Ludhiana News: ਸਾਵਧਾਨ ਰਹਿਣ ਕਿਸਾਨ! ਪੰਜਾਬ ਦੇ ਕਈ ਇਲਾਕਿਆਂ 'ਚ ਅੱਜ ਵੀ ਪਏਗਾ ਮੀਂਹ
Ludhiana News: ਪੰਜਾਬ ਵਿੱਚ ਅੱਜ ਵੀ ਬਾਰਸ਼ ਹੋ ਸਕਦੀ ਹੈ। ਇਸ ਮਗਰੋਂ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਮੌਸਮ ਵਿਭਾਗ ਦੀ ਸੀਨੀਅਰ ਵਿਗਿਆਨੀ ਡਾ. ਕੇਕੇ ਗਿੱਲ ਅਨੁਸਾਰ ਵੀਰਵਾਰ ਨੂੰ ਵੀ ਹਲਕਾ ਮੀਂਹ..
Ludhiana News: ਪੰਜਾਬ ਵਿੱਚ ਅੱਜ ਵੀ ਬਾਰਸ਼ ਹੋ ਸਕਦੀ ਹੈ। ਇਸ ਮਗਰੋਂ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਮੌਸਮ ਵਿਭਾਗ ਦੀ ਸੀਨੀਅਰ ਵਿਗਿਆਨੀ ਡਾ. ਕੇਕੇ ਗਿੱਲ ਅਨੁਸਾਰ ਵੀਰਵਾਰ ਨੂੰ ਵੀ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਡਾ. ਗਿੱਲ ਨੇ ਦੱਸਿਆ ਕਿ ਇਨ੍ਹਾਂ ਮਹੀਨਿਆਂ ਵਿੱਚ ਮੀਂਹ ਤਾਂ ਪਹਿਲਾਂ ਵੀ ਆ ਹੀ ਜਾਂਦਾ ਹੈ ਪਰ ਇਸ ਵਾਰ ਮਾਰਚ ਮਹੀਨੇ ਮੀਂਹ ਪੈਣ ਨਾਲ ਫਸਲ ਨੂੰ ਵੱਧ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ 20 ਅਪਰੈਲ ਨੂੰ ਵੀ ਲੁਧਿਆਣਾ ਤੇ ਆਸ ਪਾਸ ਦੇ ਇਲਾਕਿਆਂ ਵਿੱਚ ਬੱਦਲਵਾਈ ਰਹਿਣ ਤੇ ਕਿਤੇ ਕਿਤੇ ਹਲਕਾ ਮੀਂਹ ਵੀ ਪੈ ਸਕਦਾ ਹੈ।
ਮੌਸਮ ਮਾਹਿਰਾਂ ਮੁਤਾਬਕ ਬੁੱਧਵਾਰ ਤੜਕੇ 3.2 ਐਮਐਮ ਮੀਂਹ ਪਿਆ। ਇਸ ਮੀਂਹ ਕਾਰਨ ਜਿਹੜਾ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਇਕਦਮ ਘੱਟ ਕੇ 34 ਡਿਗਰੀ ਸੈਲਸੀਅਸ ਤੱਕ ਆ ਗਿਆ। ਤਾਪਮਾਨ ਵਿੱਚ 6 ਡਿਗਰੀ ਸੈਲਸੀਅਸ ਦੀ ਕਮੀ ਹੋਣ ਕਾਰਨ ਆਮ ਲੋਕਾਂ ਨੇ ਗਰਮੀ ਤੋਂ ਸੁਖ ਦਾ ਸਾਹ ਲਿਆ ਹੈ। ਦੱਸ ਦਈਏ ਕਿ ਲੁਧਿਆਣਾ ਤੇ ਆਸ ਪਾਸ ਦੇ ਇਲਾਕਿਆਂ ਵਿੱਚ ਬੁੱਧਵਾਰ ਤੜਕੇ ਆਈ ਤੇਜ਼ ਹਨੇਰੀ ਤੇ ਪਏ ਮੀਂਹ ਕਾਰਨ ਭਾਵੇਂ ਤਾਪਮਾਨ ਕਾਫੀ ਹੇਠਾਂ ਆ ਗਿਆ ਪਰ ਇਸ ਮੀਂਹ ਨਾਲ ਖੇਤਾਂ ਵਿੱਚ ਖੜ੍ਹੀ ਫਸਲ ਦੀ ਕਟਾਈ ਹੋਰ ਪੱਛੜ ਗਈ ਹੈ।
ਦਰਅਸਲ ਪਿਛਲੇ ਕੁਝ ਦਿਨਾਂ ਤੋਂ ਲਗਤਾਰ ਵਧ ਰਹੀ ਗਰਮੀ ਕਾਰਨ ਮਾਰਚ ਮਹੀਨੇ ਪਏ ਮੀਂਹ ਨਾਲ ਖਰਾਬ ਹੋਈ ਫਸਲ ਦੇ ਕੁਝ ਬਚਣ ਦੀ ਉਮੀਦ ਬਣ ਗਈ ਸੀ ਪਰ ਬੁੱਧਵਾਰ ਸਵੇਰੇ ਦੁਬਾਰਾ ਆਏ ਮੀਂਹ ਤੇ ਚੱਲੀ ਤੇਜ਼ ਹਨੇਰੀ ਕਾਰਨ ਖੇਤਾਂ ਵਿੱਚ ਖੜ੍ਹੀ ਫਸਲ ਨੂੰ ਹੋਰ ਨੁਕਸਾਨ ਹੋਣ ਦੀ ਸੰਭਾਵਨਾ ਬਣ ਗਈ। ਤੇਜ਼ ਹਨੇਰੀ ਨਾਲ ਸੜ੍ਹਕਾਂ ’ਤੇ ਲੱਗੇ ਕਈ ਬੋਰਡ ਤੇ ਦਰਖਤ ਵੀ ਟੇਡੇ ਹੋ ਗਏ।
ਦੱਸ ਦਈਏ ਕਿ ਪੰਜਾਬ ਦੇ ਕਈ ਖ਼ਿੱਤਿਆਂ ’ਚ ਮੁੜ ਬੇਮੌਸਮੀ ਮੀਂਹ ਤੇ ਗੜੇਮਾਰੀ ਨੇ ਕਣਕ ਦੀ ਖੜ੍ਹੀ ਫ਼ਸਲ ਨੂੰ ਮਧੋਲ ਦਿੱਤਾ ਹੈ। ਬੀਤੀ ਰਾਤ ਕਈ ਜ਼ਿਲ੍ਹਿਆਂ ਵਿੱਚ ਤੇਜ਼ ਝੱਖੜ ਆਇਆ ਤੇ ਦਰਮਿਆਨੀ ਬਾਰਸ਼ ਵੀ ਹੋਈ। ਬੁੱਧਵਾਰ ਦੁਪਹਿਰ ਬਾਅਦ ਕਈ ਜ਼ਿਲ੍ਹਿਆਂ ਵਿਚ ਅਚਨਚੇਤ ਗੜੇ ਪਏ ਤੇ ਮੀਂਹ ਪਿਆ। ਉਂਜ ਸਵੇਰ ਤੋਂ ਹੀ ਬੱਦਲਵਾਈ ਬਣੀ ਹੋਈ ਸੀ। ਸੂਬੇ ਦੇ ਖ਼ਰੀਦ ਕੇਂਦਰਾਂ ਵਿਚ ਪਈ ਕਣਕ ਦੀ ਫ਼ਸਲ ਭਿੱਜ ਗਈ ਹੈ। ਮੰਡੀਆਂ ਵਿਚ ਲਿਫ਼ਟਿੰਗ ਦਾ ਕੰਮ ਪਹਿਲਾਂ ਹੀ ਸੁਸਤ ਰਫ਼ਤਾਰ ਨਾਲ ਚੱਲ ਰਿਹਾ ਸੀ ਤੇ ਉਪਰੋਂ ਬਾਰਸ਼ ਹੋਣ ਨਾਲ ਬੋਰੀਆਂ ਭਿੱਜ ਗਈਆਂ ਹਨ ਜਿਸ ਕਰ ਕੇ ਲਿਫ਼ਟਿੰਗ ਦੇ ਕੰਮ ਵਿਚ ਖੜੋਤ ਬਣੇਗੀ।
ਇਹ ਵੀ ਪੜ੍ਹੋ: Chandigarh News: ਚੰਡੀਗੜ੍ਹੀਆਂ ਲਈ ਖੁਸ਼ਖਬਰੀ! ਹੁਣ ਜਲਦ ਦੌੜੇਗੀ ਟਰਾਈਸਿਟੀ 'ਚ ਮੈਟਰੋ
ਮੌਸਮ ਵਿਭਾਗ ਨੇ ਅੱਜ ਵੀ ਗੜੇ ਪੈਣ, ਗਰਜ ਤੇ ਤੇਜ਼ ਹਨੇਰੀ ਦੇ ਨਾਲ ਨਾਲ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਬੁੱਧਵਾਰ ਨੂੰ ਚਮਕੌਰ ਸਾਹਿਬ, ਕੀਰਤਪੁਰ ਸਾਹਿਬ ਤੇ ਆਨੰਦਪੁਰ ਸਾਹਿਬ ਤੋਂ ਇਲਾਵਾ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਕਈ ਪਿੰਡਾਂ ਵਿਚ ਗੜੇ ਪੈਣ ਦੀਆਂ ਰਿਪੋਰਟਾਂ ਹਨ। ਖੰਨਾ ਮੰਡੀ ਵਿੱਚ ਤੇਜ਼ ਮੀਂਹ ਪਿਆ ਅਤੇ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਸੈਦਪੁਰ ਤੇ ਮੋਹਨਮਾਜਰਾ ਵਿੱਚ ਗੜੇ ਪਏ ਹਨ। ਇਸੇ ਤਰ੍ਹਾਂ ਅਜਨਾਲਾ, ਬਲਾਚੌਰ, ਸੰਗਰੂਰ ਜ਼ਿਲ੍ਹੇ ਦੇ ਹਲਕਾ ਦਿੜ੍ਹਬਾ ਤੇ ਪਟਿਆਲਾ ਦੇ ਘੜਾਮ ਇਲਾਕੇ ਵਿਚ ਵੀ ਗੜੇ ਪਏ।
ਇਹ ਵੀ ਪੜ੍ਹੋ: covid-19 Cases: ਕੀ ਆਉਣ ਵਾਲੀ ਹੈ ਕੋਰੋਨਾ ਦੀ ਲਹਿਰ? ਇੱਕ ਦਿਨ ਵਿੱਚ 12 ਹਜ਼ਾਰ ਤੋਂ ਵੱਧ ਕੇਸ, ਵੱਜੀ ਖ਼ਤਰੇ ਦੀ ਘੰਟੀ