‘ਲੁਧਿਆਣਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਦੀ ਸ਼ਰਮਨਾਕ ਹਾਰ ,ਲੋਕ ਫ਼ਤਵੇ ਨੂੰ ਕਬੂਲਦੇ ਹੋਏ ਹੁਣ ਪਾਰਟੀ ਕਰ ਦੇਣੀ ਚਾਹੀਦੀ 'ਪੰਥ' ਹਵਾਲੇ’
ਹਲਕੇ ਵਿੱਚ ਚੋਖੀ ਸਿੱਖ ਵੋਟਰ ਦੀ ਗਿਣਤੀ ਦੇ ਬਾਵਜੂਦ ਪੰਥ ਦੀ ਨੁਮਾਇਦਾ ਜਮਾਤ, 'ਜੋ ਹੁਣ ਧੜੇ ਦੇ ਰੂਪ ਵਿੱਚ ਹੈ' ਦੇ ਉਮਦੀਵਾਰ ਦੀ ਸ਼ਰਮਨਾਕ ਹਾਰ ਅਤੇ ਜਮਾਨਤ ਤੱਕ ਜ਼ਬਤ ਹੋਣਾ ਸਾਫ ਕਰਦਾ ਹੈ ਕਿ ਸਿੱਖ ਵੋਟਰ ਬਹੁਤ ਜ਼ਿਆਦਾ ਨਰਾਜ਼ ਹੈ।

Ludhiana News: ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੀ ਹੋਈ ਸ਼ਰਮਨਾਕ ਹਾਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਿਤੈਸ਼ੀ ਆਗੂਆਂ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਡੂੰਘੀ ਚਿੰਤਾ ਜਾਹਿਰ ਕੀਤੀ ਹੈ।
ਮੀਡੀਆ ਨੂੰ ਜਾਰੀ ਆਪਣੇ ਬਿਆਨ ਵਿੱਚ ਦੋਹਾਂ ਆਗੂਆਂ ਨੇ ਕਿਹਾ ਕਿ ਹਲਕੇ ਵਿੱਚ ਚੋਖੀ ਸਿੱਖ ਵੋਟਰ ਦੀ ਗਿਣਤੀ ਦੇ ਬਾਵਜੂਦ ਪੰਥ ਦੀ ਨੁਮਾਇਦਾ ਜਮਾਤ, 'ਜੋ ਹੁਣ ਧੜੇ ਦੇ ਰੂਪ ਵਿੱਚ ਹੈ' ਦੇ ਉਮਦੀਵਾਰ ਦੀ ਸ਼ਰਮਨਾਕ ਹਾਰ ਅਤੇ ਜਮਾਨਤ ਤੱਕ ਜ਼ਬਤ ਹੋਣਾ ਸਾਫ ਕਰਦਾ ਹੈ ਕਿ ਸਿੱਖ ਵੋਟਰ ਬਹੁਤ ਜ਼ਿਆਦਾ ਨਰਾਜ਼ ਹੈ।
ਜੋ ਵੋਟ ਪਈ ਉਸ ਵੋਟ ਵਿੱਚ ਵੀ ਉਮੀਦਵਾਰ ਦੇ ਕਿਰਦਾਰ ਤੇ ਕੰਮਾਂ ਦੀ ਵੀ ਵੱਡੇ ਹਿੱਸੇ ਦੀ ਵੋਟ ਸ਼ਾਮਲ ਹੈ ਕਿਉਂਕਿ ਜਿੱਥੇ ਉਹ ਬਾਰ ਦੇ ਪੰਜ ਵਾਰ ਪ੍ਰਧਾਨ ਰਹੇ ਉੱਥੇ ਓਹਨਾ ਕਈ ਵੱਡੇ ਕੇਸਾਂ ਵਿੱਚ ਵੀ ਮੁਫਤ ਕੇਸ ਲੜਕੇ ਇਨਸਾਫ਼ ਦੁਆਇਆ ਸੀ।
ਸ਼੍ਰੋਮਣੀ ਅਕਾਲ਼ੀ ਦਲ ਦਾ ਕੋਈ ਵੀ ਨੁਮਾਇਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਭਗੌੜੇ ਹੋਵੇ, ਇਹ ਸਿੱਖ ਸੰਗਤ ਤੇ ਪੰਜਾਬੀਆਂ ਨੂੰ ਕਦੇ ਵੀ ਬਰਦਾਸ਼ਤ ਨਹੀ ਹੈ ਇਸ ਲਈ ਬਿਨਾ ਦੇਰ ਕੀਤੇ ਤੁਰੰਤ ਪੰਥ ਦੀ ਨੁਮਾਇੰਦਾ ਜਮਾਤ (ਸ਼੍ਰੋਮਣੀ ਅਕਾਲੀ ਦਲ) ਪੰਥ ਹਵਾਲੇ ਕਰਨੀ ਚਾਹੀਦੀ ਹੈ।
ਰੱਖੜਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਜਨਤਾ ਦੇ ਫਤਵੇ ਦਾ ਸਤਿਕਾਰ ਕਰਨਾ ਚਾਹੀਦਾ ਹੈ। ਜ਼ਿਦ, ਹੱਠ ਨਾਲ ਕਦੇ ਕੋਈ ਆਦਮੀ ਕਾਮਯਾਬ ਨਹੀਂ ਹੋ ਸਕਦਾ। ਸੁਖਬੀਰ ਸਿੰਘ ਬਾਦਲ ਨੂੰ ਓਹਨਾ ਸਲਾਹ ਦਿੰਦੇ ਕਿਹਾ ਕਿ, ਜੇ ਸੁਖਬੀਰ ਸਿੰਘ ਬਾਦਲ ਨੇ ਸਿਆਸੀ ਸਫਾਂ ਵਿੱਚ ਆਪਣੇ ਆਪ ਨੂੰ ਬਣਾਏ ਰੱਖਣਾ ਚਾਂਹੁੰਦੇ ਹਨ ਤਾਂ ਦੋ ਦਸੰਬਰ ਨੂੰ ਜਾਰੀ ਹੁਕਮਨਾਮਾ ਸਾਹਿਬ ਦੀ ਕੀਤੀ ਅਵੱਗਿਆ ਲਈ ਓਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾਕੇ ਆਪਣੀ ਭੁੱਲ ਜਰੂਰ ਬਖਸ਼ਾਉਣ, ਗੁਰੂ ਦਾ ਦਰ ਬਖਸ਼ਿੰਦ ਹੈ।
ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ, 'ਹਾਰ ਦਰ ਹਾਰ' ਅਤੇ ਓਹ ਵੀ ਜਮਾਨਤ ਜ਼ਬਤ ਰੂਪ ਵਿੱਚ ਸ਼ਰਮਨਾਕ ਹਾਰ ਦਾ ਲਗਾਤਾਰ ਸਿਲਸਿਲਾ ਜਾਰੀ ਰਹਿਣਾ ਸਾਫ ਕਰਦਾ ਹੈ ਕਿ ਸੁਖਬੀਰ ਬਾਦਲ ਆਪਣੀ ਬਤੌਰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਪਹਿਲਾਂ ਹੀ ਅਗਵਾਈ ਗੁਆ ਚੁੱਕੇ ਸਨ ਅਤੇ ਹੁਣ ਬਤੌਰ ਇੱਕ ਧੜੇ ਦੇ ਮੁਖੀ ਵਜੋਂ ਵੀ ਸਿਆਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗੁਆ ਚੁੱਕੇ ਹੋਣ ਦਾ ਪ੍ਰਮਾਣ ਪ੍ਰਾਪਤ ਕਰ ਗਏ ਹਨ। ਢੀਂਡਸਾ ਨੇ ਕਿਹਾ ਕਿ ਵਿਅਕਤੀਗਤ ਤੌਰ ਤੇ ਸਿਆਸਤ ਦੇ ਵਿੱਚ ਜਨਤਾ ਦੇ ਫਤਵੇ ਦਾ ਸਤਿਕਾਰ ਕਰਨਾ ਲੀਡਰਸ਼ਿਪ ਕੁਆਲਟੀ ਦਾ ਪਹਿਲਾ ਗੁਣ ਹੁੰਦਾ ਹੈ, ਪਰ ਵਾਰ ਵਾਰ ਲੋਕ ਫਤਵੇ ਦਾ ਨਿਰਾਦਰ ਕਰਨਾ ਇਹ ਸਿਆਸੀ ਬੇਸਮਝ ਹੁੰਦੀ ਹੈ।
ਢੀਂਡਸਾ ਨੇ ਸੁਖਬੀਰ ਧੜੇ ਵਿੱਚ ਬੈਠੇ ਅਕਾਲੀ ਸੋਚ ਦੇ ਹਿਤੈਸ਼ੀ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ,ਓਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਪੂਰਨ ਰੂਪ ਵਿੱਚ ਸਮਰਪਿਤ ਹੁੰਦੇ ਹੋਏ ਜਾਰੀ ਭਰਤੀ ਮੁਹਿੰਮ ਦਾ ਹਿੱਸਾ ਬਣਨ ਅਤੇ ਨਵੀਂ ਲੀਡਰਸ਼ਿਪ ਦੀ ਅਗਵਾਈ ਹੇਠ ਪੰਥਕ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ।




















