ਲੁਧਿਆਣਾ ਸ਼ਹਿਰ ਦੇ ਵਿਕਾਸ ਕਾਰਜਾਂ ਲਈ 15 ਕਰੋੜ ਰੁਪਏ ਖਰਚੇ ਜਾਣਗੇ, ਟੈਂਡਰ ਪ੍ਰਕਿਰਿਆ ਸ਼ੁਰੂ: ਡਾ. ਨਿੱਜਰ
ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਲੁਧਿਆਣਾ ਦੇ ਸੁੰਦਰੀਕਰਨ ਦਾ ਫੈਸਲਾ ਕੀਤਾ ਹੈ, ਜਿਸ ਤਹਿਤ ਵੱਖ-ਵੱਖ ਵਿਕਾਸ ਕਾਰਜਾਂ ਲਈ ਲਗਭਗ 15 ਕਰੋੜ ਰੁਪਏ ਖਰਚੇ ਜਾਣਗੇ।
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਚੁੱਕਦੇ ਹੋਏ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਲੁਧਿਆਣਾ ਦੇ ਸੁੰਦਰੀਕਰਨ ਦਾ ਫੈਸਲਾ ਕੀਤਾ ਹੈ, ਜਿਸ ਤਹਿਤ ਵੱਖ-ਵੱਖ ਵਿਕਾਸ ਕਾਰਜਾਂ ਲਈ ਲਗਭਗ 15 ਕਰੋੜ ਰੁਪਏ ਖਰਚੇ ਜਾਣਗੇ।
ਇਹ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਮੰਤਰੀ ਨੇ ਦੱਸਿਆ ਕਿ ਢਾਂਡਰੀ ਪੁਲ ਦਾ ਪੁਨਰ ਨਿਰਮਾਣ ਬਿਟੂਮਿਨਸ ਕੰਕਰੀਟ ਨਾਲ ਮਸਤਕੀ ਅਸਫਾਲਟ ਅਤੇ ਰੈਡੀ ਮਿਕਸਡ ਕੰਕਰੀਟ ਦੀ ਵਰਤੋਂ ਨਾਲ ਕੀਤਾ ਜਾਵੇਗਾ, ਪੁੱਡਾ ਰੋਡ ’ਤੇ ਵਾਰਡ ਨੰਬਰ 16-17 ਵਿਖੇ ਚੰਡੀਗੜ੍ਹ ਰੋਡ ਤੋਂ ਤਾਜਪੁਰ ਰੋਡ ਤੱਕ ਸੜਕ ਦੀ ਪੁਨਰ-ਨਿਰਮਾਣ ਕੀਤਾ ਜਾਵੇਗੀ। ਇਸ ਤੋਂ ਇਲਾਵਾ ਚਾਂਦ ਨਾਗਰ ਪੁਲੀ ਤੋਂ ਰੇਲਵੇ ਲਾਈਨ ਕੁੰਦਨ ਪੁਰੀ ਲੁਧਿਆਣਾ ਤੱਕ ਬੁੱਢੇ ਨਾਲੇ ਦੇ ਨਾਲ-ਨਾਲ ਸੜਕ ਦਾ ਵੀ ਪੁਨਰ ਨਿਰਮਾਣ ਕੀਤਾਜਾਵੇਗਾ।
ਡਾ. ਨਿੱਜਰ ਨੇ ਅੱਗੇ ਦੱਸਿਆ ਕਿ ਲੁਧਿਆਣਾ ਵਿੱਖੇ ਗਰੀਨ ਬੈਲਟ ਦਾ ਵਿਕਾਸ ਪੈਟਰੋਲ ਪੰਪ ਤੋਂ ਜਲੰਧਰ ਬਾਈਪਾਸ ਆਰ.ਐੱਚ.ਐੱਸ ਵਿੰਗ ਤੱਕ , ਅਮਨ ਸਵੀਟ ਤੋਂ ਜਲੰਧਰ ਬਾਈਪਾਸ ਐੱਲ.ਐੱਚ.ਐੱਸ. ਵਿੰਗ ਤੱਕ ਅਤੇ ਵਾਕ ਵੇਅ ਦਾ ਨਿਰਮਾਣ ਦੇ ਨਾਲ ਨਾਲ ਬੁੱਢਾ ਨਾਲਾ ਸਮੇਤ ਸ਼ਿਵ ਪੁਰੀ ਤੋਂ ਰੇਲਵੇ ਲਾਈਨ ਕਰਾਸਿੰਗ ਕੁੰਦਨ ਪੁਰੀ ਤੱਕ ਦੋਵੇਂ ਪਾਸੇ ਗਰੀਨ ਬੈਲਟ ਦੇ ਵਿਕਾਸ ਕਾਰਜ ਕੀਤੇ ਜਾਣਗੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸੇ ਤਰ੍ਹਾਂ ਲੁਧਿਆਣਾ ਦੇ ਵੱਖ-ਵੱਖ ਪਾਰਕਾਂ ਦੇ ਵਿਕਾਸ, ਪਾਰਕਾਂ ਦੀ ਚਾਰ ਦੀਵਾਰੀ ਅਤੇ ਹੋਰ ਮੁਰੰਮਤ ਦੇ ਕੰਮ ਵੀ ਕੀਤੇ ਜਾਣਗੇ ਤਾਂ ਜੋ ਲੋਕਾਂ ਨੂੰ ਵਧੀਆ ਸਹੂਲਤਾਂ ਅਤੇ ਸੈਰ ਕਰਨ ਲਈ ਸਾਫ ਸੁਥਰਾ ਵਾਤਾਵਰਣ ਮਿਲ ਸਕੇ।
ਮੰਤਰੀ ਨੇ ਅੱਗੇ ਦੱਸਿਆ ਕਿ ਲੁਧਿਆਣਾ ਵਿੱਚ ਇਨ੍ਹਾਂ ਕੰਮਾਂ ਲਈ ਟੈਂਡਰ ਵਿਭਾਗ ਵੱਲੋਂ 8 ਅਤੇ 9 ਨਵੰਬਰ 2022 ਨੂੰ ਵਿਭਾਗ ਦੀ ਵੈੱਬਸਾਈਟ eproc.gov.in ’ਤੇ ਅੱਪਲੋਡ ਕਰ ਦਿੱਤੇ ਗਏ ਹਨ। ਟੈਂਡਰ ਬਿੱਡਜ ਮਿਤੀ 18 ਅਤੇ 25 ਨਵੰਬਰ 2022 ਨੂੰ ਸਵੇਰੇ 11.00 ਵਜੇ ਖੋਲ੍ਹੀਆਂ ਜਾਣਗੀਆਂ।
ਕੈਬਨਿਟ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕੰਮ ਵਿੱਚ ਪਾਰਦਰਸ਼ਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣ ਦਾ ਸੁਪਨਾ ਸਾਕਾਰ ਕੀਤਾ ਜਾ ਸਕੇ।