Ludhiana School Collapse: ਲੁਧਿਆਣਾ 'ਚ ਸਕੂਲ ਹਾਦਸੇ ਲਈ BJP ਨੇਤਾ 'ਤੇ FIR, ਲੈਂਟਰ ਡਿੱਗਣ ਕਾਰਨ ਅਧਿਆਪਕ ਦੀ ਹੋਈ ਸੀ ਮੌਤ
Ludhiana School Roof Collapse: ਲੁਧਿਆਣਾ ਦੇ ਬੱਦੋਵਾਲ ਵਿੱਚ ਇੱਕ ਸਰਕਾਰੀ ਸਕੂਲ ਦੀ ਛੱਤ ਡਿੱਗਣ ਨਾਲ ਇੱਕ ਅਧਿਆਪਕ ਦੀ ਮੌਤ ਹੋ ਗਈ। 3 ਜ਼ਖਮੀ ਅਧਿਆਪਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
Punjab News: ਲੁਧਿਆਣਾ ਜ਼ਿਲ੍ਹੇ ਦੇ ਬੱਦੋਵਾਲ ਵਿੱਚ ਇੱਕ ਸਰਕਾਰੀ ਸਕੂਲ ਦੇ ਕਮਰੇ ਦਾ ਲੈਂਟਰ ਡਿੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ। ਇਸ 'ਚ ਇੱਕ ਮਹਿਲਾ ਅਧਿਆਪਕ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਇਸ ਮਾਮਲੇ ਸਬੰਧੀ ਠੇਕੇਦਾਰ ਅਤੇ ਭਾਜਪਾ ਆਗੂ ਅਨਮੋਲ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਅਨਮੋਲ ਖ਼ਿਲਾਫ਼ ਥਾਣਾ ਮੁੱਲਾਂਪੁਰ ਦਾਖਾ ਵਿੱਚ ਧਾਰਾ 304 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੁਲਜ਼ਮ ਫ਼ਰਾਰ ਦੱਸਿਆ ਜਾ ਰਿਹਾ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਅਨਮੋਲ ਦੀ ਭਾਜਪਾ ਦੇ ਕਈ ਸੀਨੀਅਰ ਨੇਤਾਵਾਂ ਨਾਲ ਜਾਣ-ਪਛਾਣ ਦੱਸੀ ਜਾ ਰਹੀ ਹੈ।
ਮੈਜਿਸਟ੍ਰੇਟ ਜਾਂਚ ਦੇ ਆਦੇਸ਼
ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਵੀ ਆਪਣੇ ਪੱਧਰ 'ਤੇ ਜਾਂਚ ਕਰ ਰਿਹਾ ਹੈ। ਠੇਕੇਦਾਰ ਅਨਮੋਲ ਦੇ ਪਿਤਾ ਕਾਲਾ ਕਤਿਆਲ ਜਗਰਾਉਂ ਤੋਂ ਭਾਜਪਾ ਦੇ ਕੌਂਸਲਰ ਰਹਿ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੇ ਸਮੇਂ ਤੋਂ ਹੀ ਜਗਰਾਓਂ ਦੀਆਂ ਮੁੱਖ ਸੜਕਾਂ ਦੇ ਨਿਰਮਾਣ ਕਾਰਜਾਂ ਦੇ ਠੇਕੇ ਕੇਵਲ ਠੇਕੇਦਾਰ ਅਨਮੋਲ ਨੂੰ ਮਿਲਦੇ ਆ ਰਹੇ ਹਨ।
1960 ਵਿੱਚ ਬਣਾਇਆ ਗਿਆ ਸੀ
ਸਕੂਲ ਦੀ ਇਮਾਰਤ ਸਾਲ 1960 ਵਿੱਚ ਬਣੀ ਸੀ। ਫਿਲਹਾਲ ਇਹ ਇਮਾਰਤ ਖਸਤਾ ਹਾਲਤ ਵਿੱਚ ਸੀ। ਹਾਦਸੇ ਦੇ ਸਮੇਂ ਦੂਜੀ ਮੰਜ਼ਿਲ 'ਤੇ ਵੀ ਉਸਾਰੀ ਦਾ ਕੰਮ ਚੱਲ ਰਿਹਾ ਸੀ। ਪਿੱਲਰ ਡਿੱਗਣ ਕਾਰਨ ਗਰਾਊਂਡ ਫਲੋਰ 'ਤੇ ਸਟਾਫ ਰੂਮ ਦੀ ਛੱਤ ਡਿੱਗ ਗਈ। ਇਸ ਦੀ ਮੁਰੰਮਤ ਦਾ ਕੰਮ ਪੰਚਾਇਤੀ ਰਾਜ ਵਿਭਾਗ ਵੱਲੋਂ ਠੇਕੇਦਾਰ ਨੂੰ ਦਿੱਤਾ ਗਿਆ ਸੀ।
ਹਾਦਸੇ ਵਿੱਚ ਮਹਿਲਾ ਅਧਿਆਪਕ ਦੀ ਮੌਤ
ਬੱਦੋਵਾਲ ਦੇ ਸਰਕਾਰੀ ਸਕੂਲ ਵਿੱਚ ਲੈਂਟਰ ਡਿੱਗਣ ਕਾਰਨ ਮਹਿਲਾ ਅਧਿਆਪਕਾ ਰਵਿੰਦਰ ਕੌਰ ਦੀ ਮੌਤ ਹੋ ਗਈ ਹੈ। ਜਦਕਿ ਨਰਿੰਦਰਜੀਤ ਕੌਰ, ਸੁਖਜੀਤ ਕੌਰ ਅਤੇ ਇੰਦੂ ਰਾਣੀ ਜ਼ਖਮੀ ਹੋ ਗਏ ਹਨ। ਰਵਿੰਦਰ ਕੌਰ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਰਵਿੰਦਰ ਕੌਰ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਸੀ, ਜਦਕਿ ਸਾਹ ਲੈਣ ਵਾਲੀ ਨਲੀ 'ਚ ਮਿੱਟੀ ਫਸ ਜਾਣ ਕਾਰਨ ਉਸ ਦੀ ਮੌਤ ਹੋ ਗਈ। ਉਹ 2014 ਵਿੱਚ ਮਾਸਟਰ ਕਾਡਰ ਵਜੋਂ ਸ਼ਾਮਲ ਹੋਏ ਸਨ। ਹਾਦਸੇ ਤੋਂ ਬਾਅਦ ਸਕੂਲ 'ਚ ਸੋਗ ਦੀ ਲਹਿਰ ਹੈ। ਸਕੂਲ ਪ੍ਰਸ਼ਾਸਨ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਚਾਰੋਂ ਅਧਿਆਪਕ ਆਪੋ-ਆਪਣੀ ਕਲਾਸਾਂ ਲਾ ਕੇ ਸਟਾਫ ਰੂਮ ਵਿੱਚ ਬੈਠੇ ਹੋਏ ਸਨ। ਇਸ ਦੌਰਾਨ ਅਚਾਨਕ ਛੱਤ ਡਿੱਗ ਗਈ, ਜਿਸ ਕਾਰਨ ਅਧਿਆਪਕਾਂ ਨੂੰ ਵੀ ਕਮਰੇ ਤੋਂ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ।