Road Accident: ਮੋਗਾ ਨੇੜੇ ਟਾਹਲੀ 'ਚ ਮੋਟਰਸਾਇਕਲ ਵੱਜਣ ਨਾਲ ਚਾਚੇ-ਤਾਏ ਦੇ ਪੁੱਤਾਂ ਦੀ ਮੌਤ
ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀਆਂ।
Punjab News: ਮੋਗਾ ਦੇ ਪਿੰਡ ਚੀਮਾ ਨੇੜੇ ਬੀਤੀ ਦੇਰ ਰਾਤ ਮੋਟਰਸਾਈਕਲ ਟਾਹਲੀ ਵਿੱਚ ਵੱਜਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ। ਦੋਵੇਂ ਨੌਜਵਾਨ ਮੋਗਾ ਦੇ ਪਿੰਡ ਚੀਮਾ ਦੇ ਰਹਿਣ ਵਾਲੇ ਸਨ।
ਜਾਣਕਾਰੀ ਮੁਤਾਬਕ, ਗੁਰਭਿੰਦਰ ਸਿੰਘ ਤੇ ਰਾਜਵਿੰਦਰ ਸਿੰਘ ਘਰ ਤੋਂ ਕੰਮ ਲਈ ਮੋਟਰਸਾਈਕਲ 'ਤੇ ਪਿੰਡ ਕਮਾਲਕੇ ਗਏ ਸਨ ਅਤੇ ਰਾਤ ਨੂੰ ਘਰ ਪਰਤ ਰਹੇ ਸਨ ਤਾਂ ਉਨ੍ਹਾਂ ਦਾ ਮੋਟਰਸਾਈਕਲ ਟਾਹਲੀ ਨਾਲ ਟਕਰਾਅ ਗਿਆ ਜਿਸ ਕਰਕੇ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੋਵੇਂ ਮ੍ਰਿਤਕ ਪਿੰਡ ਚੀਮਾ ਦੇ ਵਸਨੀਕ ਹਨ।
ਮ੍ਰਿਤਕ ਰਾਜਵਿੰਦਰ ਸਿੰਘ ਦੀ ਉਮਰ 30 ਸਾਲ ਹੈ ਤੇ ਉਹ 3 ਧੀਆਂ ਅਤੇ ਇੱਕ ਪੁੱਤਰ ਦਾ ਪਿਓ ਸੀ। ਮੰਗਲਵਾਰ ਸਵੇਰੇ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀਆਂ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਭਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਮੋਟਰਸਾਈਕਲ 'ਤੇ ਕੰਮ ਲਈ ਗਏ ਹੋਏ ਸਨ ਅਤੇ ਰਾਤ ਕਰੀਬ 9 ਵਜੇ ਉਨ੍ਹਾਂ ਨੇ ਘਰ ਫੋਨ ਕੀਤਾ ਕਿ ਦੋਵੇਂ ਘਰ ਵਾਪਸ ਆ ਰਹੇ ਹਨ। ਰਾਤ ਨੂੰ ਦੋਵੇਂ ਘਰ ਨਹੀਂ ਪਹੁੰਚੇ ਤਾਂ ਸਵੇਰੇ ਪੁਲਿਸ ਦਾ ਫ਼ੋਨ ਆਇਆ ਕਿ ਦੋਵੇਂ ਜ਼ਖ਼ਮੀ ਹਾਲਤ 'ਚ ਚੀਮਾ ਦੀ ਲਿੰਕ ਰੋਡ 'ਤੇ ਪਏ ਹਨ, ਜਿਨ੍ਹਾਂ ਨੂੰ ਚੁੱਕ ਕੇ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਦੀਆਂ 3 ਲੜਕੀਆਂ ਅਤੇ ਇੱਕ ਪੁੱਤਰ ਹੈ ਅਤੇ ਗੁਰਭਿੰਦਰ ਸਿੰਘ ਦਾ ਵਿਆਹ ਨਹੀਂ ਹੋਇਆ, ਉਸਦੀ ਉਮਰ 25 ਸਾਲ ਹੈ।
ਇਸ ਮਾਮਲੇ 'ਚ ਜਾਂਚ ਅਧਿਕਾਰੀ ਨੇ ਦੱਸਿਆ ਕਿ ਮੋਗਾ ਦੇ ਪਿੰਡ ਚੀਮਾ ਦੇ ਵਾਸੀ ਗੁਰਭਿੰਦਰ ਸਿੰਘ ਅਤੇ ਰਾਜਵਿੰਦਰ ਸਿੰਘ ਸੋਮਵਾਰ ਨੂੰ ਮੋਟਰਸਾਈਕਲ 'ਤੇ ਕੰਮ ਲਈ ਮੋਗਾ ਦੇ ਪਿੰਡ ਕਮਾਲਕੇ ਗਏ ਸਨ ਅਤੇ ਰਾਤ ਨੂੰ ਘਰ ਪਰਤ ਰਹੇ ਸਨ ਤਾਂ ਇਸ ਦੌਰਾਨ ਹਾਦਸੇ ਵਿੱਚ ਦੋਵਾਂ ਦੀ ਮੌਤ ਹੋ ਗਈ। ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰ ਕੇ ਦੋਵੇਂ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।