Ludhiana News: ਕਿਸਾਨਾਂ ਦੀ ਜੂਨ ਬੁਰੀ! ਨਕਲੀ ਕੀਟਨਾਸ਼ਕ ਕਰਕੇ ਸੈਂਕੜੇ ਏਕੜ ਆਲੂਆਂ ਦੀ ਫਸਲ ਬਰਬਾਦ
artificial pesticides:ਅਜਿਹਾ ਹੀ ਮਾਮਲਾ ਲੁਧਿਆਣਾ ਜ਼ਿਲ੍ਹੇ ਵਿੱਚ ਸਾਹਮਣੇ ਆਇਆ ਹੈ। ਇੱਥੇ ਨਕਲੀ ਕੀਟਨਾਸ਼ਕ ਕਰਕੇ ਸੈਂਕੜੇ ਏਕੜ ਆਲੂ ਦੀ ਫਸਲ ਬਰਬਾਦ ਹੋ ਗਈ ਹੈ।
Ludhiana News: ਕਿਸਾਨਾਂ ਦੀ ਜੂਨ ਬੁਰੀ। ਫਸਲਾਂ 'ਤੇ ਕਦੇ ਮੌਸਮ ਦੀ ਮਾਰ ਤੇ ਕਦੇ ਬਿਮਾਰੀਆਂ ਦੀ ਹਮਲਾ। ਦਿਨ-ਰਾਤ ਹੱਡ ਭੰਨ੍ਹਵੀਂ ਮਿਹਨਤ ਦੇ ਬਾਵਜੂਦ ਕਿਸਾਨ ਦੇ ਪੱਲੇ ਕੁਝ ਪੈਣ ਦੀ ਕੋਈ ਗਰੰਟੀ ਨਹੀਂ। ਬੇਸ਼ੱਕ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਪਰ ਮਾੜੇ ਸਿਸਟਮ ਕਰਕੇ ਕਿਸਾਨਾਂ ਨੂੰ ਮਨੁੱਖੀ ਗਲਤੀਆਂ ਦਾ ਸ਼ਿਕਾਰ ਵੀ ਹੋਣਾ ਪੈ ਰਿਹਾ ਹੈ। ਅਜਿਹਾ ਹੀ ਮਾਮਲਾ ਲੁਧਿਆਣਾ ਜ਼ਿਲ੍ਹੇ ਵਿੱਚ ਸਾਹਮਣੇ ਆਇਆ ਹੈ। ਇੱਥੇ ਨਕਲੀ ਕੀਟਨਾਸ਼ਕ ਕਰਕੇ ਸੈਂਕੜੇ ਏਕੜ ਆਲੂ ਦੀ ਫਸਲ ਬਰਬਾਦ ਹੋ ਗਈ ਹੈ।
ਹਾਸਲ ਜਾਣਕਾਰੀ ਮੁਤਾਬਕ ਜਗਰਾਓਂ ਇਲਾਕੇ ਦੇ ਕਈ ਪਿੰਡਾਂ ਦੇ ਕਿਸਾਨਾਂ ਦੀ ਸੈਂਕੜੇ ਏਕੜ ਆਲੂਆਂ ਦੀ ਫ਼ਸਲ ਬਰਬਾਦ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਟੀਮ ਨੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਅਗਵਾਈ ਹੇਠ ਤਬਾਹ ਹੋਏ ਆਲੂਆਂ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ। ਸਥਿਤੀ ਜਾਣਨ ਮਗਰੋਂ ਕਿਸਾਨ ਜਥੇਬੰਦੀ ਦਾ ਵਫ਼ਦ ਉਪ ਮੰਡਲ ਮੈਜਿਸਟਰੇਟ ਨੂੰ ਵੀ ਮਿਲਿਆ ਜਿਨ੍ਹਾਂ ਕਮੇਟੀ ਬਣਾ ਕੇ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਹੈ। ਕਿਸਾਨ ਜਥੇਬੰਦੀ ਦਾ ਦੋਸ਼ ਹੈ ਕਿ ਇਹ ਆਲੂ ਨਕਲੀ ਕੀਟਨਾਸ਼ਕ ਕਰਕੇ ਬਰਬਾਦ ਹੋਇਆ ਹੈ, ਇਸ ਲਈ ਸਰਕਾਰ ਬਣਦੀ ਕਾਰਵਾਈ ਕਰਕੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਵੇ।
