Ludhiana News: ਲੁਧਿਆਣਾ ਵਿੱਚ ਸ਼ੱਕੀ ਹਾਲਾਤਾਂ 'ਚ ਲਾਪਤਾ ਹੋਇਆ ਨਾਮੀ ਉਦਯੋਗਪਤੀ, ਗੱਡੀ 'ਚੋਂ ਮਿਲੀ ਚਿੱਠੀ ਨੇ ਸਭ ਨੂੰ ਕੀਤਾ ਹੈਰਾਨ, ਜਾਣੋ ਮਾਮਲਾ
ਖੰਨਾ ਦੇ ਅਮਲੋਹ ਰੋਡ 'ਤੇ ਸਨਸਿਟੀ ਦਾ ਰਹਿਣ ਵਾਲਾ ਇੱਕ ਵੱਡਾ ਉਦਯੋਗਪਤੀ ਸ਼ੱਕੀ ਹਾਲਾਤਾਂ 'ਚ ਲਾਪਤਾ ਹੋ ਗਿਆ ਹੈ। ਉਸ ਦੀ ਇਨੋਵਾ ਕਾਰ ਬੁੱਧਵਾਰ ਰਾਤ ਨੂੰ ਬੱਸ ਸਟੈਂਡ ਦੇ ਸਾਹਮਣੇ ਐਚਡੀਐਫਸੀ ਬੈਂਕ ਦੇ ਬਾਹਰ ਮਿਲੀ।
Ludhiana News: ਖੰਨਾ ਦੇ ਅਮਲੋਹ ਰੋਡ 'ਤੇ ਸਨਸਿਟੀ ਦਾ ਰਹਿਣ ਵਾਲਾ ਇੱਕ ਵੱਡਾ ਉਦਯੋਗਪਤੀ ਸ਼ੱਕੀ ਹਾਲਾਤਾਂ 'ਚ ਲਾਪਤਾ ਹੋ ਗਿਆ ਹੈ। ਉਸ ਦੀ ਇਨੋਵਾ ਕਾਰ ਬੁੱਧਵਾਰ ਰਾਤ ਨੂੰ ਬੱਸ ਸਟੈਂਡ ਦੇ ਸਾਹਮਣੇ ਐਚਡੀਐਫਸੀ ਬੈਂਕ ਦੇ ਬਾਹਰ ਮਿਲੀ। ਕਾਰ ਵਿੱਚ ਇੱਕ ਹੱਥ ਲਿਖਤ ਨੋਟ ਮਿਲਿਆ ਹੈ। ਜਿਸ ਵਿੱਚ ਸ਼ਹਿਰ ਦੇ ਕੁਝ ਨਾਮੀ ਵਿਅਕਤੀਆਂ ਉੱਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਗਏ ਹਨ।
ਨੋਟ 'ਚ ਇਹ ਵੀ ਲਿਖਿਆ ਗਿਆ ਹੈ ਕਿ ਜੇ ਉਸ ਨੂੰ ਕੁੱਝ ਹੋ ਜਾਂਦਾ ਹੈ ਤਾਂ ਇਹ ਲੋਕ ਜ਼ਿੰਮੇਵਾਰ ਹੋਣਗੇ। ਮੋਬਾਈਲ ਨੂੰ ਕਾਰ ਵਿੱਚ ਹੀ ਛੱਡ ਦਿੱਤਾ ਗਿਆ ਤਾਂ ਜੋ ਲੋਕੇਸ਼ਨ ਤੋਂ ਟਰੇਸ ਨਾ ਹੋ ਸਕੇ। ਫਿਲਹਾਲ ਇਹ ਭੇਤ ਬਣਿਆ ਹੋਇਆ ਹੈ ਕਿ ਉਦਯੋਗਪਤੀ ਕਿੱਥੇ ਚੱਲਾ ਗਿਆ ਹੈ?
