ਜਲੰਧਰ-ਲੁਧਿਆਣਾ ਹਾਈਵੇਅ ‘ਤੇ ਦੋ ਵਾਹਨ ਟਕਰਾਏ, ਭਿਆਨਕ ਧਮਾਕਾ, ਇੱਕ ਦੀ ਮੌਤ
ਜਲੰਧਰ-ਲੁਧਿਆਣਾ ਹਾਈਵੇ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਈਵੇ ‘ਤੇ ਇਸਟਵੁੱਡ ਦੇ ਨੇੜੇ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਦੋ ਵਾਹਨਾਂ ਦੀ ਆਹਮਣੇ-ਸਾਹਮਣੇ ਟੱਕਰ ਹੋਣ ਤੋਂ ਬਾਅਦ ਦੋਵੇਂ..

ਜਲੰਧਰ-ਲੁਧਿਆਣਾ ਹਾਈਵੇ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਈਵੇ ‘ਤੇ ਇਸਟਵੁੱਡ ਦੇ ਨੇੜੇ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਦੋ ਵਾਹਨਾਂ ਦੀ ਆਹਮਣੇ-ਸਾਹਮਣੇ ਟੱਕਰ ਹੋਣ ਤੋਂ ਬਾਅਦ ਦੋਵੇਂ ‘ਚ ਜ਼ਬਰਦਸਤ ਧਮਾਕਾ ਹੋ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਕੁਝ ਹੀ ਪਲਾਂ ਵਿੱਚ ਵਾਹਨਾਂ ਨੂੰ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਦੋਵੇਂ ਗੱਡੀਆਂ ‘ਚ ਬਲਾਸਟ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਕ ਫਗਵਾੜਾ ਵਿੱਚ ਦੇਰ ਰਾਤ ਨੈਸ਼ਨਲ ਹਾਈਵੇ ਨੰਬਰ 1 ‘ਤੇ ਪਿੰਡ ਚਹੇਡੂ ਦੇ ਨੇੜੇ ਹੜਕੰਪ ਮਚ ਗਿਆ, ਜਦੋਂ ਕੁਝ ਹੀ ਪਲਾਂ ਵਿੱਚ ਜ਼ਬਰਦਸਤ ਧਮਾਕੇ ਨਾਲ ਵਾਹਨਾਂ ਦੀ ਲੜੀਵਾਰ ਟੱਕਰ ਹੋਈ ਅਤੇ ਦੋ ਗੱਡੀਆਂ ਨੂੰ ਭਿਆਨਕ ਅੱਗ ਲੱਗ ਗਈ। ਘਟਨਾ ਸਥਾਨ ‘ਤੇ ਮੌਜੂਦ ਲੋਕਾਂ ਦੇ ਅਨੁਸਾਰ ਅੱਗ ਦੀ ਚਪੇਟ ਵਿੱਚ ਆਉਣ ਨਾਲ ਹਾਈਵੇ ‘ਤੇ ਖੜ੍ਹਾ ਇੱਕ ਟਰੱਕ ਵੀ ਨੁਕਸਾਨਿਆ ਗਿਆ। ਇਸ ਦੌਰਾਨ ਹਾਈਵੇ ‘ਤੇ ਜਾ ਰਹੀ ਮੋਟਰਸਾਈਕਲ, ਜਿਸ ‘ਤੇ ਦੋ ਨੌਜਵਾਨ ਸਵਾਰ ਸਨ, ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਕੇਰਲ ਦਾ ਰਹਿਣ ਵਾਲਾ ਅਸਮੀਰ ਰਾਊਫ਼ ਵਜੋਂ ਹੋਈ ਹੈ।
