ਰਾਜਾ ਵੜਿੰਗ ਦਾ ਵੱਡਾ ਦਾਅਵਾ, ਕਾਂਗਰਸ ਵੱਡੇ ਫਰਕ ਨਾਲ ਜਿੱਤੇਗੀ, 'One Nation One Election' 'ਤੇ ਚੁੱਕੇ ਸਵਾਲ
Ludhiana By Election 2025: ਲੁਧਿਆਣਾ ਵਿੱਚ 19 ਜੂਨ ਨੂੰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿੱਤ ਨੂੰ ਲੈਕੇ ਵੱਡਾ ਦਾਅਵਾ ਕੀਤਾ ਹੈ।

Ludhiana By Election 2025: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੱਡਾ ਦਾਅਵਾ ਕੀਤਾ ਹੈ ਕਿ ਲੁਧਿਆਣਾ ਪੱਛਮੀ ਹਲਕੇ ਤੋਂ ਕਾਂਗਰਸ ਵੱਡੇ ਫਰਕ ਨਾਲ ਜਿੱਤੇਗੀ। ਅਸੀਂ ਇਸ ਸੀਟ 'ਤੇ ਇੱਕ ਪਾਸੜ ਚੋਣਾਂ ਜਿੱਤਾਂਗੇ।
ਜ਼ਿਮਨੀ ਚੋਣਾਂ ਨੂੰ ਲੈਕੇ ਕਾਂਗਰਸ ਸੂਬਾ ਪ੍ਰਧਾਨ ਨੇ ਕਿਹਾ, "ਚੋਣਾਂ ਵਿੱਚ ਦੂਰ-ਦੂਰ ਤੱਕ ਕੋਈ ਟੱਕਰ ਦੇਣ ਵਾਲਾ ਨਹੀਂ ਹੈ। ਅਸੀਂ ਆਸਾਨੀ ਨਾਲ ਚੋਣ ਜਿੱਤਾਂਗੇ। ਅਕਾਲੀ ਦਲ ਦੇ ਆਗੂਆਂ ਵਲੋਂ ਕਾਂਗਰਸ ਵਿੱਚ ਸ਼ਾਮਲ ਹੋਣ 'ਤੇ ਸੂਬਾ ਪ੍ਰਧਾਨ ਨੇ ਕਿਹਾ ਕਿ ਜ਼ਾਹਰ ਜਿਹੀ ਗੱਲ ਹੈ ਕਿ ਅਕਾਲੀ ਦਲ ਕਮਜ਼ੋਰ ਹੋਵੇਗਾ ਤਾਂ ਪੰਜਾਬ ਵਿੱਚ ਕਾਂਗਰਸ ਨੂੰ ਮਜ਼ਬੂਤੀ ਮਿਲੇਗੀ।"
'ਵਨ ਨੇਸ਼ਨ, ਵਨ ਇਲੈਕਸ਼ਨ' ਦੇ ਮੁੱਦੇ 'ਤੇ ਰਾਜਾ ਵੜਿੰਗ ਨੇ ਕਿਹਾ ਕਿ ਮੀਟਿੰਗ ਵਿੱਚ ਅਸੀਂ ਕਿਹਾ ਸੀ ਕਿ ਇਹ ਸਰਕਾਰ ਦੀ ਤਾਨਾਸ਼ਾਹੀ ਹੈ। ਸਾਨੂੰ ਰੋਡਮੈਪ ਦੱਸੋ ਕਿ ਉਹ ਕੀ ਕਰਨਾ ਚਾਹੁੰਦੇ ਹਨ। ਕਿਹੜੀਆਂ ਚੋਣਾਂ ਹੋਣਗੀਆਂ। ਉਨ੍ਹਾਂ ਕਿਹਾ, "ਸਰਕਾਰ ਕਹਿ ਰਹੀ ਹੈ ਕਿ 'ਵਨ ਨੇਸ਼ਨ ਵਨ ਇਲੈਕਸ਼ਨ, ਨਾਲ ਦੇਸ਼ ਦਾ ਪੈਸਾ ਬਚੇਗਾ। ਜੇਕਰ ਸਰਕਾਰ ਦਾ ਉਦੇਸ਼ ਪੈਸੇ ਬਚਾਉਣਾ ਹੈ, ਤਾਂ ਪ੍ਰਧਾਨ ਮੰਤਰੀ ਦੇ ਜਹਾਜ਼ 'ਤੇ ਲਗਭਗ 9000 ਕਰੋੜ ਰੁਪਏ ਖਰਚ ਕਰਨ ਦੀ ਕੀ ਲੋੜ ਸੀ।"
'ਅਗਲੀ ਲੋਕ ਸਭਾ ਵਿੱਚ ਕੀ ਬਦਲਾਅ ਹੋਣਗੇ'
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ 2027 ਵਿੱਚ ਹਨ। ਜਦੋਂ ਕਿ ਅਗਲੀਆਂ ਲੋਕ ਸਭਾ ਚੋਣਾਂ 2029 ਵਿੱਚ ਹੋਣੀਆਂ ਹਨ। ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ 2029 ਦੀਆਂ ਲੋਕ ਸਭਾ ਚੋਣਾਂ ਵਿੱਚ ਕੀ ਬਦਲਾਅ ਕੀਤੇ ਜਾਣਗੇ। ਜੇਕਰ ਜ਼ਿਮਨੀ-ਚੋਣਾਂ ਦੀ ਸਥਿਤੀ ਬਣਦੀ ਹੈ, ਤਾਂ ਇਸ ਲਈ ਕੀ ਪ੍ਰਬੰਧ ਹਨ। 'ਵਨ ਨੇਸ਼ਨ, ਵਨ ਇਲੈਕਸ਼ਨ' ਲੋਕਤੰਤਰ ਦੇ ਵਿਰੁੱਧ ਹੈ।
ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਲੋਕਤੰਤਰ ਅਨੁਸਾਰ ਚੁਣੇ ਹੋਏ ਵਿਅਕਤੀ ਨੂੰ ਪੰਜ ਸਾਲ ਤੱਕ ਰਹਿਣਾ ਪੈਂਦਾ ਹੈ। ਜੇਕਰ ਚੋਣਾਂ ਵਿਚਕਾਰ ਹੋ ਜਾਂਦੀਆਂ ਹਨ ਤਾਂ ਚੁਣੇ ਹੋਏ ਨੁਮਾਇੰਦਿਆਂ ਦਾ ਕੀ ਹੋਵੇਗਾ? ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਕੀ ਹੋਵੇਗਾ? ਅਜਿਹੇ ਬਹੁਤ ਸਾਰੇ ਸਵਾਲ ਹਨ, ਜਿਨ੍ਹਾਂ ਦਾ ਜਵਾਬ ਮੌਜੂਦਾ ਸੰਸਦ ਮੈਂਬਰਾਂ ਕੋਲ ਵੀ ਨਹੀਂ ਹਨ। ਸਰਕਾਰ ਨੂੰ ਇਸ ਬਾਰੇ ਆਮ ਲੋਕਾਂ ਤੋਂ ਰਾਏ ਲੈਣੀ ਚਾਹੀਦੀ ਹੈ।






















