Ludhiana ਦੇ ਸਰਕਾਰੀ ਸਕੂਲ 'ਚ ਵੱਡਾ ਹਾਦਸਾ, ਸਕੂਲ ਦੀ ਛੱਤ ਡਿੱਗਣ ਕਾਰਨ ਇੱਕ ਅਧਿਆਪਕ ਦੀ ਮੌਤ, ਹਰਜੋਤ ਬੈਂਸ ਨੇ ਟਵੀਟ ਕਰ ਕੇ ਦਿੱਤੀ ਜਾਣਕਾਰੀ
ਲੁਧਿਆਣਾ ਤੋਂ ਵੱਡੀ ਖਬਰ ਆਈ ਹੈ। ਜ਼ਿਲ੍ਹੇ ਦੇ ਪਿੰਡ ਬੱਦੋਵਾਲ ਵਿਖੇ ਸਰਕਾਰੀ ਸਕੂਲ ਦੇ ਸਟਾਫ ਰੂਮ ਦਾ ਲੈਂਟਰ ਡਿੱਗ ਗਿਆ ਹੈ। ਲੈਂਟਰ ਦੇ ਮਲਬੇ ਹੇਠ 4 ਅਧਿਆਪਕ ਫਸ ਗਏ। ਬਚਾਅ ਕਾਰਜ ਦੌਰਾਨ ਦੋ ਅਧਿਆਪਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।
Ludhiana News : ਲੁਧਿਆਣਾ ਦੇ ਬੱਦੋਵਾਲ ਸਰਕਾਰੀ ਸਕੂਲ 'ਚ ਵੱਡਾ ਹਾਦਸਾ ਵਾਪਰਿਆ ਹੈ। ਸਕੂਲ ਦੀ ਬਿਲਡਿੰਗ ਦੀ ਉਸਾਰੀ ਦੌਰਾਨ ਛੱਤ ਡਿੱਗਣ ਕਾਰਨ ਚਾਰ ਅਧਿਆਪਕ ਮਲਬੇ ਹੇਠਾਂ ਦੱਬੇ ਗਏ ਸਨ ਜਿਨ੍ਹਾਂ ਵਿੱਚੋਂ 2 ਨੂੰ ਸੁਰੱਖਿਅਤ ਬਾਹਰ ਕੱਢ ਲਿਆ ਸੀ। ਜਦੋਂਕਿ ਦੋ ਹਾਲੇ ਵੀ ਮਲਬੇ ਹੇਠ ਫਸੇ ਸੀ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਤੇ ਦੂਜੇ ਦੀ ਭਾਲ ਅਜੇ ਵੀ ਜਾਰੀ ਹੈ। ਜਿਸ ਨੂੰ ਬਾਹਰ ਕੱਢਂਣ ਲਈ ਜੱਦੋ ਜਹਿਦ ਕੀਤੀ ਜਾ ਰਹੀ ਹੈ। ਇਸ ਦੀ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰ ਕੇ ਦਿੱਤੀ ਹੈ।
ਇਸ ਦੌਰਾਨ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਜਾਣਕਾਰੀ ਦਿੰਦੇ ਹੋਏ ਟਵਿੱਟਰ (ਐਕਸ) ਉੱਤੇ ਲਿਖਿਆ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ (ਜ਼ਿਲ੍ਹਾ ਲੁਧਿਆਣਾ) ਤੋਂ ਬਹੁਤ ਹੀ ਦੁਖਦਾਈ ਸੂਚਨਾ ਮਿਲੀ ਹੈ ਕਿ ਸਕੂਲ਼ ਬਿਲਡਿੰਗ ਦੀ ਉਸਾਰੀ ਦੌਰਾਨ ਲੈਂਟਰ ਡਿੱਗਣ ਕਰਕੇ ਚਾਰ ਅਧਿਆਪਕ ਮਲਬੇ ਹੇਠ ਦੱਬੇ ਗਏ ਜਿੰਨਾਂ ਵਿੱਚੋਂ ਇੱਕ ਅਧਿਆਪਕ ਦੀ ਮੌਤ ਹੋਣ ਬਾਰੇ ਪਤਾ ਲੱਗਿਆ ਹੈ। ਮੈਂ ਸਿੱਖਿਆ ਵਿਭਾਗ ਦੇ ਸਾਰੇ ਅਫਸਰਾਂ ਅਤੇ ਜ਼ਿਲਾ ਪ੍ਰਸਾਸ਼ਨ ਲੁਧਿਆਣਾ ਨੂੰ ਤੁਰੰਤ ਹਰ ਸੰਭਵ ਸਹਾਇਤਾ ਪਹੁੰਚਾਉਣ ਬਾਰੇ ਕਹਿ ਦਿੱਤਾ ਹੈ। ਮੈਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਸਾਰੇ ਪਰਿਵਾਰ ਨੂੰ ਇਹ ਅਤੀ ਦੁਖਦਾਈ ਭਾਣਾ ਮੰਨਣ ਦੀ ਤਾਕਤ ਬਖਸ਼ਣ ਦੀ ਅਰਦਾਸ ਕਰਦਾ ਹਾਂ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ (ਜ਼ਿਲ੍ਹਾ ਲੁਧਿਆਣਾ) ਤੋਂ ਬਹੁਤ ਹੀ ਦੁਖਦਾਈ ਸੂਚਨਾ ਮਿਲੀ ਹੈ ਕਿ ਸਕੂਲ਼ ਬਿਲਡਿੰਗ ਦੀ ਉਸਾਰੀ ਦੌਰਾਨ ਲੈਂਟਰ ਡਿੱਗਣ ਕਰਕੇ ਚਾਰ ਅਧਿਆਪਕ ਮਲਬੇ ਹੇਠ ਦੱਬੇ ਗਏ ਜਿੰਨਾਂ ਵਿੱਚੋਂ ਇੱਕ ਅਧਿਆਪਕ ਦੀ ਮੌਤ ਹੋਣ ਬਾਰੇ ਪਤਾ ਲੱਗਿਆ ਹੈ।
— Harjot Singh Bains (@harjotbains) August 23, 2023
ਮੈਂ ਸਿੱਖਿਆ ਵਿਭਾਗ ਦੇ ਸਾਰੇ ਅਫਸਰਾਂ ਅਤੇ ਜ਼ਿਲਾ ਪ੍ਰਸਾਸ਼ਨ ਲੁਧਿਆਣਾ…
ਲੈਂਟਰ ਡਿੱਗਣ ਨਾਲ ਮੱਚ ਗਈ ਹਫੜਾ-ਦਫੜੀ
ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਬੱਦੋਵਾਲ ਦੇ ਸਰਕਾਰੀ ਸਮਾਰਟ ਸਕੂਲ ਦਾ ਲੈਂਟਰ ਡਿੱਗਣ ਨਾਲ ਹਫੜਾ-ਦਫੜੀ ਮੱਚ ਗਈ। ਇਸ ਹਾਦਸੇ ਵਿੱਚ ਕਰੀਬ ਚਾਰ ਅਧਿਆਪਕ ਮਲਬੇ ਹੇਠ ਦੱਬੇ ਗਏ। ਇਸ ਦੌਰਾਨ ਦੋ ਅਧਿਆਪਕਾਂ ਨੂੰ ਲੋਕਾਂ ਨੇ ਤੁਰੰਤ ਕੱਢ ਲਿਆ ਜਦੋਂਕਿ ਦੋ ਹੋਰ ਅਧਿਆਪਕਾਂ ਨੂੰ ਮਲਬੇ 'ਚੋਂ ਕੱਢਣ ਦਾ ਕੰਮ ਜਾਰੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ।
ਹਾਸਲ ਜਾਣਕਾਰੀ ਅਨੁਸਾਰ ਅਧਿਆਪਕ ਸਟਾਫ ਰੂਮ ਵਿੱਚ ਬੈਠੇ ਸੀ ਕਿ ਅਚਾਨਕ ਲੈਂਟਰ ਡਿੱਗ ਗਿਆ। ਘਟਨਾ ਤੋਂ ਬਾਅਦ ਆਸਪਾਸ ਦੇ ਲੋਕ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਵਿੱਚ ਜੁੱਟ ਗਏ। ਮੁਲਬੇ ਹੇਠੋਂ ਕੱਢੇ ਗਏ ਅਧਿਆਪਕਾਂ ਨੂੰ ਤੁਰੰਤ ਲੁਧਿਆਣਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਇਸ ਘਟਨਾ ਸਮੇਂ ਬੱਚੇ ਵੀ ਸਕੂਲ 'ਚ ਸੀ।