ਲੁਧਿਆਣਾ 'ਚ ਬੈਠੇ ਇੰਟਰਨੈਸ਼ਨਲ ਠੱਗ! ਦੁਨੀਆ ਦੇ ਕਿਸੇ ਵੀ ਕੋਨੇ 'ਚ ਮਾਰ ਲੈਂਦੇ ਚੁੱਪ-ਚੁਪੀਤੇ ਠੱਗੀ, 27 ਮੁੰਡੇ ਤੇ ਦੋ ਕੁੜੀਆਂ ਗ੍ਰਿਫ਼ਤਾਰ
ਪਹਿਲਾਂ ਚੋਰ ਤੇ ਠੱਗ 10-15 ਕਿਲੋਮੀਟਰ ਦੇ ਦਾਇਰੇ ਵਿੱਚ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸੀ ਪਰ ਅੱਜ-ਕੱਲ੍ਹ ਇੰਟਰਨੈਸ਼ਨਲ ਠੱਗ ਪੈਦਾ ਹੋ ਗਏ ਹਨ। ਹੁਣ ਠੱਗਾਂ ਨੇ ਅਜਿਹੇ ਜੁਗਾੜ ਲੱਭ ਲਏ ਹਨ ਕਿ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਲੋਕਾਂ ਨੂੰ ਸ਼ਿਕਾਰ ਬਣਾ ਰਹੇ ਹਨ।
Ludhiana News: ਪਹਿਲਾਂ ਚੋਰ ਤੇ ਠੱਗ 10-15 ਕਿਲੋਮੀਟਰ ਦੇ ਦਾਇਰੇ ਵਿੱਚ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸੀ ਪਰ ਅੱਜ-ਕੱਲ੍ਹ ਇੰਟਰਨੈਸ਼ਨਲ ਠੱਗ ਪੈਦਾ ਹੋ ਗਏ ਹਨ। ਹੁਣ ਠੱਗਾਂ ਨੇ ਅਜਿਹੇ ਜੁਗਾੜ ਲੱਭ ਲਏ ਹਨ ਕਿ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਲੋਕਾਂ ਨੂੰ ਸ਼ਿਕਾਰ ਬਣਾ ਰਹੇ ਹਨ। ਇਸੇ ਤਰ੍ਹਾਂ ਦਾ ਮਾਮਲਾ ਲੁਧਿਆਣਾ ਵਿੱਚ ਸਾਹਮਣੇ ਆਇਆ ਹੈ। ਇੱਥੇ ਬੈਠੇ ਠੱਗ ਅਮਰੀਕਾ, ਕੈਨੇਡਾ ਸਣੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਲੋਕਾਂ ਨਾਲ ਠੱਗੀਆਂ ਮਾਰਦੇ ਸਨ।
ਦਰਅਸਲ ਲੁਧਿਆਣਾ ਪੁਲਿਸ ਨੇ ਅਜਿਹੇ ਹੀ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ ਜੋ ਲੁਧਿਆਣਾ ਵਿੱਚ ਬੈਠ ਕੇ ਅਮਰੀਕਾ, ਕੈਨੇਡਾ ਰਹਿੰਦੇ ਲੋਕਾਂ ਨਾਲ ਠੱਗੀਆਂ ਮਾਰਦੇ ਸਨ। ਪੁਲਿਸ ਨੇ ਇਸ ਮਾਮਲੇ ਵਿੱਚ 27 ਮੁੰਡੇ ਤੇ ਦੋ ਲੜਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਭ ਪਿੰਡ ਦਾਦ ਸਥਿਤ ਇੱਕ ਘਰ ਵਿੱਚੋਂ ਕਾਫ਼ੀ ਸਮੇਂ ਤੋਂ ਇਹ ਫਰਜ਼ੀ ਕਾਲ ਸੈਂਟਰ ਚਲਾ ਰਹੇ ਸਨ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ’ਚ ਲੁਧਿਆਣਾ, ਗੁਰਦਾਸਪੁਰ ਦੇ ਨਾਲ ਨਾਲ ਗੁਜਰਾਤ, ਦਿੱਲੀ, ਨਾਗਾਲੈਂਡ, ਉਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਤੇ ਮੇਘਾਲਿਆ ਦੇ ਨੌਜਵਾਨ ਵੀ ਸ਼ਾਮਲ ਹਨ। ਪੁਲਿਸ ਨੇ ਗਰੋਹ ਦੇ ਦੋ ਲੋਕਾਂ ਨੂੰ ਪਹਿਲਾਂ ਕਾਬੂ ਕੀਤਾ ਸੀ, ਜਿਨ੍ਹਾਂ ਤੋਂ ਪੁੱਛ-ਪੜਤਾਲ ਤੋਂ ਬਾਅਦ ਸਾਰੀ ਕਹਾਣੀ ਸਾਹਮਣੇ ਆਈ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 14 ਇਲਕੈਟ੍ਰਾਨਿਕਸ ਟੈਬ, ਵੱਖ-ਵੱਖ ਕੰਪਨੀਆਂ ਦੇ 24 ਮੋਬਾਈਲ ਫੋਨ, 2 ਲੈਪਟਾਪ, 1.70 ਲੱਖ ਕੈਸ਼ ਅਤੇ ਹੋਰ ਕਾਗਜ਼ਾਤ ਬਰਾਮਦ ਕੀਤੇ ਹਨ।
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਪਹਿਲਾਂ ਵੀ ਅਜਿਹੇ ਗਰੋਹ ਨੂੰ ਕਾਬੂ ਕਰ ਚੁੱਕੀ ਹੈ। ਹੁਣ ਵੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੁਜਰਾਤ ਦੇ ਅਹਿਮਾਬਾਦ ਸਥਿਤ ਬਾਪੂ ਨਗਰ ਦਾ ਰਹਿਣ ਵਾਲਾ ਕ੍ਰਿਸ਼ਨ ਤੇ ਉੱਤਰ ਪ੍ਰਦੇਸ਼ ਦੇ ਬਰਿਆ ਵਾਸੀ ਸਚਿਨ ਸਿੰਘ ਫਰਜ਼ੀ ਕਾਲ ਸੈਂਟਰ ਚਲਾ ਰਹੇ ਹਨ। ਇਨ੍ਹਾਂ ਨਾਲ ਕੁਝ ਲੜਕੀਆਂ ਵੀ ਮਿਲੀਆਂ ਹੋਈਆਂ ਹਨ।
ਮੁਲਜ਼ਮ ਖੁਦ ਨੂੰ ਮਾਈਕਰੋ ਸਾਫ਼ਟ ਹੈਡ ਕੁਆਰਟਰ ਤੇ ਐਪਲ ਹੈੱਡਕੁਆਰਟਰ ਦਾ ਦੱਸ ਕੇ ਫਰਜ਼ੀ ਨੰਬਰ ਦਿੱਤੇ ਹੋਏ ਹਨ ਜਿਸ ’ਤੇ ਵਿਦੇਸ਼ਾਂ ’ਚ ਬੈਠੇ ਲੋਕ ਆਪਣੀਆਂ ਸ਼ਿਕਾਇਤਾਂ ਦੱਸਦੇ ਹਨ। ਮੁਲਜ਼ਮ ਗਾਹਕਾਂ ਦਾ ਫੋਨ ਸੁਣਦੇ ਸੁਣਦੇ ਸਾਰੀ ਜਾਣਕਾਰੀ ਹਾਸਲ ਕਰ ਲੈਂਦੇ ਹਨ ਤੇ ਉਨ੍ਹਾਂ ਦਾ ਪੂਰਾ ਸਿਸਟਮ ਹੀ ਹੈਕ ਕਰ ਲੈਂਦੇ ਸਨ। ਗਾਹਕਾਂ ਨੂੰ ਇੱਕ ਗਿਫ਼ਟ ਕਾਰਡ ਦਿੱਤਾ ਜਾਂਦਾ ਹੈ ਤੇ ਗਿਫ਼ਟ ਕਾਰਡ ’ਤੇ ਦਿੱਤੇ ਨੰਬਰ ਰਾਹੀਂ ਗਾਹਕਾਂ ਦੇ ਖਾਤਿਆਂ ਦੀ ਜਾਣਕਾਰੀ ਹੈਕ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਸਾਰਾ ਅਕਾਊਂਟ ਖਾਲੀ ਕਰ ਦਿੱਤਾ ਜਾਂਦਾ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਅਮਰੀਕਾ ’ਚ ਰਹਿਣ ਵਾਲੇ ਲੋਕਾਂ ਨੂੰ ਮਾਈਕਰੋ ਸਾਫ਼ਟ ਹੈਡ ਕੁਆਰਟਰ ਤੇ ਐਪਲ ਹੈਡ ਕੁਆਰਟਰ ਤੋਂ ਕਸਟਮਰ ਕੇਅਰ ਸੁਵਿਧਾ ਦੇਣ ਦਾ ਦਾਅਵਾ ਕਰਦੇ ਸਨ। ਜੇਕਰ ਕੋਈ ਗਾਹਕ ਮੁਲਜ਼ਮਾਂ ਵੱਲੋਂ ਦਿੱਤੇ ਨੰਬਰਾਂ ’ਤੇ ਫੋਨ ਕਰਦਾ ਤਾਂ ਪਹਿਲਾਂ ਕਾਲ ਦਿੱਲੀ ਜਾਂਦੀ ਤੇ ਬਾਅਦ ’ਚ ਲੁਧਿਆਣਾ ਟਰਾਂਸਫਰ ਹੋ ਜਾਂਦੀ ਸੀ। ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਤੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਮੁਲਜ਼ਮਾਂ ਸਚਿਨ ਸਿੰਘ, ਬਾਲ ਕ੍ਰਿਸਨ, ਲੜਕੀ ਵਾਂਚੀ ਮਾਰਕ, ਕਲੀਅਰਿਨ ਖਾਏਰੇਮ, ਕ੍ਰਿਸਨ ਸਿੰਘ, ਅਮਰ ਸਿੰਘ, ਦੀਪਕ ਸ਼ਾਹ, ਯਾਦਵ ਸੰਦੀਪ, ਯਾਦਵ ਸੰਤੋਸ਼, ਕੁਲਦੀਪ, ਕੇਵਿਕਾ, ਮਿਸ਼ਰਾ ਚਿਰਾਗ, ਸੂਰਜ ਰਾਏ, ਵਿਕਾਸ ਸਿੰਘ, ਹਾਰਦਿਕ ਭਰਤ ਭਾਈ ਸੌਲੰਕੀ, ਪ੍ਰਵੀਨ ਸਹਿਗਲ, ਵਿੰਨੀ ਦੇਵ, ਹਰਮਨ ਸਿੰਘ, ਸੂਰਜ ਠਾਕੁਰ, ਗਗਨਦੀਪ ਸਿੰਘ, ਕਾਊਸਿਲੀ, ਮੋਹਾਕਾ ਆਊਮੀ, ਲਵਪ੍ਰੀਤ ਸਿੰਘ, ਰਾਹੁਲ ਠਾਕੁਰ, ਅਰਜੁਨ ਸਿੰਘ ਸਹੋਤਾ, ਵਿਕਾਸ ਯਾਦਵ, ਕਮਲੇਸ਼ ਪਾਲ ਦੇ ਖਿਲਾਫ਼ ਧੋਖਾਧੜੀ ਸਮੇਤ ਆਈਟੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।