(Source: ECI/ABP News/ABP Majha)
Ludhiana News : ਕਾਂਗਰਸ ਲੀਡਰ ਨੇ ਕੀਰਤਨ ਸੁਣਦਿਆਂ-ਸੁਣਦਿਆਂ ਹੀ ਕਰ ਦਿੱਤਾ ਅਸਤੀਫੇ ਦਾ ਐਲਾਨ, ਬੋਲੀ ਆਤਮਾ ਜਾਗ ਪਈ ਪਰ...
Ludhiana News: ਲੁਧਿਆਣਾ ਨਗਰ ਨਿਗਮ ਦੀ ਕਾਂਗਰਸੀ ਮਹਿਲਾ ਕੌਂਸਲਰ ਨੇ ਕੀਰਤਨ ਸੁਣਦਿਆਂ-ਸੁਣਦਿਆਂ ਹੀ ਅਸਤੀਫੇ ਦਾ ਐਲਾਨ ਕਰ ਦਿੱਤਾ। ਉਸ ਨੇ ਕਿਹਾ ਕਿ ਆਤਮਾ ਜਾਗ ਪਈ ਹੈ ਪਰ ਨਾਲ ਹੀ ਬੀਜੇਪੀ ਦਾ ਗੁਣਗਾਣ ਕਰਨ ਮਗਰੋਂ ਪਤਾ ਲੱਗਾ ਕਿ ਉਨ੍ਹਾਂ ਦਾ ਬੀਜੇਪੀ ਪ੍ਰੇਮ ਹੀ ਸਿਰ ਚੜ੍ਹ ਬੋਲਿਆ ਸੀ
Ludhiana News: ਲੁਧਿਆਣਾ ਨਗਰ ਨਿਗਮ ਦੀ ਕਾਂਗਰਸੀ ਮਹਿਲਾ ਕੌਂਸਲਰ ਨੇ ਕੀਰਤਨ ਸੁਣਦਿਆਂ-ਸੁਣਦਿਆਂ ਹੀ ਅਸਤੀਫੇ ਦਾ ਐਲਾਨ ਕਰ ਦਿੱਤਾ। ਉਸ ਨੇ ਕਿਹਾ ਕਿ ਆਤਮਾ ਜਾਗ ਪਈ ਹੈ ਪਰ ਨਾਲ ਹੀ ਬੀਜੇਪੀ ਦਾ ਗੁਣਗਾਣ ਕਰਨ ਮਗਰੋਂ ਪਤਾ ਲੱਗਾ ਕਿ ਉਨ੍ਹਾਂ ਦਾ ਬੀਜੇਪੀ ਪ੍ਰੇਮ ਹੀ ਸਿਰ ਚੜ੍ਹ ਬੋਲਿਆ ਸੀ। ਹੁਣ ਇਹ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਦੱਸ ਦਈਏ ਕਿ ਪਿਛਲੇ ਦਿਨੀਂ ਕੌਂਸਲਰ ਰਾਸ਼ੀ ਅਗਰਵਾਲ ਨੇ ਚੱਲਦੇ ਕੀਰਤਨ ਸਮਾਗਮ ਦੌਰਾਨ ਹੀ ਸਟੇਜ ਤੋਂ ਕਾਂਗਰਸੀ ਪਾਰਟੀ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ। ਦਰਅਸਲ ਸਨਅਤੀ ਸ਼ਹਿਰ ਸ੍ਰੀ ਦੁਰਗਾ ਮਾਤਾ ਮੰਦਰ ਦੇ ਨੇੜੇ ਸਰਕਾਰੀ ਕਾਲਜ ਵਿੱਚ ਸ੍ਰੀ ਖਾਟੂ ਸ਼ਿਆਮ ਦੇ ਨਾਂ ਲਈ ਭਜਨ ਸੰਧਿਆ ਰੱਖੀ ਗਈ ਸੀ। ਇੱਥੇ ਕੀਰਤਨ ਚੱਲ ਰਿਹਾ ਸੀ। ਇਸ ਪ੍ਰੋਗਰਾਮ ਵਿੱਚ ਸੀਨੀਅਰ ਕਾਂਗਰਸੀ ਨੇਤਾ ਹੇਮਰਾਜ ਅਗਰਵਾਲ ਦੀ ਨੂੰਹ ਤੇ ਵਾਰਡ ਨੰਬਰ 81 ਤੋਂ ਕੌਂਸਲਰ ਰਾਸ਼ੀ ਅਗਰਵਾਲ ਵੀ ਪੁੱਜੀ ਸੀ।
ਪ੍ਰੋਗਰਾਮ ਦੌਰਾਨ ਸਟੇਜ ’ਤੇ ਗਾਇਕ ਕਨ੍ਹੱਈਆ ਮਿੱਤਲ ਨੇ ਭਜਨ ਗਾਇਆ ਕਿ ‘ਜੋ ਰਾਮ ਕੋ ਲਾਏ ਹੈ, ਹਮ ਉਨਕੋ ਲਾਏਗੇਂ’। ਇਹ ਭਜਨ ਸੁਣਨ ਤੋਂ ਬਾਅਦ ਕਾਂਗਰਸੀ ਕੌਂਸਲਰ ਸਟੇਜ ’ਤੇ ਪੁੱਜ ਗਈ ਤੇ ਕਿਹਾ, ‘‘ਮੇਰੀ ਆਤਮਾ ਜਾਗ ਗਈ ਹੈ ਤੇ ਮੈਂ ਅੱਜ ਹੀ ਕਾਂਗਰਸ ਛੱਡਦੀ ਹਾਂ।’’ ਕਾਂਗਰਸ ਦੀ ਇਸ ਦਿੱਗਜ਼ ਮਹਿਲਾ ਕੌਂਸਲਰ ਵੱਲੋਂ ਕਾਂਗਰਸ ਤੋਂ ਅਸਤੀਫ਼ਾ ਦੇਣ ਨਾਲ ਸਿਆਸੀ ਮਾਹੌਲ ਗਰਮਾ ਗਿਆ ਹੈ।
ਇਹ ਮਹਿਲਾ ਕਾਂਗਰਸੀ ਕੌਂਸਲਰ ਰਾਸ਼ੀ ਅਗਰਵਾਲ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਹਲਕੇ ਵਿੱਚੋਂ ਹੈ ਤੇ ਚੋਣਾਂ ਦੌਰਾਨ ਨੇੜਲੇ ਸਾਥਿਆਂ ਵਿੱਚ ਵੀ ਸੀ। ਰਾਸ਼ੀ ਅਗਰਵਾਲ ਸੀਨੀਅਰ ਕਾਂਗਰਸੀ ਆਗੂ ਹੇਮਰਾਜ ਅਗਰਵਾਲ ਦੀ ਨੂੰਹ ਵੀ ਹੈ ਜੋ ਸਾਬਕਾ ਮੰਤਰੀ ਆਸ਼ੂ ਦੇ ਸਭ ਤੋਂ ਨਜ਼ਦੀਕੀਆਂ ਵਿੱਚ ਸ਼ਾਮਲ ਹਨ।
ਭਜਨ ਸੰਧਿਆ ਪ੍ਰੋਗਰਾਮ ਖਤਮ ਤੋਂ ਠੀਕ ਪਹਿਲਾਂ ਕਾਂਗਰਸੀ ਕੌਂਸਲਰ ਰਾਸ਼ੀ ਅਗਰਵਾਲ ਨੇ ਸਟੇਜ ’ਤੇ ਜਾ ਕੇ ਕਿਹਾ ਕਿ ਉਹ ਪਹਿਲੀ ਵਾਰ ਗਾਏ ਕਨ੍ਹਈਆ ਮਿੱਤਲ ਨੂੰ ਮਿਲੀ ਹੈ ਤੇ ਪਹਿਲਾਂ ਕਦੇ ਉਨ੍ਹਾਂ ਦੇ ਭਜਨ ਵੀ ਨਹੀਂ ਸੁਣੇ। ਅੱਜ ਕੀਰਤਨ ਦੌਰਾਨ ਉਨ੍ਹਾਂ ਅੰਦਰ ਦੇਸ਼ ਭਗਤੀ ਜਗ੍ਹਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਇਸੇ ਪਲ ਕਾਂਗਰਸੀ ਪਾਰਟੀ ਤੋਂ ਅਸਤੀਫ਼ਾ ਦਿੰਦੀ ਹੈ। ਫਿਰ ਜ਼ੋਰ ਨਾਲ ਉਨ੍ਹਾਂ ‘ਜੋ ਰਾਮ ਕੋ ਲਾਏ ਹੈ, ਹਮ ਉਨਕੋ ਲਾਏਗੇਂ’ ਤੇ ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਾਏ।
ਇਨ੍ਹਾਂ ਸੁਣਦੇ ਹੀ ਮੌਕੇ ’ਤੇ ਮੌਜੂਦ ਲੋਕਾਂ ਨੇ ਤਾੜੀਆਂ ਨਾਲ ਉਨ੍ਹਾਂ ਦੇ ਫੈਸਲੇ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਕੌਂਸਲਰ ਰਾਸ਼ੀ ਨੇ ਕਿਹਾ ਕਿ ਰਾਜਨੀਤੀ ’ਚ ਆਉਣ ’ਤੇ ਉਨ੍ਹਾਂ ਦੀ ਆਤਮਾ ਭਾਜਪਾ ਪਾਰਟੀ ਨਾਲ ਜੁੜੀ ਹੋਈ ਸੀ, ਪਰ ਉਨ੍ਹਾਂ ਦੇ ਸਹੁਰੇ ਹੇਮਰਾਜ ਅਗਰਵਾਲ ਕਾਂਗਰਸ ਦੇ ਟਕਸਾਲੀ ਆਗੂ ਹਨ। ਇਸ ਕਾਰਨ ਉਹ ਕਾਂਗਰਸ ’ਚ ਬਤੌਰ ਕੌਂਸਲਰ ਕੰਮ ਕਰ ਰਹੀ ਹੈ।
ਕਾਂਗਰਸ ’ਚ ਸਿਰਫ਼ ਉਨ੍ਹਾਂ ਦਾ ਸਰੀਰ ਸੀ, ਆਤਮਾ ਭਾਜਪਾ ਵਿੱਚ ਹੀ ਸੀ। ਰਾਸ਼ੀ ਨੇ ਕਿਹਾ ਕਿ ਉਹ ਔਰਤਾਂ ਲਈ ਕੰਮ ਕਰਨਾ ਚਾਹੁੰਦੀ ਹੈ। ਉਧਰ, ਉਹ ਰਾਸ਼ਟਰ ਨੂੰ ਮਜ਼ਬੂਤ ਕਰਨ ਲਈ ਭਾਜਪਾ ’ਚ ਸ਼ਾਮਲ ਹੋਵੇਗੀ। ਰਾਸ਼ੀ ਨੇ ਦੱਸਿਆ ਕਿ ਹਾਲੇ 5 ਸਾਲ ਹੀ ਉਨ੍ਹਾਂ ਨੂੰ ਰਾਜਨੀਤੀ ’ਚ ਹੋਏ ਹਨ। ਇਸ ਕਾਰਨ ਉਹ ਪੰਜਾਬ ਦੇ ਵਿਗੜ ਰਹੇ ਮਾਹੌਲ ਨੂੰ ਬਚਾਉਣ ਲਈ ਭਾਜਪਾ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ।