Punjab Weather Today: ਪੰਜਾਬ ‘ਚ ਬਰਫ਼ੀਲੀ ਹਵਾਵਾਂ ਦਾ ਕਹਿਰ, ਇਕਦਮ ਵਧੀ ਠੰਡ, 2 ਦਿਨ ਲਈ ਸ਼ੀਤ ਲਹਿਰ ਦਾ ਯੈਲੋ ਅਲਰਟ, ਆਦਮਪੁਰ ਸਭ ਤੋਂ ਠੰਡਾ; ਆਉਣ ਵਾਲੇ ਦਿਨ ਮੁਸ਼ਕਿਲ ਭਰੇ
ਪੰਜਾਬ ‘ਚ ਬਰਫ਼ੀਲੀ ਹਵਾਵਾਂ ਦਾ ਕਹਿਰ ਬਰਸਾ ਰਹੀਆਂ ਹਨ, ਜਿਸ ਕਰਕੇ ਪੰਜਾਬੀ ਠੰਡ ਦੇ ਮਾਰੇ ਠੁਰ-ਠੁਰ ਕਰ ਰਹੇ ਹਨ। ਦੱਸ ਦਈਏ ਆਉਣ ਵਾਲੀ 9 ਅਤੇ 10 ਦਸੰਬਰ ਨੂੰ ਰਾਜ ਵਿੱਚ ਮੁੜ ਸ਼ੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

Punjab Weather: ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜਕੱਲ ਸ਼ੀਤ ਲਹਿਰ ਦਾ ਅਸਰ ਜਾਰੀ ਹੈ, ਪੰਜਾਬੀਆਂ ਨੂੰ ਕਾਂਬਾ ਛਿੜਿਆਂ ਪਿਆ ਹੈ। ਪਹਾੜਾਂ ਵੱਲੋਂ ਵੱਗ ਰਹੀਆਂ ਬਰਫ਼ੀਲੀਆਂ ਹਵਾਵਾਂ ਨੇ ਪੂਰੇ ਖੇਤਰ ਦੇ ਮੌਸਮ ‘ਤੇ ਪ੍ਰਭਾਵ ਪਾਇਆ ਹੈ। ਹਾਲਾਂਕਿ ਮੌਸਮ ਵਿਭਾਗ ਮੁਤਾਬਕ ਅੱਜ ਅਤੇ ਕੱਲ੍ਹ ਲਈ ਸ਼ੀਤ ਲਹਿਰ ਦਾ ਕੋਈ ਅਲਰਟ ਨਹੀਂ, ਪਰ 9 ਅਤੇ 10 ਦਸੰਬਰ ਨੂੰ ਰਾਜ ਵਿੱਚ ਮੁੜ ਸ਼ੀਤ ਲਹਿਰ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਸ਼ਹਿਰ ਰਹੇ ਸਭ ਵੱਧ ਠੰਡੇ
ਇਸ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ ਥੋੜ੍ਹੀ ਵਾਧਾ ਦਰਜ ਕੀਤਾ ਗਿਆ ਹੈ ਅਤੇ ਇਹ ਆਮ ਪੱਧਰ ਦੇ ਨੇੜੇ ਪਹੁੰਚ ਗਿਆ ਹੈ। ਰਾਜ ਦੇ ਸਭ ਤੋਂ ਠੰਢੇ ਸਥਾਨ ਆਦਮਪੁਰ ਅਤੇ ਫਰੀਦਕੋਟ ਰਹੇ, ਜਿੱਥੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 2.2°C ਅਤੇ 2.5°C ਰਿਕਾਰਡ ਕੀਤਾ ਗਿਆ। ਆਦਮਪੁਰ ਦਾ ਤਾਪਮਾਨ ਪੂਰੇ ਦੇਸ਼ ਦੇ ਮੈਦਾਨੀ ਇਲਾਕਿਆਂ ਵਿੱਚ ਸਭ ਤੋਂ ਘੱਟ ਰਿਹਾ।
ਰਾਤ ਦੇ ਤਾਪਮਾਨ ਵਿੱਚ ਹੋਵੇਗੀ ਵਾਧਾ
ਮੌਸਮ ਵਿਭਾਗ ਮੁਤਾਬਕ ਇਸ ਵੇਲੇ ਇੱਕ ਵੈਸਟਰਨ ਡਿਸਟਰਬੈਂਸ ਸਰਗਰਮ ਹੈ, ਜੋ ਮੌਸਮ ‘ਤੇ ਅਸਰ ਪਾ ਰਿਹਾ ਹੈ। ਇਸਦੇ ਬਾਵਜੂਦ ਮੌਸਮ ਸੁੱਕਾ ਰਹਿਣ ਦੀ ਸੰਭਾਵਨਾ ਹੈ। ਕੁਝ ਇਲਾਕਿਆਂ ਵਿੱਚ ਹਲਕਾ ਤੋਂ ਮੱਧਮ ਧੁੰਦ ਪੈ ਸਕਦੀ ਹੈ। ਅਗਲੇ 48 ਘੰਟਿਆਂ ਵਿੱਚ ਰਾਤ ਦੇ ਤਾਪਮਾਨ ਵਿੱਚ 2–3°C ਤੱਕ ਵਾਧਾ ਹੋਣ ਦੀ ਸੰਭਾਵਨਾ ਹੈ, ਪਰ ਇਸ ਤੋਂ ਬਾਅਦ ਤਾਪਮਾਨ 3–5°C ਤੱਕ ਮੁੜ ਘੱਟ ਸਕਦਾ ਹੈ।
11 ਦਸੰਬਰ ਤੱਕ ਦਿਨ ਵਿੱਚ ਵੀ ਵਧੇਗੀ ਠੰਡ
ਮੌਸਮ ਵਿਭਾਗ ਦੇ ਮੁਤਾਬਕ 11 ਦਸੰਬਰ ਤੱਕ ਰਾਜ ਦੇ ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ ਵਿੱਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 20–22°C ਰਹਿਣ ਦੀ ਸੰਭਾਵਨਾ ਹੈ, ਜਦਕਿ ਬਾਕੀ ਹਿੱਸਿਆਂ ਵਿੱਚ ਇਹ 22–24°C ਤੱਕ ਰਹਿ ਸਕਦਾ ਹੈ। ਇਸ ਹਫ਼ਤੇ ਪੂਰੇ ਰਾਜ ਵਿੱਚ ਦਿਨ ਦਾ ਤਾਪਮਾਨ ਆਮ ਤੋਂ ਲੈ ਕੇ ਥੋੜ੍ਹਾ ਘੱਟ ਰਹਿਣ ਦੀ ਉਮੀਦ ਹੈ।
ਇਸੇ ਤਰ੍ਹਾਂ ਰਾਜ ਦੇ ਉੱਤਰੀ ਜ਼ਿਲ੍ਹਿਆਂ — ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਰੋਪੜ (ਰੂਪਨਗਰ), ਮੋਹਾਲੀ ਅਤੇ ਕਪੂਰਥਲਾ — ਅਤੇ ਦੱਖਣੀ ਪੰਜਾਬ ਦੇ ਜ਼ਿਲ੍ਹਿਆਂ — ਬਠਿੰਡਾ, ਮਨਸਾ, ਬਰਨਾਲਾ, ਫਰੀਦਕੋਟ, ਫ਼ਾਜ਼ਿਲਕਾ, ਮੁਕਤਸਰ ਸਾਹਿਬ, ਸੰਗਰੂਰ ਅਤੇ ਮਲੇਰਕੋਟਲਾ — ਵਿੱਚ ਦਿਨ ਦਾ ਤਾਪਮਾਨ ਆਮ ਤੋਂ ਵੀ ਘੱਟ ਰਹੇਗਾ। ਰਾਤ ਦਾ ਤਾਪਮਾਨ 4 ਤੋਂ 6 ਡਿਗਰੀ ਦੇ ਨੇੜੇ ਰਹਿਣ ਦੇ ਆਸਾਰ ਹਨ।
ਚੰਡੀਗੜ੍ਹ ਦੀ ਹਵਾ ਪੰਜਾਬ ਤੋਂ ਵੀ ਜ਼ਿਆਦਾ ਪ੍ਰਦੂਸ਼ਿਤ
ਪੰਜਾਬ ਦੇ ਮੁਕਾਬਲੇ ਚੰਡੀਗੜ੍ਹ ਦੀ ਹਵਾ ਹੋਰ ਵੱਧ ਪ੍ਰਦੂਸ਼ਿਤ ਪਾਈ ਗਈ ਹੈ। ਸਵੇਰੇ 6 ਵਜੇ ਅੰਮ੍ਰਿਤਸਰ ਦਾ AQI 85 ਦਰਜ ਕੀਤਾ ਗਿਆ, ਜਦਕਿ ਬਠਿੰਡਾ ਦਾ AQI 76, ਜਲੰਧਰ ਦਾ AQI 130, ਖੰਨਾ ਦਾ AQI 151, ਲੁਧਿਆਣਾ ਦਾ AQI 144, ਮੰਡੀ ਗੋਬਿੰਦਗੜ੍ਹ ਦਾ AQI 271 ਅਤੇ ਪਟਿਆਲਾ ਦਾ AQI 128 ਰਿਕਾਰਡ ਕੀਤਾ ਗਿਆ।
ਉੱਧਰ ਚੰਡੀਗੜ੍ਹ ਵਿੱਚ ਸੈਕਟਰ-22 ਦਾ AQI 214, ਸੈਕਟਰ-25 ਦਾ AQI 184 ਅਤੇ ਸੈਕਟਰ-52 ਦਾ AQI 172 ਦਰਜ ਹੋਇਆ ਹੈ।






















