Ludhiana News: ਲੁਧਿਆਣਾ ਵਾਸੀਆਂ ਲਈ ਖੁਸ਼ਖਬਰੀ! 24 ਘੰਟੇ ਮਿਲੇਗੀ ਪਾਣੀ ਦੀ ਸਪਲਾਈ, ਵਿਸ਼ਵ ਬੈਂਕ ਯੋਜਨਾ ਦਾ ਕਮਾਲ
ਨਿਗਮ ਵੱਲੋਂ 21 ਅਹੁਦਿਆਂ ’ਤੇ ਜਲਦੀ ਹੀ ਨਿਯੁਕਤੀ ਕੀਤੀ ਜਾਵੇਗੀ। ਇਸ ਲਈ ਨਿਗਮ ਨੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪ੍ਰਾਜੈਕਟ ਮੈਨੇਜਰ ਅਹੁਦੇ ਲਈ ਨਿਯੁਕਤ ਹੋਣ ਵਾਲੇ ਨੂੰ ਡੇਢ ਲੱਖ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।
Ludhiana News: ਵਿਸ਼ਵ ਬੈਂਕ ਯੋਜਨਾ ਤਹਿਤ ਨਗਰ ਨਿਗਮ ਖੇਤਰ ’ਚ 24 ਘੰਟੇ ਪਾਣੀ ਸਪਲਾਈ ਦੀ ਯੋਜਨਾ ਨੇ ਹੁਣ ਰਫ਼ਤਾਰ ਫੜਨੀ ਸ਼ੁਰੂ ਕਰ ਦਿੱਤੀ ਹੈ। ਨਿਗਮ ਵੱਲੋਂ 21 ਅਹੁਦਿਆਂ ’ਤੇ ਜਲਦੀ ਹੀ ਨਿਯੁਕਤੀ ਕੀਤੀ ਜਾਵੇਗੀ। ਇਸ ਲਈ ਨਿਗਮ ਨੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪ੍ਰਾਜੈਕਟ ਮੈਨੇਜਰ ਅਹੁਦੇ ਲਈ ਨਿਯੁਕਤ ਹੋਣ ਵਾਲੇ ਨੂੰ ਡੇਢ ਲੱਖ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।
ਨਿਗਮ ਖੇਤਰ ਅਧੀਨ 95 ਵਾਰਡਾਂ ’ਚ ਟਿਊਬਵੈਲ ਰਾਹੀਂ ਕਰੀਬ 3 ਤੋਂ 3.5 ਲੱਖ ਘਰਾਂ ਨੂੰ ਪਾਣੀ ਦਿੱਤਾ ਜਾਂਦਾ ਹੈ। ਇਸ ਲਈ ਕਰੀਬ 1000 ਵੱਡੇ ਤੇ 300 ਛੋਟੇ ਟਿਊਬਵੈਲਾਂ ਦੀ ਮਦਦ ਨਾਲ ਘਰਾਂ ਵਿੱਚ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ। ਲੁਧਿਆਣਾ ’ਚ ਹਾਲੇ ਤੱਕ ਪਾਣੀ ਦੀ ਸਪਲਾਈ 24 ਘੰਟੇ ਨਹੀਂ ਹੋ ਸਕੀ। ਇਸ ਦਾ ਕਾਰਨ ਲਗਾਤਾਰ ਟਿਊਬਵੈਲ ’ਚੋਂ ਨਿਕਲ ਰਹੇ ਪਾਣੀ ਕਾਰਨ ਜ਼ਮੀਨੀ ਪਾਣੀ ਦਾ ਪੱਧਰ ਹੇਠਾਂ ਜਾਣਾ ਹੈ। ਕੁਝ ਖੇਤਰਾਂ ’ਚ ਪ੍ਰਦੂਸ਼ਿਤ ਪਾਣੀ ਦੀ ਸਮੱਸਿਆ ਵੀ ਰਹਿੰਦੀ ਹੈ।