ਪੁਲਿਸ ਨੇ ਮ੍ਰਿਤਕ ਵਿਦਿਆਰਥੀ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੋਰਚਰੀ ਘਰ 'ਚ ਭੇਜ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਫਗਵਾੜਾ-ਜਲੰਧਰ ਹਾਈਵੇ ਨੰਬਰ 1 ‘ਤੇ ਸਥਿਤ ਇੱਕ ਪ੍ਰਾਈਵੇਟ ਯੂਨੀਵਰਸਿਟੀ ਵਿੱਚ ਏਅਰਪੋਰਟ ਮੈਨੇਜਮੈਂਟ ਦੀ ਪੜ੍ਹਾਈ ਕਰ ਰਿਹਾ ਸੀ। ਜਦਕਿ ਉਸ ਦਾ ਸਾਥੀ, ਜਿਸ ਦੀ ਪਹਿਚਾਣ ਵਿਨਾਇਕ ਕੇ ਸੁਰੇਸ਼ ਵਜੋਂ ਹੋਈ ਹੈ, ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਉਸ ਦੀ ਟੰਗ ਦੀ ਹੱਡੀ ਟੁੱਟ ਗਈ ਹੈ ਅਤੇ ਸਰਕਾਰੀ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ।
ਘਟਨਾ ਸਥਾਨ ‘ਤੇ ਮੌਜੂਦ ਪੁਲਿਸ ਥਾਣਾ ਸਤਨਾਮਪੁਰਾ ਦੇ ਐਸ.ਐਚ.ਓ. ਹਰਦੀਪ ਸਿੰਘ ਨੇ ਦੱਸਿਆ ਕਿ ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਵੇਲੇ ਫਗਵਾੜਾ ਤੋਂ ਜਲੰਧਰ ਵੱਲ ਜਾਣ ਵਾਲਾ ਟ੍ਰੈਫ਼ਿਕ ਬਹੁਤ ਹੌਲੀ ਗਤੀ ਨਾਲ ਚੱਲ ਰਿਹਾ ਸੀ, ਕਿਉਂਕਿ ਅੱਗੇ ਇੱਕ ਵਾਹਨ ਹਾਦਸਾਗ੍ਰਸਤ ਹੋਣ ਕਰਕੇ ਪੁਲਿਸ ਰਾਹਤ ਕੰਮ ਵਿੱਚ ਲੱਗੀ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਨੈਸ਼ਨਲ ਹਾਈਵੇ ਨੰਬਰ 1 ‘ਤੇ ਅਚਾਨਕ ਕਈ ਵਾਹਨਾਂ ਦੀ ਲੜੀਵਾਰ ਟੱਕਰ ਹੋ ਗਈ। ਵਾਹਨਾਂ ‘ਚ ਅੱਗ ਕਿਵੇਂ ਲੱਗੀ, ਇਸ ਦੀ ਪੁਲਿਸ ਵਲੋਂ ਬਾਰਿਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਮੁਤਾਬਕ ਇਹ ਮਾਮਲਾ ਵਾਹਨਾਂ ਦੀ ਲੜੀਵਾਰ ਟੱਕਰ ਤੋਂ ਬਾਅਦ ਅੱਗ ਲੱਗਣ ਅਤੇ ਉਸ ਕਾਰਨ ਹੋਈ ਦੁਰਘਟਨਾ ਦਾ ਲੱਗਦਾ ਹੈ।
ਇਸੇ ਦੌਰਾਨ, ਘਟਨਾ ਦੀ ਸੂਚਨਾ ਮਿਲਦੇ ਹੀ ਅੱਗ ਬੁਝਾਉਂ ਵਿਭਾਗ ਦੇ ਫਾਇਰ ਟੈਂਡਰ ਮੌਕੇ ‘ਤੇ ਪਹੁੰਚ ਗਏ ਅਤੇ ਨੈਸ਼ਨਲ ਹਾਈਵੇ ਨੰਬਰ 1 ‘ਤੇ ਲੱਗੀ ਭਿਆਨਕ ਅੱਗ ਨੂੰ ਕਾਬੂ ਕਰਨ ਲਈ ਦੇਰ ਰਾਤ ਤੱਕ ਜੁਟੇ ਰਹੇ।






















