Ludhiana News: ਰਾਜਾ ਵੜਿੰਗ ‘ਆਊਟਸਾਈਡਰ’, ‘ਗਰਮੀਆਂ ਦੀਆਂ ਛੁੱਟੀਆਂ’ ਦਾ ਆਨੰਦ ਲੈਣ ਲੁਧਿਆਣੇ ਆਇਆ: ਰਵਨੀਤ ਬਿੱਟੂ
ਕਾਂਗਰਸ ਵੱਲੋਂ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨੇ ਜਾਣ ਮਗਰੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਖੂਬ ਭੜਾਸ ਕੱਢੀ ਹੈ।
Ludhiana News: ਕਾਂਗਰਸ ਵੱਲੋਂ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੁਧਿਆਣਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨੇ ਜਾਣ ਮਗਰੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਖੂਬ ਭੜਾਸ ਕੱਢੀ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਕਾਂਗਰਸ ਨੇ ‘ਆਊਟਸਾਈਡਰ’ ਨੂੰ ਲੁਧਿਆਣਾ ਲੋਕ ਸਭਾ ਚੋਣ ਲਈ ਮੈਦਾਨ ਵਿੱਚ ਉਤਾਰ ਕੇ ਪਹਿਲਾਂ ਹੀ ਆਪਣੀ ਹਾਰ ਸਵੀਕਾਰ ਕਰ ਲਈ ਹੈ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਨੂੰ ਚੋਣ ਲੜਨ ਲਈ ਲੁਧਿਆਣਾ ਦਾ ਕੋਈ ਵੀ ਸਥਾਨਕ ਆਗੂ ਨਹੀਂ ਲੱਭਿਆ ਤੇ ਪਾਰਟੀ ਨੂੰ ਬਾਹਰੋਂ ਉਮੀਦਵਾਰ ਲੱਭ ਕੇ ਲਿਆਉਣਾ ਪਿਆ। ਲੁਧਿਆਣਾ ਦੇ ਸਮੁੱਚੀ ਕਾਂਗਰਸ ਪਾਰਟੀ ਦੇ ਕੇਡਰ ਲਈ ਇਹ ਨਮੋਸ਼ੀ ਵਾਲੀ ਗੱਲ ਹੈ ਕਿ ਪਾਰਟੀ ਪ੍ਰਧਾਨ ਨੂੰ ਹੀ ਉਮੀਦਵਾਰ ਐਲਾਨ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣ ਵਿੱਚ ਕਾਂਗਰਸ ਪਾਰਟੀ ਦਾ ਸੂਬਾਈ ਪ੍ਰਧਾਨ ਆਪਣੀਆਂ ‘ਗਰਮੀਆਂ ਦੀਆਂ ਛੁੱਟੀਆਂ’ ਦਾ ਆਨੰਦ ਲੈਣ ਲਈ ਇੱਥੇ ਆਇਆ ਹੈ। ਉਨ੍ਹਾਂ ਕਿਹਾ ਕਿ ਉਹ ਇੱਥੇ ਆ ਕੇ ਹੋਟਲਾਂ ਤੇ ਫ਼ਾਰਮ ਹਾਊਸ ਵਿੱਚ ਰਹੇਗਾ ਤੇ ਲੁਧਿਆਣਾ ਦੇ ਸਨਅਤਕਾਰਾਂ ਤੇ ਵਪਾਰੀਆਂ ਨੂੰ ਲੁੱਟ ਕੇ ਇੱਕ ਜੂਨ ਨੂੰ ਵਾਪਸ ਚਲਾ ਜਾਵੇਗਾ। ਇੱਥੋਂ ਦੇ ਵੋਟਰ ਬਾਹਰੀ ਵਿਅਕਤੀ ਨੂੰ ਆਪਣਾ ਉਮੀਦਵਾਰ ਕਿਵੇਂ ਮੰਨ ਸਕਦੇ ਹਨ। ਵੜਿੰਗ ਗਿੱਦੜਬਾਹਾ ਤੋਂ ਵਿਧਾਇਕ ਹਨ ਤੇ ਉਹ ਉਥੋਂ ਦੇ ਵੋਟਰਾਂ ਨੂੰ ਕੀ ਸੁਨੇਹਾ ਦੇ ਰਹੇ ਹਨ ਕਿ ਉਨ੍ਹਾਂ ਦਾ ਨੁਮਾਇੰਦਾ ਭੱਜ ਗਿਆ ਹੈ।
ਦੱਸ ਦਈਏ ਕਿ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ ਸੋਮਵਾਰ ਨੂੰ ਲੋਕ ਸਭਾ ਚੋਣਾਂ ਲਈ ਪੰਜਾਬ ਦੀਆਂ ਚਾਰ ਹੋਰ ਸੀਟਾਂ ’ਤੇ ਉਮੀਦਵਾਰ ਐਲਾਨੇ ਹਨ। ਕਾਂਗਰਸ ਦੀ ਇਸ ਤੀਜੀ ਸੂਚੀ ਅਨੁਸਾਰ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਹਲਕੇ ਤੋਂ ਉਮੀਦਵਾਰ ਹੋਣਗੇ ਜਦੋਂਕਿ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਟਿਕਟ ਦਿੱਤੀ ਗਈ ਹੈ।
ਇਸੇ ਤਰ੍ਹਾਂ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਵਿਜੈਇੰਦਰ ਸਿੰਗਲਾ ਨੂੰ ਉਤਾਰਿਆ ਗਿਆ ਹੈ। ਕਾਂਗਰਸ ਪਾਰਟੀ ਨੇ ਹੁਣ ਤੱਕ ਇੱਕ ਹਿੰਦੂ ਵਰਗ ’ਚੋਂ ਉਮੀਦਵਾਰੀ ਦਿੱਤੀ ਹੈ ਜਦੋਂ ਕਿ ਦੋ ਔਰਤਾਂ ਨੂੰ ਟਿਕਟਾਂ ਦਿੱਤੀਆਂ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।