(Source: ECI/ABP News/ABP Majha)
Jalandhar News: ਪੰਜਾਬ 'ਚ ਮੁੜ ਗੈਂਗਵਾਰ ਦਾ ਖਤਰਾ, ਸੋਨੂ ਰੁੜਕਾ ਦੇ ਕਤਲ ਮਗਰੋਂ ਬਿਸ਼ਨੋਈ ਗੈਂਗ ਦੀ ਧਮਕੀ, ਪੁਲਿਸ ਹੋਈ ਚੌਕਸ
ਪੰਜਾਬ ਵਿੱਚ ਮੁੜ ਗੈਂਗਵਾਰ ਤੇਜ਼ ਹੋਣ ਦੇ ਆਸਾਰ ਹਨ। ਜਲੰਧਰ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਬਾਊਂਸਰ ਰਵਿੰਦਰ ਕੁਮਾਰ ਉਰਫ਼ ਸੋਨੂ ਰੁੜਕਾ ਦੇ ਕਤਲ ਮਗਰੋਂ ਬਿਸ਼ਨੋਈ ਗੈਂਗ ਨੇ ਬਦਲਾ ਲੈਣ ਦੀ ਧਮਕੀ ਦਿੱਤੀ ਹੈ।
Jalandhar News: ਪੰਜਾਬ ਵਿੱਚ ਮੁੜ ਗੈਂਗਵਾਰ ਤੇਜ਼ ਹੋਣ ਦੇ ਆਸਾਰ ਹਨ। ਜਲੰਧਰ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਬਾਊਂਸਰ ਰਵਿੰਦਰ ਕੁਮਾਰ ਉਰਫ਼ ਸੋਨੂ ਰੁੜਕਾ ਦੇ ਕਤਲ ਮਗਰੋਂ ਬਿਸ਼ਨੋਈ ਗੈਂਗ ਨੇ ਬਦਲਾ ਲੈਣ ਦੀ ਧਮਕੀ ਦਿੱਤੀ ਹੈ। ਇਸ ਮਗਰੋਂ ਪੁਲਿਸ ਚੌਕਸ ਹੋ ਗਈ ਹੈ। ਪੁਲਿਸ ਕੋਈ ਵਾਰਦਾਤ ਹੋਣ ਤੋਂ ਪਹਿਲਾਂ ਹੀ ਸ਼ੱਕੀ ਗੈਂਗਸਟਰਾਂ ਉੱਪਰ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੀ ਹੈ।
ਸੂਤਰਾਂ ਮੁਤਾਬਕ ਬਾਊਂਸਰ ਸੋਨੂ ਰੁੜਕਾ ਦੀ ਹੱਤਿਆ ਮਗਰੋਂ ਬਹੁਚਰਚਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੱਕ ਫ਼ੇਸਬੁੱਕ ਅਕਾਊਂਟ ਤੋਂ ਇਸ ਕਤਲ ਦਾ ਬਦਲਾ ਲੈਣ ਦੀ ਗੱਲ ਆਖੀ ਗਈ ਹੈ। ਬੇਸ਼ੱਕ ਇਸ ਪੇਜ਼ ਦੀ ਅਸਲੀਅਤ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਪਰ ਪੁਲਿਸ ਚੌਕਸ ਹੋ ਗਈ ਹੈ। ਇਸ ਅਕਾਊਂਟ ’ਤੇ ਲਾਰੈਂਸ ਬਿਸ਼ਨੋਈ ਤੇ ਸੋਨੂ ਰੁੜਕਾ ਦੀ ਤਸਵੀਰ ਨਾਲ ‘ਜਲਦੀ ਹੀ ਬਦਲਾ ਲਿਆ ਜਾਵੇਗਾ’ ਲਿਖਿਆ ਗਿਆ ਹੈ। ਸੋਨੂ ਰੁੜਕਾ ਦੇ ਆਪਣੇ ਫੇਸਬੁੱਕ ਅਕਾਊਂਟ ’ਤੇ ਵੀ ਉਸ ਦੀਆਂ ਬਿਸ਼ਨੋਈ ਨਾਲ ਪੁਰਾਣੀਆਂ ਤਸਵੀਰਾਂ ਪਈਆਂ ਹਨ ਤੇ ਉਸ ਦੀ ਪ੍ਰੋਫਾਈਲ ਤਸਵੀਰ ਵੀ ਬਿਸ਼ਨੋਈ ਨਾਲ ਹੀ ਲੱਗੀ ਹੋਈ ਹੈ।
ਦੱਸ ਦਈਏ ਕਿ ਰਾਮਾਮੰਡੀ ਥਾਣਾ ਅਧੀਨ ਪੈਂਦੇ ਸਤਨਾਮ ਨਗਰ ਵਿੱਚ ਮੰਗਲਵਾਰ ਨੂੰ ਵਾਪਰੀ ਗੋਲੀਬਾਰੀ ਦੀ ਇੱਕ ਘਟਨਾ ਦੌਰਾਨ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਬਾਊਂਸਰ ਰਵਿੰਦਰ ਕੁਮਾਰ ਉਰਫ਼ ਸੋਨੂ ਰੁੜਕਾ ਦੀ ਮੌਤ ਹੋ ਗਈ ਸੀ ਜਦਕਿ ਇੱਕ ਬਿਰਧ ਔਰਤ ਜ਼ਖ਼ਮੀ ਹੋ ਗਈ ਸੀ। ਜ਼ਖ਼ਮੀ ਔਰਤ ਦੀ ਪਛਾਣ ਕੁਲਦੀਪ ਕੌਰ ਵਜੋਂ ਹੋਈ ਹੈ, ਜਿਸ ਨੂੰ ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਗੁਰਮੀਤ ਸਿੰਘ ਔਲਖ ਵਾਸੀ ਸਤਨਾਮ ਨਗਰ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਹਾਸਲ ਜਾਣਕਾਰੀ ਅਨੁਸਾਰ ਬੀਤੀ ਰਾਤ ਰਵਿੰਦਰ ਕੁਮਾਰ ਉਰਫ ਸੋਨੂ ਰੁੜਕਾ ਆਪਣੇ ਦੋਸਤ ਬਾਊਂਸਰ ਕੰਪਨੀ ਚਲਾਉਣ ਵਾਲੇ ਬਲਜਿੰਦਰ ਸਿੰਘ ਵਾਸੀ ਸਤਨਾਮ ਨਗਰ ਨੂੰ ਮਿਲਣ ਲਈ ਆਇਆ ਸੀ। ਰਾਤ ਵੇਲੇ ਜਦੋਂ ਸੋਨੂ ਰੁੜਕਾ, ਬਲਜਿੰਦਰ ਸਿੰਘ ਤੇ ਉਸ ਦੀ ਮਾਤਾ ਸੜਕ ’ਤੇ ਖੜ੍ਹੇ ਸਨ ਤਾਂ ਗੁਰਮੀਤ ਸਿੰਘ ਔਲਖ ਦਾ ਮੋਟਰਸਾਈਕਲ ਬਲਜਿੰਦਰ ਦੀ ਕਾਰ ਨਾਲ ਟਕਰਾ ਗਿਆ। ਚਸ਼ਮਦੀਦਾਂ ਅਨੁਸਾਰ ਗੁਰਮੀਤ ਔਲਖ ਕਥਿਤ ਨਸ਼ੇ ਦੀ ਹਾਲਤ ਵਿੱਚ ਸੀ।
ਇਸ ਗੱਲ ’ਤੇ ਗੁਰਮੀਤ ਤੇ ਬਲਜਿੰਦਰ ਦਾ ਝਗੜਾ ਹੋ ਗਿਆ। ਥੋੜ੍ਹੀ ਦੇਰ ਬਾਅਦ ਜਦੋਂ ਗੁਰਮੀਤ ਵਾਪਸ ਆਇਆ ਤਾਂ ਉਸ ਦੇ ਹੱਥ ਵਿੱਚ ਰਿਵਾਲਵਰ ਸੀ, ਜਿਸ ਨਾਲ ਉਸ ਨੇ ਪਹਿਲੀ ਗੋਲੀ ਸੋਨੂ ਰੁੜਕਾ ਦੇ ਮਾਰੀ, ਦੂਜੀ ਬਲਜਿੰਦਰ ਵੱਲ ਚਲਾਈ, ਪਰ ਉਹ ਬਚ ਗਿਆ। ਇਸ ਦੌਰਾਨ ਇੱਕ ਗੋਲੀ ਬਲਜਿੰਦਰ ਦੀ ਮਾਤਾ ਕੁਲਦੀਪ ਕੌਰ ਦੇ ਪੈਰ ਵਿੱਚ ਲੱਗੀ। ਦੋਵਾਂ ਨੂੰ ਤੁਰੰਤ ਇੱਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਸੋਨੂ ਰੁੜਕਾ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਖ਼ਮੀ ਕੁਲਦੀਪ ਕੌਰ ਜ਼ੇਰੇ ਇਲਾਜ ਹੈ।
ਉਧਰ, ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਸੋਨੂ ਰੁੜਕਾ ਦੀਆਂ ਤਸਵੀਰਾਂ ਬਿਸ਼ਨੋਈ ਨਾਲ ਮਿਲੀਆਂ ਹਨ, ਪਰ ਹਾਲੇ ਸੋਨੂ ਰੁੜਕਾ ਦਾ ਕਿਸੇ ਅਪਰਾਧਕ ਗਤੀਵਿਧੀ ਵਿੱਚ ਸ਼ਾਮਲ ਹੋਣ ਸਬੰਧੀ ਕੋਈ ਸੁਰਾਗ ਨਹੀਂ ਮਿਲਿਆ। ਇਸ ਮਾਮਲੇ ਵਿੱਚ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਗੁਰਮੀਤ ਸਿੰਘ ਔਲਖ ਸੋਨੂ ਰੁੜਕਾ ਕਲਾਂ ਨੂੰ ਗੋਲੀ ਮਾਰਦਾ ਦਿਖਾਈ ਦੇ ਰਿਹਾ ਹੈ।