(Source: Poll of Polls)
Sunny Deol: ਅਦਾਕਾਰ ਸੰਨੀ ਦਿਓਲ ਤੇ ਰਣਦੀਪ ਹੁੱਡਾ ਖਿਲਾਫ ਪੰਜਾਬ 'ਚ ਕੇਸ ਦਰਜ
ਬਾਲੀਵੁੱਡ ਅਦਾਕਾਰ ਸੰਨੀ ਦਿਓਲ ਤੇ ਰਣਦੀਪ ਹੁੱਡਾ ਵਿਰੁੱਧ ਪੰਜਾਬ ਦੇ ਜਲੰਧਰ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਨਾਲ ਤਿੰਨ ਹੋਰ ਲੋਕ ਵੀ ਸ਼ਾਮਲ ਹਨ। ਈਸਾਈ ਭਾਈਚਾਰੇ ਦਾ ਇਲਜ਼ਾਮ ਹੈ

FIR Against Sunny Deol: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਤੇ ਰਣਦੀਪ ਹੁੱਡਾ ਵਿਰੁੱਧ ਪੰਜਾਬ ਦੇ ਜਲੰਧਰ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਨਾਲ ਤਿੰਨ ਹੋਰ ਲੋਕ ਵੀ ਸ਼ਾਮਲ ਹਨ। ਈਸਾਈ ਭਾਈਚਾਰੇ ਦਾ ਇਲਜ਼ਾਮ ਹੈ ਕਿ ਫਿਲਮ 'ਜਾਟ' ਦੇ ਇੱਕ ਦ੍ਰਿਸ਼ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਨੇ ਇਸ ਦਾ ਵਿਰੋਧ ਜਲੰਧਰ ਵਿੱਚ ਵੀ ਕੀਤਾ। ਉਨ੍ਹਾਂ ਨੇ ਫਿਲਮ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ।
ਈਸਾਈ ਭਾਈਚਾਰੇ (Christian community) ਵੱਲੋਂ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਜਲੰਧਰ ਦੇ ਸਦਰ ਪੁਲਿਸ ਸਟੇਸ਼ਨ ਵਿੱਚ ਸੰਨੀ ਦਿਓਲ, ਰਣਦੀਪ ਹੁੱਡਾ, ਵਿਨੀਤ ਕੁਮਾਰ, ਨਿਰਦੇਸ਼ਕ ਗੋਪੀ ਚੰਦ ਤੇ ਨਿਰਮਾਤਾ ਨਵੀਨ ਮਾਲੀਨੇਨੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਫਿਲਮ 'ਜਾਟ' 10 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਰਣਦੀਪ ਹੁੱਡਾ ਹਰਿਆਣਾ ਦੇ ਰੋਹਤਕ ਦਾ ਰਹਿਣ ਵਾਲਾ ਹੈ। ਕੁਝ ਦਿਨ ਪਹਿਲਾਂ ਉਹ ਫਿਲਮ ਦੇ ਪ੍ਰਮੋਸ਼ਨ ਲਈ ਰੋਹਤਕ ਪਹੁੰਚੇ ਸਨ।
ਹਾਸਲ ਜਾਣਕਾਰੀ ਮੁਤਾਬਕ ਇਸਾਈ ਭਾਈਚਾਰੇ ਦੇ ਆਗੂ ਵਿਕਾਸ ਗੋਲਡੀ ਨੇ 15 ਅਪ੍ਰੈਲ ਨੂੰ ਜਲੰਧਰ ਕਮਿਸ਼ਨਰੇਟ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਕਿਹਾ ਸੀ ਕਿ ਫਿਲਮ 'ਜਾਟ' ਕੁਝ ਦਿਨ ਪਹਿਲਾਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਫਿਲਮ ਵਿੱਚ ਰਣਦੀਪ ਹੁੱਡਾ ਨੇ ਸਾਡੇ ਯਿਸੂ ਮਸੀਹ ਤੇ ਸਾਡੇ ਧਰਮ ਵਿੱਚ ਵਰਤੀਆਂ ਜਾਂਦੀਆਂ ਪਵਿੱਤਰ ਚੀਜ਼ਾਂ ਦਾ ਨਿਰਾਦਰ ਕੀਤਾ ਹੈ। ਰਣਦੀਪ ਹੁੱਡਾ ਚਰਚ ਦੇ ਅੰਦਰ ਪ੍ਰਭੂ ਯਿਸੂ ਮਸੀਹ ਵਾਂਗ ਖੜ੍ਹਾ ਸੀ ਤੇ ਸਾਡੇ ਸ਼ਬਦ ਆਮੀਨ ਦਾ ਨਿਰਾਦਰ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਫਿਲਮ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਤੁਹਾਡਾ ਪ੍ਰਭੂ ਯਿਸੂ ਮਸੀਹ ਸੌਂ ਰਿਹਾ ਹੈ ਤੇ ਉਸ ਨੇ ਮੈਨੂੰ ਭੇਜਿਆ ਹੈ। ਅਜਿਹੀ ਸਥਿਤੀ ਵਿੱਚ ਜੋ ਲੋਕ ਯਿਸੂ ਮਸੀਹ ਦੇ ਵਿਰੁੱਧ ਹਨ, ਉਹ ਅਜਿਹੀਆਂ ਫਿਲਮਾਂ ਦੇਖਣ ਤੋਂ ਬਾਅਦ ਸਾਡੇ ਚਰਚਾਂ 'ਤੇ ਹਮਲਾ ਕਰਨਗੇ। ਇਸ ਨੂੰ ਦੇਖ ਕੇ ਦੇਸ਼-ਵਿਦੇਸ਼ ਵਿੱਚ ਰਹਿੰਦੇ ਈਸਾਈ ਭਾਈਚਾਰੇ ਵਿੱਚ ਗੁੱਸਾ ਹੈ। ਈਸਾਈ ਭਾਈਚਾਰੇ ਦੇ ਆਗੂਆਂ ਨੇ ਪੁਲਿਸ ਅਧਿਕਾਰੀਆਂ ਨੂੰ ਐਫਆਈਆਰ ਦਰਜ ਕਰਨ ਲਈ 2 ਦਿਨਾਂ ਦਾ ਸਮਾਂ ਦਿੱਤਾ ਸੀ। ਉਨ੍ਹਾਂ ਨੇ ਕੇਸ ਦਰਜ ਨਾ ਹੋਣ 'ਤੇ ਵੱਡੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ।
ਹੁਣ 2 ਦਿਨਾਂ ਦੇ ਅੰਦਰ, ਪੁਲਿਸ ਨੇ ਵੀਰਵਾਰ ਨੂੰ ਐਫਆਈਆਰ ਦਰਜ ਕਰ ਲਈ। ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸੰਯੁਕਤ ਕਮਿਸ਼ਨਰ ਸੰਦੀਪ ਸ਼ਰਮਾ ਨੇ ਕਿਹਾ ਕਿ ਜਲਦੀ ਹੀ ਮਾਮਲੇ ਵਿੱਚ ਨਾਮਜ਼ਦ ਸਾਰੇ ਕਲਾਕਾਰਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਜਾਵੇਗਾ। ਇਸ ਸਬੰਧੀ ਪਹਿਲਾਂ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ।






















