇ ਭਵਿੱਖ ਵੱਲ ਵੇਖ ਰਹੇ ਹਨ ਕਿਉਂਕਿ ਹੁਣ ਦੁਬਾਰਾ ਝੋਨਾ ਲਾਉਣ ਵਾਸਤੇ ਸਮਾਂ ਹੀ ਨਹੀਂ ਰਿਹਾ। ਉਹਨਾਂ ਕਿਹਾ ਕਿ ਇਸੇ ਤਰੀਕੇ ਅੰਸ਼ਕ ਕਿਸਾਨ ਜੋ ਸਬਜ਼ੀਆਂ ਉਗਾਉਂਦੇ ਹਨ, ਉਹ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਕਿਉਂਕਿ ਉਹਨਾਂ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ।
ਸੁਖਬੀਰ ਸਿੰਘ ਬਾਦਲ ਨੇ ਇਹਨਾਂ ਹਲਕਿਆਂ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ। ਉਹਨਾਂ ਬੰਗਾ ਹਲਕੇ ਦੇ ਪਿੰਡ ਚੇਟਾ ਵਿਚ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਇਲਾਕੇ ਦੀਆਂ ਨਹਿਰਾਂ ਦੀ ਸਮੇਂ ਸਿਰ ਸਫਾਈ ਨਾ ਕਰਵਾਉਣ ਕਾਰਨ ਮੌਜੂਦਾ ਹਾਲਾਤ ਬਣੇ ਹਨ। ਉਹਨਾਂ ਦੱਸਿਆ ਕਿ ਕਿਵੇਂ ਡਰੇਨਾਂ ਦੀ ਸਫਾਈ ਨਹੀਂ ਕੀਤੀ ਗਈ ਤੇ ਇਹਨਾਂ ਦੇ ਬੰਨ ਮਜ਼ਬੂਤ ਨਹੀਂ ਕੀਤੇ ਗਏ। ਇਹ ਸ਼ਿਕਾਇਤ ਹੋਰ ਇਲਾਕਿਆਂ ਵਿਚ ਵੀ ਸਾਹਮਣੇ ਆਈ ਜਿਸ ਤੋਂ ਸਪਸ਼ਟ ਹੈ ਕਿ ਸਰਕਾਰ ਭਾਰੀ ਬਰਸਾਤਾਂ ਕਾਰਨ ਹੜ੍ਹਾਂ ਦੇ ਸੰਭਾਵੀ ਖ਼ਤਰੇ ਨੂੰ ਦੂਰ ਕਰਨ ਵਾਸਤੇ ਕੰਮ ਕਰਨ ਵਿਚ ਨਾਕਾਮ ਰਹੀ ਹੈ।
ਬਾਦਲ ਨੇ ਕਿਹਾ ਕਿ ਕਿਸਾਨਾਂ ਨੇ ਉਹਨਾਂ ਕੋਲ ਪਹੁੰਚ ਕੀਤੀ ਹੈ ਤੇ ਮੰਗ ਕੀਤੀ ਕਿ ਜਿਹੜੇ ਕਰਜ਼ੇ ਉਹਨਾਂ ਨੇ ਝੋਨੇ ਦੀ ਫਸਲ ਵਾਸਤੇ ਲਏ ਸਨ, ਉਹ ਹਾਲੇ ਮੁੜ ਨਾ ਵਸੂਲੇ ਜਾਣ ਅਤੇ ਉਹਨਾਂ ’ਤੇ ਵਿਆਜ਼ ਵੀ ਮੁਆਫ ਕੀਤਾ ਜਾਵੇ। ਉਹਨਾਂ ਕਿਹਾ ਕਿ ਇਹ ਵਾਜਬ ਮੰਗ ਹੈ ਤੇ ਇਹ ਤੁਰੰਤ ਪ੍ਰਵਾਨ ਹੋਣੀ ਚਾਹੀਦੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਸਰਕਾਰ ਵੱਲ ਵੇਖ ਰਹੇ ਹਨ ਕਿ ਉਹ ਅਰਥਵਿਹੂਣੇ ਬਿਆਨ ਦੇਣ ਦੀ ਥਾਂ ਤੁਰੰਤ ਰਾਹਤ ਪ੍ਰਦਾਨ ਕਰਨ ਵਾਸਤੇ ਕੰਮ ਕਰੇ। ਉਹਨਾਂ ਕਿਹਾ ਕਿ ਜਿਹਨਾਂ ਦੇ ਘਰ ਢਹਿ ਢੇਰੀ ਹੋ ਗਏ ਹਨ, ਉਹਨਾਂ ਨੂੰ 5-5 ਲੱਖ ਰੁਪਏ ਅਤੇ ਕਿਸਾਨਾਂ ਨੂੰ ਹੋਏ ਨੁਕਸਾਨ ਲਈ 25-25 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ।