Ludhiana News: ਜੇਲ੍ਹ 'ਚ ਬੈਠ ਕੇ ਚਲਾਇਆ ਗੋਰਖਧੰਦਾ! ਨਕਲੀ ਏਡੀਜੀਪੀ ਨੇ ਨੌਕਰੀ ਦਿਵਾਉਣ ਦੇ ਨਾਂ 'ਤੇ 400 ਨੌਜਵਾਨ ਠੱਗੇ
ਫਰਜ਼ੀ ਏਡੀਜੀਪੀ ਨੇ ਨੌਕਰੀ ਦਿਵਾਉਣ ਦੇ ਨਾਂ ’ਤੇ ਸੈਂਕੜੇ ਨੌਜਵਾਨਾਂ ਨਾਲ ਠੱਗੀ ਮਾਰੀ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਮੁਲਜ਼ਮ ਜੇਲ੍ਹ ਵਿੱਚੋਂ ਹੀ ਆਪਣਾ ਗੋਰਖਧੰਦਾ ਚਲਾ ਰਿਹਾ ਸੀ। ਆਖਰ ਪੁਲਿਸ ਨੇ ਹੁਣ ਇਸ ਨੂੰ ਕਾਬੂ ਕਰ ਲਿਆ ਹੈ।
Ludhiana News: ਫਰਜ਼ੀ ਏਡੀਜੀਪੀ ਨੇ ਨੌਕਰੀ ਦਿਵਾਉਣ ਦੇ ਨਾਂ ’ਤੇ ਸੈਂਕੜੇ ਨੌਜਵਾਨਾਂ ਨਾਲ ਠੱਗੀ ਮਾਰੀ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਮੁਲਜ਼ਮ ਜੇਲ੍ਹ ਵਿੱਚੋਂ ਹੀ ਆਪਣਾ ਗੋਰਖਧੰਦਾ ਚਲਾ ਰਿਹਾ ਸੀ। ਆਖਰ ਪੁਲਿਸ ਨੇ ਹੁਣ ਇਸ ਨੂੰ ਕਾਬੂ ਕਰ ਲਿਆ ਹੈ। ਇਸ ਸ਼ਖਸ ਨੇ ਹੁਣ ਤੱਕ 400 ਤੋਂ ਵੱਧ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਹੈ। ਮੁਲਜ਼ਮ ਨੇ ਸੀਸੀਟੀਐਨਐਸ ਨਾਮ ਤੋਂ ਇੱਕ ਵੈਬਸਾਈਟ ਬਣਾ ਰੱਖੀ ਸੀ ਜਿਸ ’ਚ ਉਹ ਖੁਦ ਨੂੰ ਏਡੀਜੀਪੀ ਸੈਂਟਰਲ ਕਮਾਂਡੈਂਟ ਨਵੀਂ ਦਿੱਲੀ ਦੱਸਦਾ ਸੀ।
ਹਾਸਲ ਜਾਣਕਾਰੀ ਮੁਤਾਬਕ ਐਨਸੀਆਰਬੀ ਦੇ ਹੀ ਵਿਭਾਗ ਸੀਸੀਟੀਐਨਐਸ (ਕ੍ਰਾਈਮ ਐਂਡ ਕ੍ਰਿਮਿਨਲ ਟਰੈਕਿੰਗ ਨੈਟਵਰਕ ਸਿਸਟਮ) ’ਚ ਖੁਦ ਨੂੰ ਏਡੀਜੀਪੀ ਕੇਂਦਰੀ ਕਮਾਡੈਂਟ ਦੱਸ ਕੇ ਸੰਗਰੂਰ ਦੀ ਜੇਲ੍ਹ ’ਚ ਬੈਠ ਫਰਜ਼ੀਵਾੜਾ ਚਲਾਉਣ ਵਾਲੇ ਮੁਲਜ਼ਮ ਨੂੰ ਉਸ ਦੇ ਸਾਥੀ ਸਣੇ ਲੁਧਿਆਣਾ ਪੁਲਿਸ ਨੇ ਕਾਬੂ ਕੀਤਾ ਹੈ। ਮੁਲਜ਼ਮ ਜੇਲ੍ਹ ’ਚ ਬੈਠ ਕੇ ਹੀ ਨੌਜਵਾਨਾਂ ਨੂੰ ਸੀਸੀਟੀਐਨਐਸ ਵਿੱਚ ਨੌਕਰੀ ਦਿਵਾਉਣ ਦੇ ਨਾਂ ’ਤੇ ਠੱਗੀ ਕਰ ਰਿਹਾ ਸੀ। ਹੁਣ ਤੱਕ 400 ਤੋਂ ਵੱਧ ਨੌਜਵਾਨਾਂ ਨਾਲ ਇਹ ਠੱਗੀ ਕਰ ਚੁੱਕਿਆ ਹੈ।
ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਮਿਲੀ ਤਾਂ ਪੁਲਿਸ ਨੇ ਭਾਮੀਆਂ ਕਲਾਂ ਸਥਿਤ ਡੀਪੀ ਕਲੋਨੀ ਵਾਸੀ ਪੰਕਜ ਸੂਰੀ, ਜੋ ਖੁਦ ਨੂੰ ਡਿਪਟੀ ਕਮਾਡੈਂਟ ਦੱਸਦਾ ਹੈ, ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਤੋਂ ਪੁੱਛਗਿਛ ਦੌਰਾਨ ਪਤਾ ਲੱਗਿਆ ਕਿ ਸੰਗਰੂਰ ਜੇਲ੍ਹ ’ਚ ਬੰਦ ਹਰਿਆਣਾ ਦੇ ਕੁਰੂਕਸ਼ੇਤਰ ਵਾਸੀ ਅਮਨ ਕੁਮਾਰ ਉਰਫ਼ ਅਵਿਲੋਕ ਵਿਰਾਜ ਖੱਤਰੀ ਇਸ ਫਰਜ਼ੀਵਾੜੇ ਦਾ ਮਾਸਟਰਮਾਈਂਡ ਹੈ। ਪੁਲਿਸ ਨੇ ਮੁਲਜ਼ਮ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿਛ ਕੀਤੀ ਤੇ ਸਾਰੀ ਕਹਾਣੀ ਪਤਾ ਕੀਤੀ।
ਮੁਲਜ਼ਮਾਂ ਦੇ ਕਬਜ਼ੇ ’ਚੋਂ ਪੁਲਿਸ ਨੇ ਸੀਸੀਟੀਐਨਐਸ ਕਮਾਂਡੈਂਟ ਦੇ ਨਾਮ ਤੋਂ ਬਣਾਇਆ ਗਿਆ ਜਾਅਲੀ ਆਈ ਕਾਰਡ, ਤਿੰਨ ਲੈਪਟਾਪ, ਇੱਕ ਪ੍ਰਿੰਟਰ, ਵੱਖ-ਵੱਖ ਕੰਪਨੀਆਂ ਦੇ 5 ਮੋਬਾਈਲ ਫੋਨ, ਚਾਰ ਸਟੈਂਪਾਂ, ਸੀਸੀਟੀਐਨਐਸ ਵਾਲੰਟੀਅਰ ਦੇ ਫਰਜ਼ੀ ਆਈ.ਡੀ. ਕਾਰਡ ਦੀਆਂ 2 ਕਾਪੀਆਂ, ਆਈਡੀ ਕਾਰਡ ਰੱਦ ਕਰਨ ਲਈ ਏਡੀਜੀ ਇੰਟੈਲੀਜੈਂਸ ਨਵੀਂ ਦਿੱਲੀ ਨੂੰ ਲਿਖੀ ਇੱਕ ਚਿੱਠੀ ਤੇ ਫਰਜ਼ੀ ਸੈਂਟਰਲ ਕਮਾਂਡੈਂਟ ਵਲੰਟੀਅਰ ਲਾਉਣ ਲਈ ਜਾਰੀ ਅਥਾਰਟੀ ਲੈਟਰ ਵੀ ਬਰਾਮਦ ਕੀਤੇ ਹਨ। ਪੁਲਿਸ ਮੁਲਜ਼ਮਾਂ ਤੋਂ ਲਗਾਤਾਰ ਪੁੱਛਗਿਛ ਕਰਨ ’ਚ ਲੱਗੀ ਹੈ ਤੇ ਪੁਲਿਸ ਨੂੰ ਸੰਭਾਵਨਾ ਹੈ ਕਿ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ।
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮ ਅਮਨ ਪਿਛਲੇ ਕਾਫ਼ੀ ਸਮੇਂ ਤੋਂ ਸੰਗਰੂਰ ਜੇਲ੍ਹ ’ਚ ਬੰਦ ਹੈ। ਉਹ ਜੇਲ੍ਹ ’ਚ ਅੰਦਰ ਤੋਂ ਹੀ ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਨਾਲ ਜੁੜਿਆ ਸੀ। ਮੁਲਜ਼ਮ ਨੇ ਸੀਸੀਟੀਐਨਐਸ ਨਾਮ ਤੋਂ ਇੱਕ ਵੈਬਸਾਈਟ ਬਣਾ ਰੱਖੀ ਸੀ ਜਿਸ ’ਚ ਉਹ ਖੁਦ ਨੂੰ ਏਡੀਜੀਪੀ ਸੈਂਟਰਲ ਕਮਾਂਡੈਂਟ ਨਵੀਂ ਦਿੱਲੀ ਦੱਸਦਾ ਸੀ। ਸੀਸੀਟੀਐਨਐਸ ਐਨਸੀਆਰਬੀ ਦਾ ਇੱਕ ਵਿਭਾਗ ਹੈ। ਉਹ ਫਰਜ਼ੀ ਵੈੱਬਸਾਈਡ ਰਾਹੀਂ ਲੋਕਾਂ ਨੂੰ ਸੀਸੀਟੀਐਨਐਸ ’ਚ ਭਰਤੀ ਦਾ ਝਾਂਸਾ ਦਿੰਦਾ ਸੀ ਤੇ ਇੱਕ ਫਾਰਮ ਭਰਨ ਦੇ ਨਾਮ ’ਤੇ 999 ਰੁਪਏ ਲੈ ਲੈਂਦਾ ਸੀ।
ਉਸ ਨੇ 400 ਤੋਂ ਵੱਧ ਲੋਕਾਂ ਨਾਲ ਠੱਗੀ ਕੀਤੀ ਹੈ ਤੇ ਉਨ੍ਹਾਂ ਨੂੰ ਪ੍ਰਾਈਵੇਟ ਤੌਰ ’ਤੇ ਸੀਸੀਟੀਐਨਐਸ ’ਚ ਵਲੰਟੀਅਰ ਵਜੋਂ ਕੰਮ ਕਰਨ ਲਈ ਕਿਹਾ। ਜੇਕਰ ਕਿਸੇ ਨੂੰ ਅਥਾਰਟੀ ਲੈਟਰ ਜਾਂ ਫਿਰ ਕੋਈ ਹੋਰ ਕਾਗਜ਼ਾਤ ਭੇਜਣੇ ਹੁੰਦੇ ਸਨ ਤਾਂ ਮੁਲਜ਼ਮ ਅਮਨ ਨੇ ਪੰਕਜ ਸੂਰੀ ਦੀ ਡਿਊਟੀ ਲਾ ਰੱਖੀ ਸੀ। ਪੰਕਜ ਸੂਰੀ, ਅਮਨ ਦੇ ਕਹੇ ’ਤੇ ਜਿਸ ਨੂੰ ਲੈਟਰ ਤੇ ਕਾਗਜ਼ ਭੇਜਣੇ ਹੁੰਦੇ ਸਨ, ਉਹ ਪ੍ਰਿੰਟ ਕੱਢ ਕੇ ਭੇਜ ਦਿੰਦਾ ਸੀ। ਮੁਲਜ਼ਮਾਂ ਨੇ ਇਸ ਲਈ ਫਰਜ਼ੀ ਸਟੈਂਪ ਵੀ ਬਣਾ ਰੱਖੀ ਸੀ ਤੇ ਅਧਿਕਾਰੀਆਂ ਦੀ ਪੂਰੀ ਜਾਣਕਾਰੀ ਵੀ ਦਿੰਦਾ ਸੀ। ਅਮਨ ਕੰਮ ਪੂਰਾ ਹੋਣ ਤੋਂ ਬਾਅਦ ਪੰਕਜ ਨੂੰ ਜੇਲ੍ਹ ਅੰਦਰੋ ਕਮਾਂਡ ਦਿੰਦਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਅੱਗੇ ਦਾ ਕੰਮ ਸ਼ੁਰੂ ਹੋ ਜਾਂਦਾ ਸੀ ਕਿ ਉਹ ਉਨ੍ਹਾਂ ਨਾਲ ਹੋਰ ਵੀ ਲੋਕਾਂ ਨੂੰ ਜੋੜਨ।
ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਮੁਲਜ਼ਮ ਅਮਨ ਕੁਮਾਰ ਉਰਫ਼ ਅਵਿਲੋਕ ਵਿਰਾਜ ਖੱਤਰੀ ’ਤੇ ਪੰਜਾਬ ਹੀ ਨਹੀਂ ਬਲਕਿ ਗੁਆਂਢੀ ਸੂਬਿਆਂ ਵੀ ਫਰਜ਼ੀਵਾੜੇ ਦੇ ਕਈ ਕੇਸ ਦਰਜ ਹਨ। ਇਸ ਤੋਂ ਇਲਾਵਾ ਉਹ ਪਟਿਆਲਾ ਸਮੇਤ ਪੰਜਾਬ ਦੀਆਂ ਕਈ ਜੇਲ੍ਹਾਂ ’ਚ ਬੰਦ ਰਹਿ ਚੁੱਕਿਆ ਹੈ। ਉਦੋਂ ਵੀ ਉਸਦੇ ਖਿਲਾਫ਼ ਕੇਸ ਦਰਜ ਹੁੰਦੇ ਰਹੇ ਹਨ। ਉਸਦਾ ਨਾਭਾ ਜੇਲ੍ਹ ਬਰੇਕ ਕਾਂਡ ’ਚ ਨਾਮ ਆਇਆ ਸੀ।