jalandhar News: ਅਮਰੀਕਾ ’ਚ ਗੁਆਚਿਆ ਬਟੂਆ ਅੱਠ ਮਹੀਨਿਆਂ ਮਗਰੋਂ ਪੰਜਾਬ 'ਚ ਮਿਲਿਆ...
ਬਟਾਲਾ ਦੇ ਇੱਕ ਡਾਕਟਰ ਦਾ ਅਮਰੀਕਾ ’ਚ ਗੁਆਚਿਆ ਬਟੂਆ ਅੱਠ ਮਹੀਨਿਆਂ ਮਗਰੋਂ ਵਾਪਸ ਮਿਲ ਗਿਆ ਹੈ। ਡਾ. ਸਤਨਾਮ ਸਿੰਘ ਨਿੱਝਰ ਕਰੀਬ 8 ਮਹੀਨੇ ਪਹਿਲਾਂ ਅਮਰੀਕਾ ਗਏ ਸਨ ਜਿੱਥੇ ਉਨ੍ਹਾਂ ਦਾ ਬਟੂਆ ਗੁੰਮ ਹੋ ਗਿਆ ਸੀ
Jalandhar News: ਅੱਜ ਦੇ ਜਮਾਨੇ ਵਿੱਚ ਕੋਈ ਚੀਜ਼ ਗਵਾਚ ਜਾਏ ਤਾਂ ਅਸੀਂ ਲੱਭਣ ਦੀ ਉਮੀਦ ਨਹੀਂ ਰੱਖਦੇ। ਬਹੁਤ ਲੋਕ ਪੁਲਿਸ ਕੋਲ ਸ਼ਿਕਾਇਤ ਵੀ ਨਹੀਂ ਕਰਵਾਉਂਦੇ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਕੁਝ ਵੀ ਨਹੀਂ ਹੋਏਗਾ। ਉਂਝ ਕਈ ਵਾਰ ਅਜਿਹਾ ਵੀ ਵਾਪਰ ਜਾਂਦਾ ਹੈ ਜਿਸ ਬਾਰੇ ਕਦੇ ਕਿਸੇ ਨੇ ਸੋਚਿਆ ਹੀ ਨਾ ਹੋਵੇ। ਅਜਿਹਾ ਹੀ ਕਿੱਸਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਨ।
ਦਰਅਸਲ ਬਟਾਲਾ ਦੇ ਇੱਕ ਡਾਕਟਰ ਦਾ ਅਮਰੀਕਾ ’ਚ ਗੁਆਚਿਆ ਬਟੂਆ ਅੱਠ ਮਹੀਨਿਆਂ ਮਗਰੋਂ ਵਾਪਸ ਮਿਲ ਗਿਆ ਹੈ। ਡਾ. ਸਤਨਾਮ ਸਿੰਘ ਨਿੱਝਰ ਕਰੀਬ 8 ਮਹੀਨੇ ਪਹਿਲਾਂ ਅਮਰੀਕਾ ਗਏ ਸਨ ਜਿੱਥੇ ਉਨ੍ਹਾਂ ਦਾ ਬਟੂਆ ਗੁੰਮ ਹੋ ਗਿਆ ਸੀ। ਅਚਾਨਕ ਵਿਅਕਤੀ ਉਨ੍ਹਾਂ ਦੀ ਬਟਾਲਾ ਸਥਿਤ ਰਿਹਾਇਸ਼ ’ਤੇ ਬਟੂਆ ਦੇਣ ਲਈ ਪਹੁੰਚ ਗਿਆ ਜਿਸ ਵਿੱਚ 40 ਹਜ਼ਾਰ ਰੁਪਏ ਤੇ ਕਈ ਅਹਿਮ ਦਸਤਾਵੇਜ਼ ਸਨ। ਸਾਰਾ ਕੁਝ ਡਾ. ਨਿੱਝਰ ਨੂੰ ਉਸੇ ਤਰ੍ਹਾਂ ਮਿਲ ਗਿਆ ਹੈ।