ਜਾਣਕਾਰੀ ਮੁਤਾਬਕ ਰਾਜੀਵ ਜਿੰਦਲ ਬੁੱਧਵਾਰ ਦੁਪਹਿਰ ਤੋਂ ਲਾਪਤਾ ਹੈ। ਪਰਿਵਾਰਕ ਮੈਂਬਰ ਪੁਲਿਸ ਨੂੰ ਨਾਲ ਲੈ ਕੇ ਉਸ ਦੀ ਭਾਲ ਕਰ ਰਹੇ ਹਨ। ਪਰ ਉਸ ਦੀ ਕਾਰ ਜੀਟੀ ਰੋਡ ਵਾਲੇ ਪਾਸੇ ਖੜ੍ਹੀ ਕਿਸੇ ਨੇ ਨਹੀਂ ਵੇਖੀ। ਕਿਉਂਕਿ ਦਿਨ ਵੇਲੇ ਇਸ ਇਲਾਕੇ ਵਿੱਚ ਜ਼ਿਆਦਾ ਭੀੜ ਰਹਿੰਦੀ ਹੈ। ਰਾਤ ਨੂੰ ਜਦੋਂ ਗੱਡੀ ਵੇਖੀ ਗਈ ਤਾਂ ਕੈਮਰਿਆਂ ਦੀ ਚੈਕਿੰਗ ਕੀਤੀ ਗਈ।
ਇਸ ਹਾਲਾਤ ਵਿੱਚ ਮਿਲੀ ਕਾਰ
ਕਾਰ ਦੀ ਚਾਬੀ ਨੇੜੇ ਦੀ ਇੱਕ ਦੁਕਾਨਦਾਰ ਤੋਂ ਮਿਲੀ। ਇਸ ਦੁਕਾਨਦਾਰ ਤੋਂ ਪਤਾ ਲੱਗਾ ਕਿ ਰਾਜੀਵ ਨੇ ਸਵੇਰੇ 11 ਵਜੇ ਦੇ ਕਰੀਬ ਕਾਰ ਇੱਥੇ ਖੜ੍ਹੀ ਕੀਤੀ ਸੀ ਤੇ ਰਾਜੀਵ ਜਿੰਦਲ ਦੁਕਾਨਦਾਰ ਨੂੰ ਇਹ ਕਹਿ ਕੇ ਚਲਾ ਗਿਆ ਸੀ ਕਿ ਡਰਾਈਵਰ ਇੱਕ ਘੰਟੇ ਵਿੱਚ ਕਾਰ ਲੈ ਜਾਵੇਗਾ। ਜਦੋਂ ਪੁਲਿਸ ਨੇ ਕਾਰ ਦੀ ਜਾਂਚ ਕੀਤੀ ਤਾਂ ਉਸ 'ਚੋਂ ਇੱਕ ਚਿੱਠੀ ਮਿਲੀ। ਦੱਸਿਆ ਜਾ ਰਿਹਾ ਹੈ ਕਿ ਇਸ ਚਿੱਠੀ ਨੂੰ ਰਾਜੀਵ ਜਿੰਦਲ ਨੇ ਲਿਖਿਆ ਹੈ। ਦੂਜੇ ਪਾਸੇ ਪਰਿਵਾਰ ਦੀ ਮੰਗ ਹੈ ਕਿ ਹੱਥ ਲਿਖਤ ਕਾਪੀ ਉਨ੍ਹਾਂ ਨੂੰ ਵੀ ਦਿੱਤੀ ਜਾਵੇ ਅਤੇ ਜਿਨ੍ਹਾਂ ਦੇ ਨਾਮ ਲਿਖੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਪੁਲਿਸ ਨੇ ਦਿੱਤਾ ਇਹ ਸਪੱਸ਼ਟੀਕਰਨ
ਦੱਸਿਆ ਜਾ ਰਿਹਾ ਹੈ ਕਿ ਕਾਰੋਬਾਰੀ ਦਾ ਕਾਰੋਬਾਰ 'ਚ ਹਿੱਸੇਦਾਰੀ ਨੂੰ ਲੈ ਕੇ ਕੁੱਝ ਵਿਵਾਦ ਚੱਲ ਰਿਹਾ ਹੈ। ਕੁੱਝ ਸਮਾਂ ਪਹਿਲਾਂ ਰਾਜੀਵ ਜਿੰਦਲ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਸੋਲਵੈਕਸ ਪਲਾਂਟ ਲਾਇਆ ਸੀ, ਜਿਸ ਨੂੰ ਬਾਅਦ ਵਿੱਚ ਵੇਚ ਦਿੱਤਾ ਗਿਆ। ਇਸ ਤੋਂ ਬਾਅਦ ਤਿੰਨਾਂ ਸਾਥੀਆਂ ਵਿੱਚ ਝਗੜਾ ਹੋ ਗਿਆ। ਰਾਜੀਵ ਨੇ ਵੱਖਰਾ ਆਪਣਾ ਪੈਟਰੋਲ ਪੰਪ ਬਣਾਇਆ। ਰਾਜੀਵ ਕੁੱਝ ਸਮੇਂ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ। ਜਿਸ ਦਾ ਕਾਰਨ ਕਾਰੋਬਾਰ 'ਚ ਹਿੱਸੇਦਾਰੀ ਨੂੰ ਲੈ ਕੇ ਝਗੜਾ ਮੰਨਿਆ ਜਾ ਰਿਹਾ ਹੈ। ਖੰਨਾ ਦੇ ਡੀਐਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਪੁਲਿਸ ਪਰਿਵਾਰ ਸਮੇਤ ਰਾਜੀਵ ਜਿੰਦਲ ਦੀ ਭਾਲ ਕਰ ਰਹੀ ਹੈ। ਕੈਮਰਿਆਂ ਦੀ ਚੈਕਿੰਗ ਕਰ ਰਹੀ ਹੈ । ਫਿਲਹਾਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕੀਤੀ ਜਾ ਰਹੀ ਹੈ। ਬਾਅਦ ਵਿੱਚ ਤੱਥਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।