44 ਘੰਟਿਆਂ ਬਾਅਦ ਜਗਜੀਤ ਡੱਲੇਵਾਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਨਾਲ ਸਨ ਪੁਲਿਸ ਮੁਲਾਜ਼ਮ, ਜਾਣੋ ਅਪਡੇਟ
Ludhiana News: ਪੰਜਾਬ ਪੁਲਿਸ ਵੱਲੋਂ ਖਨੌਰੀ ਸਰਹੱਦ ਤੋਂ ਹਿਰਾਸਤ ਵਿੱਚ ਲਏ ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਪਹਿਲੀ ਤਸਵੀਰ 44 ਘੰਟਿਆਂ ਬਾਅਦ ਲੁਧਿਆਣਾ ਦੇ ਡੀਐਮਸੀ ਹਸਪਤਾਲ ਤੋਂ ਸਾਹਮਣੇ ਆਈ ਹੈ।
Ludhiana News: ਪੰਜਾਬ ਪੁਲਿਸ ਵੱਲੋਂ ਖਨੌਰੀ ਸਰਹੱਦ ਤੋਂ ਹਿਰਾਸਤ ਵਿੱਚ ਲਏ ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਪਹਿਲੀ ਤਸਵੀਰ 44 ਘੰਟਿਆਂ ਬਾਅਦ ਲੁਧਿਆਣਾ ਦੇ ਡੀਐਮਸੀ ਹਸਪਤਾਲ ਤੋਂ ਸਾਹਮਣੇ ਆਈ ਹੈ। ਇਸ ਵਿੱਚ ਉਹ ਡੀਐਮਸੀ ਦੇ ਅੰਦਰ ਜਾਂਦੇ ਹੋਏ ਨਜ਼ਰ ਆ ਰਹੇ ਹਨ, ਪਰ ਉਨ੍ਹਾਂ ਦੇ ਨਾਲ ਪੁਲਿਸ ਮੁਲਾਜ਼ਮ ਵੀ ਮੌਜੂਦ ਹਨ। ਡੱਲੇਵਾਲ ਦੀ ਹਾਲਤ ਨੂੰ ਲੈ ਕੇ ਕਿਸਾਨ ਲਗਾਤਾਰ ਚਿੰਤਾ ਪ੍ਰਗਟ ਕਰ ਰਹੇ ਸਨ। ਹਾਲਾਂਕਿ ਡੱਲੇਵਾਲ ਨੂੰ ਮਿਲਣ ਨੂੰ ਲੈ ਕੇ ਪੁਲਿਸ ਵੱਲੋਂ ਅਜੇ ਵੀ ਸਖ਼ਤੀ ਬਰਕਰਾਰ ਹੈ।
ਬੁੱਧਵਾਰ ਨੂੰ ਪੰਜਾਬ ਪੁਲਿਸ ਦੇ ਡੀਆਈਜੀ ਮਨਦੀਪ ਸਿੱਧੂ, ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਅਤੇ ਇੰਟੈਲੀਜੈਂਸ ਅਧਿਕਾਰੀ ਕਿਸਾਨਾਂ ਨਾਲ ਮੀਟਿੰਗ ਕਰਨ ਲਈ ਖਨੌਰੀ ਬਾਰਡਰ ਪਹੁੰਚੇ ਸਨ। ਪੁਲਿਸ ਚਾਹੁੰਦੀ ਸੀ ਕਿ ਕਿਸਾਨ ਮਰਨ ਵਰਤ ’ਤੇ ਨਾ ਬੈਠਣ। ਪਰ ਇਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਮੀਟਿੰਗ ਵਿੱਚ ਡੱਲੇਵਾਲ ਦਾ ਮੁੱਦਾ ਚੁੱਕਿਆ ਗਿਆ। ਸਪੱਸ਼ਟ ਕੀਤਾ ਗਿਆ ਕਿ ਜਦੋਂ ਤੱਕ ਡੱਲੇਵਾਲ ਮੋਰਚੇ 'ਤੇ ਨਹੀਂ ਆਉਂਦੇ, ਉਦੋਂ ਤੱਕ ਕੋਈ ਹੋਰ ਗੱਲਬਾਤ ਨਹੀਂ ਹੋਵੇਗੀ।
ਇਸ ’ਤੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਦੀ ਗੱਲ ਸੁਣ ਲਈ ਹੈ। ਇਹ ਸੰਦੇਸ਼ ਉੱਚ ਅਧਿਕਾਰੀਆਂ ਅਤੇ ਸਰਕਾਰ ਤੱਕ ਪਹੁੰਚਾਇਆ ਜਾਵੇਗਾ। ਇਸ ਬਾਰੇ ਜਲਦੀ ਹੀ ਜਾਣਕਾਰੀ ਦਿੱਤੀ ਜਾਵੇਗੀ।ਕਿਸਾਨਾਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਮਰਨ ਵਰਤ ਦੌਰਾਨ ਕਿਸੇ ਆਗੂ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਦੂਜਾ ਸਾਥੀ ਮਰਨ ਵਰਤ 'ਤੇ ਬੈਠ ਜਾਵੇਗਾ।