Ludhiana ਸਕੂਲ ਹਾਦਸਾ : ਠੇਕੇਦਾਰ ਖਿਲਾਫ਼ ਹੋਈ ਵੱਡੀ ਕਾਰਵਾਈ, ਹੋਰ ਕਿਹੜਾ ਕਿਹੜਾ ਰਡਾਰ 'ਤੇ !
government school ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਇਮਾਰਤ ਦੇ ਨਵੀਨੀਕਰਨ ਦੌਰਾਨ ਛੱਤ ਡਿੱਗਣ ਦੇ ਵਾਪਰੇ ਹਾਦਸੇ ਲਈ ਠੇਕੇਦਾਰ ਖ਼ਿਲਾਫ਼ ਪੁਲਿਸ ਨੇ ਮੁਕੱਦਮਾ ਦਰਜ
Ludhiana News - ਲੁਧਿਆਣਾ ਦੇ ਬੱਦੋਵਾਲ ਸਰਕਾਰੀ ਸਕੂਲ 'ਚ ਵੱਡਾ ਹਾਦਸਾ ਵਾਪਰ ਗਿਆ ਸੀ, ਸਕੂਲ ਦੀ ਬਿਲਡਿੰਗ ਦੀ ਉਸਾਰੀ ਦੌਰਾਨ ਛੱਤ ਡਿੱਗਣ ਕਰਕੇ ਚਾਰ ਅਧਿਆਪਕ ਮਲਬੇ ਹੇਠਾਂ ਦੱਬੇ ਗਏ ਸਨ ਜਿਨ੍ਹਾਂ ਵਿੱਚੋਂ 2 ਨੂੰ ਸੁਰੱਖਿਅਤ ਬਾਹਰ ਕੱਢ ਲਿਆ ਸੀ। ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਇਮਾਰਤ ਦੇ ਨਵੀਨੀਕਰਨ ਦੌਰਾਨ ਛੱਤ ਡਿੱਗਣ ਦੇ ਵਾਪਰੇ ਹਾਦਸੇ ਲਈ ਠੇਕੇਦਾਰ ਖ਼ਿਲਾਫ਼ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਦੱਸ ਦਈਏ ਕਿ ਮੁੱਲਾਂਪੁਰ ਦਾਖਾ ਪੁਲਿਸ ਸਟੇਸ਼ਨ ਵਿਚ ਸਕੂਲ ਬੱਦੋਵਾਲ ਦੇ ਪ੍ਰਿੰਸੀਪਲ ਮੋਨਿਲਾ ਅਰੋੜਾ ਦੇ ਬਿਆਨਾਂ ’ਤੇ ਸਕੂਲ ਦੀ ਇਮਾਰਤ ਦੇ ਨਵੀਨੀਕਰਨ ਦਾ ਠੇਕਾ ਲੈਣ ਵਾਲੇ ਠੇਕੇਦਾਰ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਇਸ ਪੂਰੀ ਘਟਨਾ ਦੀ ਜਾਂਚ ਲਈ ਚਾਰ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ 7 ਦਿਨ ਦੇ ਅੰਦਰ ਇਸ ਹਾਦਸੇ ਨੂੰ ਲੈ ਕੇ ਆਪਣੀ ਜਾਂਚ ਰਿਪੋਰਟ ਸੌਂਪੇਗੀ। ਬੱਦੋਵਾਲ ਦੇ ਸਰਕਾਰੀ ਸਕੂਲ ਦੇ ਸਟਾਫ ਰੂਮ ਦੀ ਛੱਤ ਡਿੱਗਣ ਕਾਰਨ 45 ਸਾਲਾਂ ਅਧਿਆਪਕਾ ਰਵਿੰਦਰ ਕੌਰ ਦੀ ਜਾਨ ਚਲੀ ਗਈ ਹੈ ਅਤੇ ਤਿੰਨ ਅਧਿਆਪਕਾਂ ਨਰਿੰਦਰਜੀਤ ਕੌਰ, ਸੁਖਜੀਤ ਕੌਰ ਅਤੇ ਇੰਦੂ ਰਾਣੀ ਜ਼ਖ਼ਮੀ ਹੋ ਗਏ ਹਨ।
ਅਧਿਆਪਕਾ ਨਰਿੰਦਰਜੀਤ ਕੌਰ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਲੁਧਿਆਣਾ ਦੇ ਡੀ.ਐੱਮ.ਸੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਦ ਕਿ ਬਾਕੀ ਦੋਵੇਂ ਅਧਿਆਪਕਾਵਾਂ ਨੂੰ ਲੁਧਿਆਣਾ ਦੇ ਮੈਡੀਵੇਜ਼ ਹਸਪਤਾਲ ਵਿਖੇ ਜ਼ੇਰੇ ਇਲਾਜ਼ ਹਨ। ਇਨ੍ਹਾਂ ਅਧਿਆਪਕਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਨਾਲ ਹੀ ਜ਼ਖ਼ਮੀ ਅਧਿਆਪਕਾਂ ਨੂੰ ਮਿਲਣ ਮਗਰੋਂ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਠੇਕੇਦਾਰ ਖ਼ਿਲਾਫ਼ ਐੱਫ.ਆਈ.ਆਰ ਦਰਜ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਹਾਦਸੇ ਦਾ ਗੰਭੀਰ ਨੋਟਿਸ ਲੈਂਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ।
ਡਿਪਟੀ ਕਮਿਸ਼ਨਰ ਮਲਿਕ ਨੇ ਇਹ ਵੀ ਕਿਹਾ ਕਿ ਸਕੂਲ ਦੀ ਇਮਾਰਤ ਦੇ ਸੁਰੱਖਿਆ ਮੁਲਾਂਕਣ ਦੇ ਆਦੇਸ਼ ਦਿੱਤੇ ਗਏ ਅਤੇ ਇਮਾਰਤ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਸਕੂਲ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਮੀਖਿਆ ਪੂਰੀ ਹੋਣ ਤੱਕ ਸਕੂਲ ਦੀ ਇਮਾਰਤ ਦੇ ਨੇੜੇ ਨਾ ਜਾਣ। ਡਿਪਟੀ ਕਮਿਸ਼ਨਰ ਮਲਿਕ ਨੇ ਇਹ ਵੀ ਕਿਹਾ ਕਿ ਅਧਿਆਪਕਾਂ ਦੇ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਚੁੱਕਿਆ ਜਾਵੇਗਾ।