Ludhiana News: ਦਿਨ ਚੜ੍ਹਦਿਆਂ ਹੀ ਟਰੱਕ, ਟਿੱਪਰ ਤੇ ਜੇਸੀਬੀ ਲਾ ਕੇ ਜਾਮ ਕਰ ਦਿੱਤਾ ਦਿੱਲੀ-ਅੰਮ੍ਰਿਤਸਰ ਜੀਟੀ ਰੋਡ
ਅੱਜ ਸਵੇਰੇ ਹੀ ਯੂਨੀਅਨ ਵੱਲੋਂ ਧਰਨਾ ਸ਼ੁਰੂ ਦਿੱਤਾ ਗਿਆ ਹੈ। ਇਸ ਨਾਲ ਦਿੱਲੀ-ਅੰਮ੍ਰਿਤਸਰ ਕੌਮੀ ਮਾਰਗ ਉਪਰ ਆਵਾਜਾਈ ਪ੍ਰਭਾਵਿਤ ਹੋਈ ਹੈ। ਧਰਨੇ ਨੂੰ ਦੇਖਦੇ ਹੋਏ ਖੰਨਾ ਪੁਲਿਸ ਨੇ ਟ੍ਰੈਫਿਕ ਡਾਈਵਰਟ ਕਰ ਦਿੱਤਾ ਹੈ।
Ludhiana News: ਜਿਲ੍ਹਾ ਲੁਧਿਆਣਾ ਦੇ ਰੇਤਾ ਕਾਰੋਬਾਰੀਆਂ ਨੇ ਪੰਜਾਬ ਦੀ ਮਾਈਨਿੰਗ ਨੀਤੀ ਖਿਲਾਫ ਦਿੱਲੀ ਅੰਮ੍ਰਿਤਸਰ ਕੌਮੀ ਮਾਰਗ ਜਾਮ ਕਰ ਦਿੱਤਾ। ਦੋਰਾਹਾ ਵਿਖੇ ਗੁਰਦੁਆਰਾ ਸ਼੍ਰੀ ਅਤਰਸਰ ਸਾਹਿਬ ਸਾਹਮਣੇ ਧਰਨਾ ਲਾਇਆ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਰੋਡ ਉੱਤੇ ਟਿੱਪਰ ਅਤੇ ਜੇਸੀਬੀ ਮਸ਼ੀਨਾਂ ਲਾ ਕੇ ਆਵਾਜਾਈ ਬੰਦ ਕਰ ਦਿੱਤੀ ਗਈ। ਧਰਨਾਕਾਰੀਆਂ ਦੀ ਮੰਗ ਹੈ ਕਿ ਖੇਤਾਂ ਚੋਂ ਤਿੰਨ ਫੁੱਟ ਤੱਕ ਮਿੱਟੀ ਬਿਨ੍ਹਾਂ ਕਿਸੇ ਫ਼ੀਸ ਅਤੇ ਮਨਜ਼ੂਰੀ ਤੋਂ ਚੁੱਕਣ ਦੀ ਛੂਟ ਦਿੱਤੀ ਜਾਵੇ।
ਜ਼ਿਕਰ ਕਰ ਦਈਏ ਕਿ ਪੰਜਾਬ ਸਰਕਾਰ ਨੇ ਸੂਬੇ ਅੰਦਰ ਨਵੀਂ ਮਾਈਨਿੰਗ ਨੀਤੀ ਲਾਗੂ ਕਰਕੇ ਸੂਬੇ ਦਾ ਮਾਲੀਆ ਵਧਣ ਦੇ ਦਾਅਵੇ ਕੀਤੇ ਹਨ ਉੱਥੇ ਹੀ ਦੂਜੇ ਪਾਸੇ ਇਸ ਨੀਤੀ ਤੋਂ ਖ਼ਫ਼ਾ ਰੇਤਾ ਕਾਰੋਬਾਰੀ ਹੁਣ ਸੜਕਾਂ ਉਪਰ ਉੱਤਰ ਆਏ ਹਨ।
ਧਰਨਾਕਾਰੀਆਂ ਦਾ ਕਹਿਣਾ ਹੈ ਕਿ ਕਿਸਾਨ ਦੇ ਖੇਤਾਂ ਚੋਂ ਤਿੰਨ ਫੁੱਟ ਤੱਕ ਮਿੱਟੀ ਚੁੱਕਣ ਲਈ ਨਵੀਂ ਨੀਤੀ ਮੁਤਾਬਕ 2 ਰੁਪਏ 93 ਪੈਸੇ ਪ੍ਰਤੀ ਫੁੱਟ ਦੇ ਹਿਸਾਬ ਨਾਲ ਫ਼ੀਸ ਜਮਾਂ ਕਰਾਉਣੀ ਪੈਂਦੀ ਹੈ। ਇਸ ਹਿਸਾਬ ਨਾਲ ਪ੍ਰਤੀ ਟਰਾਲੀ ਕਰੀਬ 600 ਰੁਪਏ ਫ਼ੀਸ ਬਣਦੀ ਹੈ। ਇਸ ਤੋਂ ਇਲਾਵਾ ਕਿਸਾਨ ਨੂੰ ਜ਼ਮੀਨ ਚੋਂ ਮਿੱਟੀ ਚੁੱਕਣ ਦੇ ਪੈਸੇ ਦੇਣੇ ਪੈਂਦੇ ਹਨ। ਧਰਨਾਕਾਰੀਆਂ ਮੁਤਾਬਕ, ਰਾਹ ਵਿੱਚ ਕਈ ਹੋਰ ਥਾਂ ਉੱਤੇ ਪੈਸੇ ਦੇਣੇ ਪੈਂਦੇ ਹਨ ਤੇ ਹੋਰ ਵੀ ਕਈ ਪ੍ਰਕਾਰ ਦਾ ਗੁੰਡਾ ਟੈਕਸ ਉਨ੍ਹਾਂ ਤੋਂ ਵਸੂਲਿਆ ਜਾਂਦਾ ਹੈ।
ਇਸ ਨੀਤੀ ਦੇ ਵਿਰੋਧ 'ਚ ਉਨ੍ਹਾਂ ਨੇ ਸੂਬੇ ਦੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਸੀ ਤੇ ਲੁਧਿਆਣਾ ਅੰਦਰ ਮਾਈਨਿੰਗ ਦਫ਼ਤਰ ਵਿਖੇ ਧਰਨਾ ਦਿੱਤਾ ਗਿਆ ਸੀ। ਉਸ ਵੇਲੇ ਵਿਭਾਗ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਸੀ ਕਿ ਕਿਸੇ ਤਰ੍ਹਾਂ ਦਾ ਕੋਈ ਪਰਚਾ ਕਿਸੇ ਖਿਲਾਫ ਦਰਜ ਨਹੀਂ ਕੀਤਾ ਜਾਵੇਗਾ। ਪ੍ਰੰਤੂ ਲਗਾਤਾਰ ਰੇਡਾਂ ਮਾਰ ਕੇ ਅਧਿਕਾਰੀ ਪਰਚੇ ਦਰਜ ਕਰ ਰਹੇ ਹਨ। ਮਸ਼ੀਨਰੀ ਜ਼ਬਤ ਕੀਤੀ ਜਾਂਦੀ ਹੈ।
ਧਰਨਾਕਾਰੀਆਂ ਨੇ ਕਿਹਾ ਕਿ ਹੁਣ ਮਿੱਟੀ ਦਾ ਟਿੱਪਰ 7500 ਤੋਂ ਵੱਧ ਕੇ 10 ਤੋਂ 12 ਹਜ਼ਾਰ ਰੁਪਏ ਦਾ ਹੋ ਗਿਆ ਹੈ। ਕੋਈ ਇੰਨੀ ਮਹਿੰਗੀ ਮਿੱਟੀ ਨਹੀਂ ਲੈ ਰਿਹਾ। ਕਾਰੋਬਾਰ ਠੱਪ ਹੋ ਗਿਆ ਹੈ। ਟਿੱਪਰਾਂ ਅਤੇ ਮਸ਼ੀਨਾਂ ਦੀਆਂ ਕਿਸ਼ਤਾਂ ਟੁੱਟ ਰਹੀਆਂ ਹਨ। ਇਸ ਕਰਕੇ ਉਨ੍ਹਾਂ ਨੇ ਮਜਬੂਰ ਹੋ ਕੇ ਧਰਨਾ ਲਾਇਆ। ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਧਰਨਾ ਜਾਰੀ ਰੱਖਿਆ ਜਾਵੇਗਾ।
ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪੁੱਜ ਕੇ ਜਿੱਥੇ ਆਵਾਜਾਈ ਨੂੰ ਡਾਈਵਰਟ ਕੀਤਾ ਉੱਥੇ ਹੀ ਧਰਨਾਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਏਸੀਪੀ ਅਸ਼ੋਕ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਨੂੰ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ। ਕੋਸ਼ਿਸ਼ ਹੈ ਕਿ ਜਲਦੀ ਧਰਨਾ ਸਮਾਪਤ ਕਰਵਾਇਆ ਜਾਵੇ।