Ludhiana News: ਖੰਨਾ ਦੇ ਸ਼ਿਵਪੁਰੀ ਮੰਦਿਰ 'ਚ ਹੋਈ ਲੱਖਾਂ ਦੀ ਚੋਰੀ, ਸੋਨਾ-ਚਾਂਦੀ ਲੈਕੇ ਹੋਏ ਫਰਾਰ, ਘਟਨਾ CCTV 'ਚ ਕੈਦ
Ludhiana News: ਖੰਨਾ ਦੇ ਮਸ਼ਹੂਰ ਸ਼ਿਵਪੁਰੀ ਮੰਦਰ 'ਚ ਲੱਖਾਂ ਦੀ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ।
Ludhiana News: ਖੰਨਾ ਦੇ ਮਸ਼ਹੂਰ ਸ਼ਿਵਪੁਰੀ ਮੰਦਰ 'ਚ ਵਾਪਰੀ ਨਿੰਦਣਯੋਗ ਘਟਨਾ ਨੇ ਸ਼ਹਿਰ 'ਚ ਤਣਾਅ ਪੈਦਾ ਕਰ ਦਿੱਤਾ ਹੈ। ਅੱਜ 15 ਅਗਸਤ ਨੂੰ ਸਵੇਰੇ ਤੜਕੇ-ਤੜਕੇ ਦੋ ਨਕਾਬਪੋਸ਼ ਵਿਅਕਤੀ ਮੰਦਰ ਵਿੱਚ ਦਾਖਲ ਹੋਏ ਅਤੇ ਹਥੌੜੇ ਅਤੇ ਸੱਬਲ ਦੀ ਮਦਦ ਨਾਲ ਸ਼ਿਵਲਿੰਗ ਦੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ ਅਤੇ ਉੱਥੇ ਲੱਗੀ ਚਾਂਦੀ ਚੋਰੀ ਕਰ ਲਈ। ਇੰਨਾ ਹੀ ਨਹੀਂ ਚੋਰਾਂ ਨੇ ਮੰਦਰ 'ਚ ਮੌਜੂਦ ਹੋਰ ਮੂਰਤੀਆਂ ਦੇ ਤਾਜ ਅਤੇ ਗਹਿਣੇ ਵੀ ਚੋਰੀ ਕਰ ਲਏ। ਗੱਲੇ ਤੋੜ ਕੇ ਉਸ ਵਿਚੋਂ ਨਕਦੀ ਚੋਰੀ ਕਰਕੇ ਲੈ ਗਏ।
ਨਕਾਬਪੋਸ਼ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਇਸ ਘਟਨਾ ਵਿੱਚ ਕਰੀਬ 20 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਸਾਉਣ ਮਹੀਨੇ ਵਿੱਚ ਸ਼ਿਵਲਿੰਗ ਦੀ ਬੇਅਦਬੀ ਕੀਤੇ ਜਾਣ ਕਰਕੇ ਸ਼ਿਵ ਭਗਤਾਂ ਵਿੱਚ ਰੋਸ ਹੈ। ਸ਼ਹਿਰ ਦੀਆਂ ਸਾਰੀਆਂ ਮੰਦਰ ਕਮੇਟੀਆਂ ਅਤੇ ਹਿੰਦੂ ਸੰਗਠਨਾਂ ਨੇ ਮੀਟਿੰਗ ਬੁਲਾਈ ਹੈ। ਘਟਨਾ ਵੀਰਵਾਰ ਤੜਕੇ 3.30 ਵਜੇ ਦੇ ਕਰੀਬ ਵਾਪਰੀ।
ਚੋਰੀ ਦੀ ਘਟਨਾ ਮੰਦਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਦੋ ਜਣੇ ਮੰਦਰ ਵਿੱਚ ਦਾਖਲ ਹੋਏ ਅਤੇ ਸਿੱਧੇ ਸ਼ਿਵਲਿੰਗ ਵੱਲ ਚਲੇ ਗਏ। ਘਟਨਾ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਚੋਰਾਂ ਨੇ ਵਾਰਦਾਤ ਤੋਂ ਪਹਿਲਾਂ ਮੰਦਰ ਦੀ ਪੂਰੀ ਤਰ੍ਹਾਂ ਰੇਕੀ ਕੀਤੀ ਸੀ। ਇਸ ਕਰਕੇ ਉਹ ਸ਼ਿਵਲਿੰਗ 'ਤੇ ਲੱਗੀ ਚਾਂਦੀ ਦੀ ਪਰਤ ਨੂੰ ਤੋੜਨ ਲਈ ਆਪਣੇ ਨਾਲ ਸੰਦ ਲੈ ਕੇ ਆਇਆ ਸੀ। ਉਹ ਆਪਣੇ ਨਾਲ ਸ਼ਿਵਲਿੰਗ 'ਤੇ ਰੱਖੀ ਚਾਂਦੀ ਦੀ ਗਾਗਰ ਵੀ ਨਾਲ ਲੈ ਗਏ।
ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਮੰਦਰ ਤੋਂ ਇਲਾਵਾ ਆਸਪਾਸ ਦੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।