ਅਜਿਹੇ ’ਚ ਵਿਸ਼ਵ ਬੈਂਕ ਯੋਜਨਾ ਤਹਿਤ ਲੁਧਿਆਣਾ ’ਚ 24 ਘੰਟੇ ਪਾਣੀ ਦੀ ਸਪਲਾਈ ਲਈ 1500 ਕਰੋੜ ਦੀ ਯੋਜਨਾ ਮਨਜ਼ੂਰ ਕੀਤੀ ਗਈ ਹੈ। ਇਸ ਤਹਿਤ ਨਹਿਰੀ ਪਾਣੀ ਨੂੰ ਸਾਫ਼ ਕਰਕੇ ਸ਼ਹਿਰ ਵਾਸੀਆਂ ਦੀ ਮੰਗ ਨੂੰ ਪੂਰਾ ਕੀਤਾ ਜਾਵੇਗਾ। ਨਿਗਮ ਨੇ ਟੈਂਡਰ ਦੀ ਕਾਰਵਾਈ ਨੂੰ ਪੂਰਾ ਕਰ ਦਿੱਤਾ ਹੈ। ਜਲਦੀ ਹੀ ਚੰਡੀਗੜ੍ਹ ਤੋਂ ਟੈਂਡਰ ਦੀ ਕਾਰਵਾਈ ਪੂਰੀ ਕਰ ਲਈ ਜਾਵੇਗੀ।
ਇਸ ਤੋਂ ਬਾਅਦ ਹੁਣ ਨਿਗਮ ਨੇ ਯੋਜਨਾ ਦਾ ਕੰਮ ਪੂਰਾ ਕਰਨ ਲਈ ਪ੍ਰਾਜੈਕਟ ਮੈਨੇਜਰ, ਡਿਪਟੀ ਪ੍ਰਾਜੈਕਟ ਮੈਨੇਜਰ, ਇੰਜਨੀਅਰਾਂ ਦੀ ਭਰਤੀ ਲਈ ਕੰਮ ਸ਼ੁਰੂ ਕਰ ਦਿੱਤਾ ਹੈ। 21 ਅਹੁਦਿਆਂ ’ਤੇ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਅਧਿਕਾਰੀਆਂ ਦੀ ਮੰਨੀਏ ਤਾਂ ਇਨ੍ਹਾਂ ਦੀ ਨਿਯੁਕਤੀ ਹੋਣ ਤੋਂ ਬਾਅਦ ਯੋਜਨਾ ਜ਼ਮੀਨੀ ਪੱਧਰ ’ਤੇ ਸ਼ੁਰੂ ਹੋ ਸਕੇਗੀ।
ਸੂਤਰਾਂ ਦੀ ਮੰਨੀਏ ਤਾਂ ਇਸ ਪ੍ਰਾਜੈਕਟ ਨੂੰ ਪੂਰਾ ਹੋਣ ’ਚ ਕਰੀਬ 3 ਸਾਲ ਦਾ ਸਮਾਂ ਲੱਗੇਗਾ। ਵਿਸ਼ਵ ਬੈਂਕ ਦੀ ਯੋਜਨਾ ਤਹਿਤ ਸਿੱਧਵਾਂ ਨਹਿਰ ਦਾ ਪਾਣੀ ਵਰਤੋਂ ’ਚ ਲਿਆਂਦਾ ਜਾਵੇਗਾ। ਇਸ ਨਹਿਰ ਦੇ ਪ੍ਰਾਜੈਕਟ ਲਈ ਬਿਲਗਾ ਪਿੰਡ ਦੀ ਚੋਣ ਕੀਤੀ ਗਈ ਹੈ। ਇੱਥੇ ਵਾਟਰ ਟ੍ਰੀਟਮੈਂਟ ਪਲਾਂਟ ਬਣਾਇਆ ਜਾਵੇਗਾ। ਇਸ ਪਿੰਡ ਦੀ ਚੋਣ ਕਰਨ ਤੋਂ ਪਹਿਲਾਂ ਇੰਜਨੀਅਰਾਂ ਤੇ ਅਧਿਕਾਰੀਆਂ ਨੇ ਕਈ ਪਿੰਡਾਂ ਦੌਰਾ ਕੀਤਾ। ਕਾਫ਼ੀ ਵਿਚਾਰ ਕਰਨ ਤੋਂ ਬਾਅਦ ਉਕਤ ਪਿੰਡ ਦੀ ਚੋਣ ਕੀਤੀ ਗਈ ਹੈ।
ਨਗਰ ਨਿਗਮ ਐਸਈ ਰਾਜਿੰਦਰ ਗਰਗ ਨੇ ਦੱਸਿਆ ਕਿ 24 ਘੰਟੇ ਪਾਣੀ ਦੀ ਸਪਲਾਈ ਨੂੰ ਲੈ ਕੇ ਯੋਜਨਾ ’ਤੇ ਕੰਮ ਚੱਲ ਰਿਹਾ ਹੈ। ਇਸ ਲਈ ਵੱਖ ਤੋਂ ਸਟਾਫ਼ ਦੀ ਲੋੜ ਪਵੇਗੀ ਇਸ ਤਹਿਤ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਇਹ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।