Ludhiana News: ਪਰਵਾਸੀ ਮਜ਼ਦੂਰਾਂ ਨੂੰ ਪਿੰਡ ਛੱਡਣ ਦੇ ਹੁਕਮਾਂ ਦਾ ਮਾਮਲਾ ਭਖਿਆ, ਪ੍ਰਸਾਸ਼ਨ ਦੇ ਨਾਲ ਹੀ ਜਨਤਕ ਜਥੇਬੰਦੀਆਂ ਵੀ ਪੰਚਾਇਤ ਦੇ ਹੁਕਮਾਂ ਖਿਲਾਫ ਡਟੀਆਂ
ਇੱਕ ਪਾਸੇ ਉਪ ਮੰਡਲ ਮੈਜਿਸਟਰੇਟ ਨੇ ਇਸ ਸਬੰਧੀ ਬਕਾਇਦਾ ਰਿਪੋਰਟ ਮੰਗ ਲਈ ਹੈ ਤੇ ਪੁਲਿਸ ਅਧਿਕਾਰੀਆਂ ਨੂੰ ਬਣਦੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ ਤਾਂ ਦੂਜੇ ਪਾਸੇ ਜਨਤਕ ਜਥੇਬੰਦੀਆਂ ਨੇ ਇੱਕ-ਦੋ ਜਣਿਆਂ ਦੀ ਗਲਤੀ ਨੂੰ ਜਾਤੀ ਮਸਲਾ ਤੇ ਭਾਈਚਾਰਕ ਸਾਂਝ ਤੋੜਨ...
Ludhiana News: ਪਿੰਡ ਸਵੱਦੀ ਕਲਾਂ ’ਚ ਰਹਿੰਦੇ ਪਰਵਾਸੀ ਮਜ਼ਦੂਰਾਂ ਨੂੰ ਦੋ ਦਿਨਾਂ ’ਚ ਪਿੰਡ ਖਾਲੀ ਕਰਨ ਸਬੰਧੀ ਪੰਚਾਇਤ ਵੱਲੋਂ ਮਤਾ ਪਾਸ ਕਰਨ ਦਾ ਮਾਮਲਾ ਭਖ ਗਿਆ ਹੈ। ਇੱਕ ਪਾਸੇ ਉਪ ਮੰਡਲ ਮੈਜਿਸਟਰੇਟ ਨੇ ਇਸ ਸਬੰਧੀ ਬਕਾਇਦਾ ਰਿਪੋਰਟ ਮੰਗ ਲਈ ਹੈ ਤੇ ਪੁਲਿਸ ਅਧਿਕਾਰੀਆਂ ਨੂੰ ਬਣਦੀ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ ਤਾਂ ਦੂਜੇ ਪਾਸੇ ਜਨਤਕ ਜਥੇਬੰਦੀਆਂ ਨੇ ਇੱਕ-ਦੋ ਜਣਿਆਂ ਦੀ ਗਲਤੀ ਨੂੰ ਜਾਤੀ ਮਸਲਾ ਤੇ ਭਾਈਚਾਰਕ ਸਾਂਝ ਤੋੜਨ ਦੇ ਯਤਨ ਨੂੰ ਗਲਤ ਤੇ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ।
ਦੱਸ ਦਈਏ ਕਿ ਪਰਵਾਸੀ ਮਜ਼ਦੂਰਾਂ ਤੇ ਪਿੰਡ ਦੇ ਕਿਸਾਨ ਦੇ ਝਗੜੇ ਦੌਰਾਨ ਪੱਗ ਲੱਥ ਗਈ ਸੀ। ਐਤਵਾਰ ਦੀ ਇਹ ਘਟਨਾ ਬਾਅਦ ’ਚ ਵੱਡੀ ਬਣ ਗਈ ਤੇ ਸੋਮਵਾਰ ਨੂੰ ਪਿੰਡ ਦੇ ਇਕੱਠ ’ਚ ਪਰਵਾਸੀ ਮਜ਼ਦੂਰ ਕੱਢਣ ਦਾ ਫ਼ੈਸਲਾ ਲਿਆ ਗਿਆ। ਇਸ ਬਾਬਤ ਪਿੰਡ ਦੇ ਸਰਪੰਚ ਲਾਲ ਸਿੰਘ ਤੇ ਸਮੂਹ ਗਰਾਮ ਪੰਚਾਇਤ ਨੇ ਬਕਾਇਆ ਤੌਰ ’ਤੇ ਮਤਾ ਵੀ ਪਾਸ ਕਰ ਦਿੱਤਾ। ਇਸ ਤੋਂ ਬਾਅਦ ਪਿੰਡ ’ਚ ਇਕ ਵਿਅਕਤੀ ਵੱਲੋਂ ਬਣਾਏ ਕੁਆਰਟਰਾਂ ’ਚ ਰਹਿੰਦੇ ਦਰਜਨਾਂ ਪਰਵਾਸੀ ਮਜ਼ਦੂਰਾਂ ’ਚੋਂ ਕਈ ਪਿੰਡ ਛੱਡ ਕੇ ਚਲੇ ਗਏ ਜਦਕਿ ਬਾਕੀ ਵੀ ਤਿਆਰੀ ਕਰ ਰਹੇ ਹਨ।
ਮਾਮਲਾ ਸੁਰਖੀਆਂ ’ਚ ਆਉਣ `ਤੇ ਐਸਡੀਐਮ ਮਨਜੀਤ ਕੌਰ ਨੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਤੋਂ ਇਸ ਮਾਮਲੇ ਦੀ ਪੂਰੀ ਰਿਪੋਰਟ ਮੰਗ ਲਈ ਹੈ। ਉਨ੍ਹਾਂ ਬੀਡੀਪੀਓ ਨੂੰ ਫੌਰੀ ਤੌਰ `ਤੇ ਲਿਖਤ ਰਿਪੋਰਟ ਸੌਂਪਣ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਡੀਐੱਸਪੀ ਨੂੰ ਜਾਂਚ ਕਰਕੇ ਬਣਦੀ ਕਾਰਵਾਈ ਅਤੇ ਦੋਸ਼ੀ ਪਾਏ ਜਾਣ ਵਾਲੀਆਂ ਧਿਰਾਂ ਖ਼ਿਲਾਫ਼ ਮਾਮਲਾ ਦਰਜ ਕਰਨ ਲਈ ਕਿਹਾ ਹੈ।
ਉਧਰ, ਇਲਾਕੇ ਦੀਆਂ ਜਨਤਕ ਜਥੇਬੰਦੀਆਂ ਪਲਸ ਮੰਚ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਤੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਕੰਵਲਜੀਤ ਖੰਨਾ, ਜਗਤਾਰ ਸਿੰਘ ਦੇਹੜਕਾ, ਇੰਦਰਜੀਤ ਧਾਲੀਵਾਲ ਨੇ ਇਸ ਨੂੰ ਅਤਿ ਗੰਭੀਰ ਮਾਮਲਾ ਕਰਾਰ ਦਿੱਤਾ ਹੈ। ਇਸ ਦੀ ਉੱਚ ਪੱਧਰੀ ਜਾਂਚ ਤੇ ਇਸ ਬਾਰੇ ਨਿਰਪੱਖ ਕਾਰਵਾਈ ਦੀ ਮੰਗ ਕਰਦੇ ਹੋਏ ਉਕਤ ਆਗੂਆਂ ਨੇ ਕਿਹਾ ਹੈ ਕਿ ਪੱਗ ਲਾਹੁਣ ਦੀ ਘਟਨਾ ਬਹੁਤ ਹੀ ਮੰਦਭਾਗੀ ਹੈ ਪਰ ਇੱਕ ਦੋ ਜਣਿਆਂ ਦੀ ਕਾਰਵਾਈ ਲਈ ਕਿਸੇ ਵੀ ਸਮੁੱਚੇ ਫਿਰਕੇ, ਭਾਈਚਾਰੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਜਿਨ੍ਹਾਂ ਨੇ ਪੱਗ ਲਾਹੀ ਉਨ੍ਹਾਂ ਖਿ਼ਲਾਫ਼ ਪੁਲਿਸ ਕਾਰਵਾਈ ਹੋਵੇ ਪਰ ਗੈਰ-ਸੰਵਿਧਾਨਕ ਮਤਾ ਪਾਸ ਕਰਨ ਵਾਲਿਆਂ ਨੂੰ ਵੀ ਬਖਸ਼ਿਆ ਨਹੀਂ ਜਾਣਾ ਚਾਹੀਦਾ।