ਹਾਸਲ ਜਾਣਕਾਰੀ ਮੁਤਾਬਕ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਵਿੱਚ ਮਨਜਿੰਦਰ ਸਿੰਘ ਰਸੂਲਪੁਰ ਦੇ 18 ਏਕੜ, ਤਰਸੇਮ ਸਿੰਘ ਦੇ 4 ਏਕੜ, ਹਰਪ੍ਰੀਤ ਸਿੰਘ ਦੇ 18 ਏਕੜ, ਬਲਜੀਤ ਸਿੰਘ ਤੇ ਕੁਲਵੰਤ ਸਿੰਘ ਪੰਜ-ਪੰਜ ਏਕੜ, ਕੁਲਵੰਤ ਸਿੰਘ ਸੱਤ ਏਕੜ, ਤਰਸੇਮ ਸਿੰਘ ਦੋ ਏਕੜ, ਦਵਿੰਦਰ ਸਿੰਘ ਬੋਦਲਵਾਲਾ ਦੇ ਛੇ ਏਕੜ, ਅਰਵਿੰਦਰ ਸਿੰਘ ਦੇ 12 ਏਕੜ, ਜਗਤਾਰ ਸਿੰਘ ਦੇ ਤਿੰਨ ਏਕੜ ਹਰਦੀਪ ਸਿੰਘ ਕੋਠੇ ਰਾਹਲਾਂ ਦੇ 15 ਏਕੜ, ਸਰਪੰਚ ਤਾਰ ਸੀਲੋਆਣੀ ਦੇ 110 ਏਕੜ, ਵਰਿੰਦਰ ਸਿੰਘ ਦੇ ਦਸ ਏਕੜ ਦੇ ਆਲੂ ਸ਼ਾਮਲ ਹਨ।
ਜ਼ਿਲ੍ਹਾ ਪ੍ਰਧਾਨ ਕਮਾਲਪੁਰਾ ਨੇ ਨੇੜਲੇ ਪਿੰਡ ਰਸੂਲਪੁਰ ’ਚ ਬਰਬਾਦ ਆਲੂ ਦਿਖਾਉਂਦੇ ਹੋਏ ਦੱਸਿਆ ਕਿ ਰਸੂਲਪੁਰ ਜੰਡੀ ਤੋਂ ਇਲਾਵਾ ਬੋਦਲਵਾਲਾ, ਕੋਠੇ ਰਾਹਲਾਂ ਤੇ ਸੀਲੋਆਣੀ ’ਚ ਭਾਰੀ ਨੁਕਸਾਨ ਹੋਇਆ ਹੈ। ਆਲੂ ਦੀ ਫ਼ਸਲ ਦੇ ਖ਼ਰਾਬੇ ਨੇ ਆਲੂ ਕਾਸ਼ਤਕਾਰ ਕਿਸਾਨਾਂ ਨੂੰ ਆਰਥਿਕ ਨੁਕਸਾਨ ਪਹੁੰਚਿਆ ਹੈ। ਕਿਸਾਨਾਂ ਨੇ ਰੋਸ ਪ੍ਰਗਟਾਉਂਦੇ ਹੋਏ ਘਟੀਆ ਕੀਟਨਾਸ਼ਕ ਬਣਾਉਣ ਅਤੇ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਕੀਟਨਾਸ਼ਕ ਦਵਾਈ ਦੇ ਗ਼ਲਤ ਅਸਰ ਕਾਰਨ ਇਹ ਨੁਕਸਾਨ ਹੋਇਆ ਹੈ।
ਇਸ ਦੌਰਾਨ ਕਿਸਾਨ ਜਥੇਬੰਦੀ ਨੇ ਮਾਮਲਾ ਉਪ ਮੰਡਲ ਮੈਜਿਸਟਰੇਟ ਮਨਜੀਤ ਕੌਰ ਤੇ ਬਾਗ਼ਬਾਨੀ ਵਿਭਾਗ ਦੇ ਅਧਿਕਾਰੀ ਜਸਪ੍ਰੀਤ ਕੌਰ ਦੇ ਧਿਆਨ ’ਚ ਲਿਆਂਦਾ। ਉਨ੍ਹਾਂ ਕਿਹਾ ਕਿ ਕੀਟਨਾਸ਼ਕ ਦਵਾਈ 25 ਕਿਲੋਗ੍ਰਾਮ ਪ੍ਰਤੀ ਏਕੜ ਪਾਉਣੀ ਸੀ ਜੋ 2400 ਰੁਪਏ ਦੇ ਹਿਸਾਬ ਨਾਲ ਦਿੱਤੀ ਗਈ। ਇਸ ਤਰ੍ਹਾਂ ਕਿਸਾਨਾਂ ਨੇ ਮੋਟੀ ਰਕਮ ਇਸ ਦਵਾਈ ’ਤੇ ਖਰਚ ਕੀਤੀ ਪਰ ਫਾਇਦਾ ਹੋਣ ਦੀ ਥਾਂ ਉਲਟਾ ਨੁਕਸਾਨ ਹੋਇਆ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਆਲੂ ਕਾਸ਼ਤਕਾਰਾਂ ਦਾ ਨੁਕਸਾਨ ਸਰਕਾਰ ਦੀ ਅਣਗਹਿਲੀ ਕਰਕੇ ਹੋਇਆ ਹੈ। ਹਰ ਸਾਲ ਨਕਲੀ ਕੀਟਨਾਸ਼ਕਾਂ ਕਰਕੇ ਅਜਿਹਾ ਨੁਕਸਾਨ ਹੁੰਦਾ ਹੈ ਪਰ ਇਹ ਨਕਲੀ ਦਵਾਈਆਂ ਦਾ ਉਤਪਾਦਨ ਅਤੇ ਵਿਕਰੀ ਬੰਦ ਨਹੀਂ ਹੁੰਦੀ। ਐੱਸਡੀਐੱਮ ਮਨਜੀਤ ਕੌਰ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਕਮੇਟੀ ਬਣਾ ਕੇ ਜਾਂਚ ਕਰਵਾਈ ਜਾਵੇਗੀ।