ਦੱਸ ਦਈਏ ਕਿ ਫਰਵਰੀ ’ਚ ਡਾ. ਸਤਨਾਮ ਆਪਣੀ ਬੇਟੀ ਕੋਲ ਲਾਸ ਏਂਜਲਸ ਗਏ ਸਨ ਤੇ ਸਵੇਰ ਦੀ ਸੈਰ ਦੌਰਾਨ ਬਟੂਆ ਗੁਆ ਬੈਠੇ। ਉਨ੍ਹਾਂ ਦੇ ਪਰਿਵਾਰ ਨੇ ਪੂਰਾ ਇਲਾਕਾ ਛਾਣਿਆ ਪਰ ਬਟੂਆ ਨਹੀਂ ਮਿਲ ਸਕਿਆ। ਮਗਰੋਂ ਡਾ. ਨਿੱਝਰ ਵਾਪਸ ਭਾਰਤ ਆ ਗਏ ਤੇ ਉਨ੍ਹਾਂ ਨਵੇਂ ਦਸਤਾਵੇਜ਼ ਬਣਾ ਲਏ। ਹਾਲਾਂਕਿ ਦਸਤਾਵੇਜ਼ ਗੁਆਚਣ ਤੇ ਉਨ੍ਹਾਂ ਨੂੰ ਮੁੜ ਤਿਆਰ ਕਰਨ ਦੀ ਮੁਸ਼ਕਲ ਬਾਰੇ ਉਹ ਜ਼ਿਕਰ ਕਰਦੇ ਰਹੇ।
ਦਰਅਸਲ ਬਟੂਆ ਅਮਰੀਕਾ ’ਚ ਡਾ. ਨਿੱਝਰ ਦੀ ਧੀ ਦੀ ਰਿਹਾਇਸ਼ ਨੇੜੇ ਰਹਿੰਦੇ ਅਟਾਰਨੀ ਸਕੌਟ ਸੀ. ਸਮਿੱਥ ਨੂੰ ਮਿਲ ਗਿਆ ਸੀ। ਉਨ੍ਹਾਂ ਪੈਨ ਕਾਰਡ ’ਤੇ ਡਾ. ਨਿੱਝਰ ਦੀ ਫੋਟੋ ਦੇਖ ਕੇ ਇਸ ਨੂੰ ਵਰਮੌਂਟ ਦੇ ਗੁਰਦੁਆਰੇ ਦੇ ਗ੍ਰੰਥੀ ਸਰਬਜੀਤ ਸਿੰਘ ਨੂੰ ਫੜਾ ਦਿੱਤਾ। ਕਈ ਮਹੀਨੇ ਗ੍ਰੰਥੀ ਸਰਬਜੀਤ ਸਿੰਘ ਪੈਨ ਕਾਰਡ ਦੀ ਫੋਟੋ ਦਿਖਾ ਕੇ ਲੋਕਾਂ ਨੂੰ ਡਾ. ਸਤਨਾਮ ਬਾਰੇ ਪੁੱਛਦੇ ਰਹੇ ਪਰ ਕਈ ਮਹੀਨੇ ਬੀਤਣ ’ਤੇ ਵੀ ਕੁਝ ਪਤਾ ਨਹੀਂ ਲੱਗਾ।
ਇਸੇ ਹਫ਼ਤੇ ਸਰਬਜੀਤ ਸਿੰਘ ਜਦ ਆਪਣੇ ਸ਼ਹਿਰ ਜਲੰਧਰ ਆਏ ਤਾਂ ਉਨ੍ਹਾਂ ਨਿੱਝਰ ਦੀ ਰਿਹਾਇਸ਼ ਬਾਰੇ ਪਤਾ ਲਾਉਣ ਲਈ ਸਥਾਨਕ ਆਮਦਨ ਕਰ ਵਿਭਾਗ ਦੇ ਦਫ਼ਤਰ ਨਾਲ ਸੰਪਰਕ ਕੀਤਾ। ਉੱਥੋਂ ਵੇਰਵੇ ਮਿਲਣ ’ਤੇ ਉਨ੍ਹਾਂ ਆਪਣੇ ਭਰਾ ਗੁਰਪ੍ਰੀਤ ਸਿੰਘ ਨੂੰ ਡਾ. ਨਿੱਝਰ ਦਾ ਬਟੂਆ ਦੇਣ ਲਈ ਭੇਜਿਆ। ਉਨ੍ਹਾਂ ਬਟੂਆ ਡਾਕਟਰ ਨੂੰ ਸੌਂਪ ਕੇ ਫੋਟੋਆਂ ਖਿੱਚੀਆਂ ਤੇ ਸਕੌਟ ਸਮਿੱਥ ਨੂੰ ਅਮਰੀਕਾ ਭੇਜੀਆਂ।