Ludhiana News: ਵਿਦੇਸ਼ਾਂ ਵਿੱਚ ਕਈ ਪੰਜਾਬੀ ਧੀਆਂ ਨਰਕ ਵਰਗੀ ਜ਼ਿੰਦਗੀ ਜੀਅ ਰਹੀਆਂ ਹਨ। ਕਮਾਈ ਦੇ ਚੱਕਰ ਵਿੱਚ ਉਹ ਵਿਦੇਸ਼ੀ ਧਰਤੀ 'ਤੇ ਫਸ ਰਹੀਆਂ ਹਨ ਜਿਸ ਬਾਰੇ ਬਹਿਰੀਨ ਤੋਂ ਪਰਤੀਆਂ ਤਿੰਨ ਮੁਟਿਆਰਾਂ ਨੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉੱਥੇ ਜਾਨਵਰਾਂ ਵਾਂਗ ਸਲੂਕ ਹੁੰਦਾ ਹੈ। ਉਨ੍ਹਾਂ ਨੇ ਪੰਜਾਬੀਆਂ ਨੂੰ ਸੁਨੇਹਾ ਦਿੱਤਾ ਹੈ ਕਿ ਬਗੈਰ ਸੋਚੇ-ਸਮਝੇ ਆਪਣੇ ਬੱਚਿਆਂ ਨੂੰ ਵਿਦੇਸ਼ ਨਾ ਭੇਜਣ। 



ਦੱਸ ਦਈਏ ਕਿ ਮੋਗਾ ਤੋਂ ਬਹਿਰੀਨ ਗਈਆਂ ਤਿੰਨ ਮੁਟਿਆਰਾਂ ਨੇ ਉੱਥੇ ਇੱਕ ਸਾਲ ਤੱਕ ਨਰਕ ਭੋਗਿਆ। ਪੰਜਾਬ ਆਪਣੇ ਘਰ ਪਰਤਣ ਮਗਰੋਂ ਉਨ੍ਹਾਂ ਨੇ ਦਿਲ ਦਹਿਲਾਉਣ ਵਾਲੇ ਖੁਲਾਸੇ ਕੀਤੇ ਹਨ। ਇਨ੍ਹਾਂ ਮੁਟਿਆਰਾਂ ਦੇ ਮਾਪਿਆਂ ਨੇ ਇਸ ਆਸ ਨਾਲ ਇਨ੍ਹਾਂ ਨੂੰ ਬਹਿਰੀਨ ਭੇਜਿਆ ਸੀ ਕਿ ਉਹ ਉੱਥੇ ਕਮਾਈ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਆਰਥਿਕ ਸਹਾਰਾ ਬਣ ਸਕਣਗੀਆਂ।


ਬਹਿਰੀਨ ਤੋਂ ਪਰਤੀਆਂ ਮੁਟਿਆਰਾਂ ਨੇ ਖੁਲਾਸਾ ਕੀਤਾ ਕਿ ਕਿਵੇਂ ਉੱਥੇ ਉਨ੍ਹਾਂ ਨੂੰ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਕੀਤਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਬਹਿਰੀਨ ਪਹੁੰਚਣ ਮਗਰੋਂ ਉਨ੍ਹਾਂ ਨੂੰ ਤਿੰਨ ਵੱਖ-ਵੱਖ ਘਰਾਂ ਵਿੱਚ ਕੰਮ ’ਤੇ ਰੱਖਿਆ ਗਿਆ ਜਿੱਥੇ ਜਾਂਦੇ ਸਾਰ ਪਹਿਲਾਂ ਉਨ੍ਹਾਂ ਤੋਂ ਉਨ੍ਹਾਂ ਦੇ ਮੋਬਾਈਲ ਫੋਨ ਖੋਹ ਲਏ ਗਏ ਤੇ ਕਿਸੇ ਨਾਲ ਵੀ ਸੰਪਰਕ ਨਹੀਂ ਕਰਨ ਦਿੱਤਾ ਗਿਆ। 


ਉਨ੍ਹਾਂ ਦੱਸਿਆ ਕਿ ਸਾਰਾ ਦਿਨ ਕੰਮ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਭਰ ਪੇਟ ਖਾਣਾ ਤੱਕ ਨਹੀਂ ਸੀ ਦਿੱਤਾ ਜਾਂਦਾ। ਉਨ੍ਹਾਂ ਇਹ ਵੀ ਦੱਸਿਆ ਕਿ ਜਿਨ੍ਹਾਂ ਲਈ ਉਹ ਕੰਮ ਕਰਦੀਆਂ ਸਨ, ਉਨ੍ਹਾਂ ਵੱਲੋਂ ਅਕਸਰ ਕੁੱਟਮਾਰ ਵੀ ਕੀਤੀ ਜਾਂਦੀ ਸੀ। ਉਨ੍ਹਾਂ ਨੂੰ ਜਾਨਵਰਾਂ ਵਾਂਗ ਛੋਟੇ ਭੀੜੇ ਕਮਰਿਆਂ ਵਿੱਚ ਰੱਖਿਆ ਜਾਂਦਾ ਸੀ। ਇਸ ਦੌਰਾਨ ਮੌਕਾ ਮਿਲਣ ’ਤੇ ਉਨ੍ਹਾਂ ਆਪਣੇ ਮਾਪਿਆਂ ਨਾਲ ਸੰਪਰਕ ਕੀਤਾ ਜਿਨ੍ਹਾਂ ਕੁਝ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਬਹਿਰੀਨ ਤੋਂ ਪੰਜਾਬ ਲਿਆਂਦਾ ਹੈ।


ਇਨ੍ਹਾਂ ਮੁਟਿਆਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਬੱਚਿਆਂ ਨੂੰ ਹੋਰਨਾਂ ਦੇਸ਼ਾਂ ਵਿੱਚ ਨਾ ਭੇਜਣ। ਕਿਸੇ ਦੇ ਕਹਿਣ ’ਤੇ ਅਜਿਹੇ ਮੁਲਕਾਂ ਵਿੱਚ ਆਪਣੀਆਂ ਧੀਆਂ ਨੂੰ ਨਾ ਭੇਜਿਆ ਜਾਵੇ ਜਿੱਥੇ ਜਾ ਕੇ ਉਨ੍ਹਾਂ ਦੀ ਜਾਨ ਨੂੰ ਖਤਰਾ ਬਣ ਜਾਂਦਾ ਹੈ।


Read More: Punjab News: ਵੱਡੇ ਲੀਡਰਾਂ ਤੋਂ 10 ਹਜ਼ਾਰ ਏਕੜ ਪੰਚਾਇਤੀ ਜ਼ਮੀਨ ਛੁਡਵਾਈ...ਸੀਐਮ ਮਾਨ ਬੋਲੇ...ਲੋਕਾਂ ਨੇ ਵੋਟਾਂ ਵਾਲੀ ਸਜ਼ਾ ਦਿੱਤੀ, ਨੋਟਾਂ ਵਾਲੀ ਸਜ਼ਾ ਅਸੀਂ ਦੇਵਾਂਗੇ