ਕੇਜਰੀਵਾਲ ਨੂੰ ਵਪਾਰੀਆਂ ਤੋਂ ਵੱਡੀਆਂ ਆਸਾਂ ! ਕਿਹਾ-ਅਸੀਂ ਵਪਾਰੀਆਂ ਦੇ ਕਈ ਮਸਲੇ ਕੀਤੇ ਹੱਲ, ਸਾਨੂੰ 13 ਦੀਆਂ 13 ਸੀਟਾਂ ਦੇ ਦਿਓ
ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਵਿੱਚ ਵਪਾਰ ਅਤੇ ਉਦਯੋਗ ਦੀ ਹਾਲਤ ਐਨੀ ਮਾੜੀ ਸੀ ਕਿ ਇੱਥੋਂ ਦੇ ਉਦਯੋਗ ਪੰਜਾਬ ਛੱਡ ਕੇ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਨੇੜਲੇ ਰਾਜਾਂ ਵਿੱਚ ਜਾ ਰਹੇ ਸਨ। ਪਿਛਲੇ ਦੋ ਸਾਲਾਂ ਵਿੱਚ ਪੰਜਾਬ ਵਿੱਚੋਂ ਉਦਯੋਗਾਂ ਦੇ ਜਾਣ ਦਾ ਸਿਲਸਿਲਾ ਖ਼ਤਮ ਹੋ ਗਿਆ ਹੈ
Ludhiana News: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਲੁਧਿਆਣਾ ਵਿੱਚ ਇੱਕ ਵਪਾਰੀ ਮਿਲਣੀ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਲੁਧਿਆਣਾ ਤੋਂ ‘ਆਪ’ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਜਿਤਾਉਣ ਦੀ ਅਪੀਲ ਕੀਤੀ ਅਤੇ ਲੋਕਾਂ ਨੂੰ ਕਿਹਾ ਕਿ ‘ਆਪ’ ਉਮੀਦਵਾਰ ਤੁਹਾਡੇ ਸਾਰੇ ਮੁੱਦੇ ਜ਼ੋਰਦਾਰ ਤਰੀਕੇ ਨਾਲ ਪਾਰਲੀਮੈਂਟ ਵਿੱਚ ਉਠਾਉਣਗੇ ਅਤੇ ਤੁਹਾਡੇ ਹੱਕਾਂ ਲਈ ਕੇਂਦਰ ਸਰਕਾਰ ਨਾਲ ਲੜਨਗੇ।
ਟਾਊਨ ਹਾਲ ਮੀਟਿੰਗ ਵਿੱਚ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਮੈਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਮੋਹਾਲੀ ਵਿੱਚ ਵਪਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ ਸਨ। ਅਸੀਂ ਹਰ ਸ਼ਹਿਰ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ 3 ਘੰਟੇ ਮੀਟਿੰਗ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਿਆ। ਇਸ ਤੋਂ ਬਾਅਦ ਭਗਵੰਤ ਮਾਨ ਨੇ ਹੁਸ਼ਿਆਰਪੁਰ, ਦਸੂਹਾ, ਦੀਨਾਨਗਰ, ਪਟਿਆਲਾ, ਮੋਗਾ ਅਤੇ ਪਠਾਨਕੋਟ ਜਾ ਕੇ ਕਾਰੋਬਾਰੀਆਂ ਨਾਲ ਮਿਲਣੀ ਕੀਤੀ।
ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਵਿੱਚ ਵਪਾਰ ਅਤੇ ਉਦਯੋਗ ਦੀ ਹਾਲਤ ਐਨੀ ਮਾੜੀ ਸੀ ਕਿ ਇੱਥੋਂ ਦੇ ਉਦਯੋਗ ਪੰਜਾਬ ਛੱਡ ਕੇ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਨੇੜਲੇ ਰਾਜਾਂ ਵਿੱਚ ਜਾ ਰਹੇ ਸਨ। ਪਿਛਲੇ ਦੋ ਸਾਲਾਂ ਵਿੱਚ ਪੰਜਾਬ ਵਿੱਚੋਂ ਉਦਯੋਗਾਂ ਦੇ ਜਾਣ ਦਾ ਸਿਲਸਿਲਾ ਖ਼ਤਮ ਹੋ ਗਿਆ ਹੈ ਅਤੇ ਉਦਯੋਗਾਂ ਦੇ ਪੰਜਾਬ ਵਿੱਚ ਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅੱਜ ਪੰਜਾਬ 'ਚ 56 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਵਿਦੇਸ਼ੀ ਕੰਪਨੀਆਂ ਵੀ ਹੁਣ ਇੱਥੇ ਉਦਯੋਗਿਕ ਜ਼ਮੀਨ ਖਰੀਦ ਰਹੀਆਂ ਹਨ। ਜਮਸ਼ੇਦਪੁਰ ਤੋਂ ਬਾਅਦ ਟਾਟਾ ਸਟੀਲ ਦਾ ਸਭ ਤੋਂ ਵੱਡਾ ਪਲਾਂਟ ਹੁਣ ਪੰਜਾਬ ਵਿੱਚ ਲਗਾਇਆ ਜਾ ਰਿਹਾ ਹੈ।
ਕੇਜਰੀਵਾਲ ਨੇ ਕਿਹਾ ਕਿ ਪਿਛਲੀ ਵਾਰ ਮੈਂ ਤੁਹਾਡੀਆਂ ਸਮੱਸਿਆਵਾਂ ਸੁਣਨ ਆਇਆ ਸੀ, ਪਰ ਇਸ ਵਾਰ ਤੁਹਾਡਾ ਸਮਰਥਨ ਮੰਗਣ ਆਇਆ ਹਾਂ। ਤੁਸੀਂ ਲੋਕਾਂ ਨੇ ਦੋ ਸਾਲ ਪਹਿਲਾਂ ਵਿਧਾਨ ਸਭਾ ਵਿੱਚ ਭਾਰੀ ਬਹੁਮਤ ਦਿੱਤਾ ਸੀ। ਇਹ ਲੋਕ ਸਭਾ ਚੋਣਾਂ ਹਨ। ਇਸ ਵਾਰ ਸਾਨੂੰ ਕੇਂਦਰ ਵਿੱਚ ਮਜ਼ਬੂਤ ਕਰੋ। ਸਾਰੀਆਂ 13 ਸੀਟਾਂ ਜਿੱਤਾ ਦਿਓ ਫਿਰ ਲੋਕ ਸਭਾ ਵਿੱਚ ਸਿਰਫ਼ ਪੰਜਾਬ ਹੀ ਗੂੰਜੇਗਾ। ਉਨ੍ਹਾਂ ਕਿਹਾ ਕਿ ਸਾਡੇ ਸਾਰੇ ਸੰਸਦ ਮੈਂਬਰ ਪੰਜਾਬ ਦੇ ਲੋਕਾਂ ਦੀ ਆਵਾਜ਼ ਉਠਾਉਣਗੇ ਅਤੇ ਕੇਂਦਰ ਨਾਲ ਸਬੰਧਿਤ ਸਾਰੇ ਮਸਲੇ ਹੱਲ ਕਰਵਾਉਣਗੇ। ਜਦੋਂ ਪੰਜਾਬ 'ਚ ਸਾਡੇ 13 ਸੰਸਦ ਮੈਂਬਰ ਹੋਣਗੇ ਤਾਂ ਕੇਂਦਰ ਸਰਕਾਰ ਪੰਜਾਬ ਦਾ 1 ਰੁਪਏ ਦਾ ਫੰਡ ਵੀ ਨਹੀਂ ਰੋਕ ਸਕੇਗੀ।