ਸ਼ੰਕਰ ਦਾਸ ਦੀ ਰਿਪੋਰਟ


Ludhiana News: ਲੁਧਿਆਣਾ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ (ਕਿਸਾਨ ਕਾਂਗਰਸ) ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਪਿਛਲੇ ਢਾਈ ਮਹੀਨਿਆਂ ਤੋਂ ਘਰ ਵਿੱਚ ਨਜ਼ਰਬੰਦ ਹੈ। ਇਸ ਨੂੰ ਲੈ ਕੇ ਉਹ ਪ੍ਰੇਸ਼ਾਨ ਹੈ। ਮੰਡ ਨੇ ਬਾਹਰ ਨਾ ਕੱਢੇ ਜਾਣ 'ਤੇ ਹਾਈਕੋਰਟ ਜਾਣ ਦੀ ਗੱਲ ਕਹੀ ਹੈ। ਮੰਡ ਨੇ ਇਸ ਸਬੰਧੀ ਟਵੀਟ ਕੀਤਾ ਹੈ ਜਿਸ ਵਿੱਚ ਉਨ੍ਹਾਂ ਲਿਖਿਆ ਕਿ ਪੰਜਾਬ ਪੁਲਿਸ ਨੇ ਸੁਰੱਖਿਆ ਦਾ ਹਵਾਲਾ ਦੇ ਕੇ ਮੈਨੂੰ ਪਿਛਲੇ ਢਾਈ ਮਹੀਨਿਆਂ ਤੋਂ ਘਰ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ। ਮੈਨੂੰ ਆਪਣੇ ਕਾਰੋਬਾਰ ਤੇ ਮੀਟਿੰਗਾਂ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ, ਜੇਕਰ ਖ਼ਤਰਾ ਹੈ ਤਾਂ ਹੁਣ ਤੱਕ ਸੁਰੱਖਿਆ ਕਿਉਂ ਨਹੀਂ ਵਧਾਈ ਗਈ? ਜੇਕਰ 31 ਜਨਵਰੀ ਤੱਕ ਨਜ਼ਰਬੰਦੀ ਨਾ ਹਟਾਈ ਗਈ ਤਾਂ ਮੈਂ ਹਾਈਕੋਰਟ ਜਾਵਾਂਗਾ।



ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਮੰਡ ਨੇ ਇਸ ਤਰ੍ਹਾਂ ਦਾ ਟਵੀਟ ਕੀਤਾ ਹੋਵੇ। ਮੰਡ ਕਈ ਵਾਰ ਸੋਸ਼ਲ ਮੀਡੀਆ 'ਤੇ ਘਰੋਂ ਬਾਹਰ ਨਿਕਲਣ ਦੀਆਂ ਵੀਡੀਓ ਵੀ ਪਾ ਚੁੱਕੇ ਹਨ। ਕਈ ਵਾਰ ਉਹ ਜ਼ਮੀਨ 'ਤੇ ਲੇਟ ਕੇ ਵੀ ਗਲੀ 'ਚ ਪ੍ਰਦਰਸ਼ਨ ਕਰ ਚੁੱਕੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਬਾਹਰ ਜਾਣ ਦਿੱਤਾ ਜਾਵੇ। ਉਸ ਦੇ ਘਰ ਰਾਸ਼ਨ ਪਾਣੀ ਦਾ ਪ੍ਰਬੰਧ ਵੀ ਬਹੁਤ ਘੱਟ ਹੈ। ਕਾਰੋਬਾਰ ਬੰਦ ਹੈ।

 

 ਇਹ ਵੀ ਪੜ੍ਹੋ : ਸਖਤ ਵਿਰੋਧ ਮਗਰੋਂ ਵੀ ਨਹੀਂ ਟਲਿਆ ਰਾਮ ਰਹੀਮ, ਸਲਾਬਤਪੁਰਾ ਡੇਰੇ 'ਚ ਹੋ ਰਿਹਾ ਸਤਿਸੰਗ, 400 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ

ਇਸ ਦੇ ਨਾਲ ਹੀ ਮੰਡ ਨੇ ਕਿਹਾ ਕਿ ਉਹ 6 ਨਵੰਬਰ ਤੋਂ ਘਰ ਵਿੱਚ ਨਜ਼ਰਬੰਦ ਹੈ। ਅੱਤਵਾਦੀ ਉਸ ਨੂੰ ਮਾਰੇ ਜਾਂ ਨਾ ਮਾਰੇ ਪਰ ਕੋਈ ਕਾਰੋਬਾਰ ਨਾ ਕਰਨ ਕਾਰਨ ਉਸ ਦੇ ਘਰ ਦੀ ਆਰਥਿਕ ਹਾਲਤ ਖ਼ਰਾਬ ਹੋ ਗਈ ਹੈ। ਹੁਣ ਉਸ ਦੇ ਹਾਲਾਤ ਅਜਿਹੇ ਬਣ ਰਹੇ ਹਨ ਕਿ ਉਹ ਭੁੱਖਾ ਮਰ ਜਾਵੇਗਾ। ਖਾਣੇ ਦੇ ਵੀ ਲਾਲੇ ਪੈ ਚੁੱਕੇ ਹਨ ਤੇ ਘਰ ਦਾ ਗੁਜ਼ਾਰਾ ਵੀ ਨਹੀਂ ਹੋ ਰਿਹਾ ਹੈ।

 

 ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਫਿਰ ਵਿਗੜੇਗਾ ਮੌਸਮ, ਅਗਲੇ ਦੋ ਦਿਨ ਠੰਢੀਆਂ ਹਵਾਵਾਂ ਤੇ ਮੀਂਹ ਦਾ ਕਹਿਰ, ਵਧੇਗੀ ਠੰਢ

ਦੱਸ ਦੇਈਏ ਕਿ ਗੈਂਗਸਟਰਾਂ ਦੀਆਂ ਲਗਾਤਾਰ ਧਮਕੀਆਂ ਕਾਰਨ ਮੰਡ ਨੂੰ ਪਿਛਲੇ ਢਾਈ ਮਹੀਨਿਆਂ ਤੋਂ ਘਰ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ। ਮੰਡ ਗੈਂਗਸਟਰਾਂ ਤੇ ਖਾਲਿਸਤਾਨੀਆਂ ਦੇ ਨਿਸ਼ਾਨੇ 'ਤੇ ਰਿਹਾ ਹੈ। ਇਸ ਕਾਰਨ ਮੰਡ ਨੂੰ ਸੁਰੱਖਿਆ ਦਿੰਦੇ ਹੋਏ ਪੁਲਿਸ ਨੇ ਉਨ੍ਹਾਂ ਦੇ ਘਰ ਦੇ ਬਾਹਰ ਬੈਰੀਕੇਡਿੰਗ ਕਰਵਾ ਦਿੱਤੀ ਹੈ। ਉਨ੍ਹਾਂ ਦੇ ਘਰ ਦੀਆਂ ਕੰਧਾਂ 'ਤੇ ਸ਼ੀਸ਼ੇ ਵੀ ਲਗਾਏ ਹੋਏ ਹਨ। ਘਰ ਦੀ ਸੁਰੱਖਿਆ ਨੂੰ ਤਿੰਨ ਪੱਧਰੀ ਬਣਾਇਆ ਗਿਆ ਹੈ। ਪੁਲਿਸ ਅਧਿਕਾਰੀ ਮਾਹੌਲ ਮੁਤਾਬਕ ਕਿਸੇ ਕਿਸਮ ਦਾ ਜੋਖਮ ਨਹੀਂ ਉਠਾਉਣਾ ਚਾਹੁੰਦੇ, ਇਸੇ ਕਰਕੇ ਮੰਡ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ।