Ludhiana News: ਕਿੱਧਰ ਨੂੰ ਜਾ ਰਿਹਾ ਪੰਜਾਬ! ਸਕੂਲਾਂ 'ਚ ਪੜ੍ਹਦੇ ਵਿਦਿਆਰਥੀ ਵੀ ਬੰਦੂਕਾਂ ਚੱਕੀ ਫਿਰਦੇ, 12ਵੀ ਕਲਾਸ ਦੇ ਵਿਦਿਆਰਥੀ ਦੇ ਸਿਰ 'ਚ ਮਾਰੀ ਗੋਲੀ
Ludhiana News: ਪੰਜਾਬ ਅੰਦਰ ਅਪਰਾਧ ਦਾ ਗ੍ਰਾਫ ਲਗਾਤਾਰ ਵਧ ਰਿਹਾ ਹੈ। ਹਾਲਾਤ ਇਹ ਬਣਦੇ ਜਾ ਰਹੇ ਕਿ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀ ਵੀ ਬੰਦੂਕਾਂ ਚੱਕੀ ਫਿਰਦੇ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ਵਿੱਚ ਸਾਹਮਣੇ ਆਇਆ ਹੈ।
Ludhiana News: ਪੰਜਾਬ ਅੰਦਰ ਅਪਰਾਧ ਦਾ ਗ੍ਰਾਫ ਲਗਾਤਾਰ ਵਧ ਰਿਹਾ ਹੈ। ਹਾਲਾਤ ਇਹ ਬਣਦੇ ਜਾ ਰਹੇ ਕਿ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀ ਵੀ ਬੰਦੂਕਾਂ ਚੱਕੀ ਫਿਰਦੇ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ਵਿੱਚ ਸਾਹਮਣੇ ਆਇਆ ਹੈ। ਇੱਥੇ ਵਿਦਿਆਰਥੀ ਧਿਰਾਂ ਵਿੱਚ ਤਕਰਾਰ ਮਗਰੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਦੇ ਸਿਰ ’ਤੇ ਗੋਲੀ ਮਾਰ ਦਿੱਤੀ ਗਈ। ਗੰਭੀਰ ਜ਼ਖ਼ਮੀ ਹੋਏ ਵਿਦਿਆਰਥੀ ਨੂੰ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਵਿਦਿਆਰਥੀ ਧਿਰਾਂ ਵਿੱਚ ਤਕਰਾਰ ਉਸ ਵੇਲੇ ਹਿੰਸਕ ਰੂਪ ਧਾਰਨ ਕਰ ਗਈ ਜਦੋਂ ਇੱਕ ਧਿਰ ਸਮਝੌਤਾ ਕਰਨ ਦੂਜੀ ਧਿਰ ਕੋਲ ਜਾ ਰਹੀ ਸੀ ਪਰ ਸਮਝੌਤੇ ਵਾਲੀ ਥਾਂ ’ਤੇ ਪੁੱਜਣ ਤੋਂ ਪਹਿਲਾਂ ਹੀ ਚੱਲਦੀ ਕਾਰ ਵਿਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਦੇ ਸਿਰ ’ਤੇ ਗੋਲੀ ਮਾਰ ਦਿੱਤੀ ਗਈ। ਜ਼ਖ਼ਮੀ ਵਿਦਿਆਰਥੀ ਨੂੰ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀ ਨੌਜਵਾਨ ਦੀ ਪਛਾਣ ਨਿਖਿਲ ਵਜੋਂ ਹੋਈ ਹੈ।
ਨਿਖਿਲ ਦੇ ਚਾਚਾ ਰਾਜੂ ਸ਼ੇਰਪੁਰੀਆ ਨੇ ਦੱਸਿਆ ਕਿ ਨਿਖਿਲ 12ਵੀਂ ਜਮਾਤ ਦੇ ਪੇਪਰ ਦੇ ਰਿਹਾ ਹੈ। ਨਿਖਿਲ ਦੇ ਦੋਸਤਾਂ ਦਾ 5 ਮਾਰਚ ਨੂੰ ਕਿਸੇ ਨਾਲ ਝਗੜਾ ਹੋਇਆ ਸੀ। ਉਸ ਦੇ ਦੋਸਤ ਦੇਰ ਸ਼ਾਮ ਆਏ ਤੇ ਨਿਖਿਲ ਨੂੰ ਇਹ ਆਖ ਕੇ ਨਾਲ ਲੈ ਗਏ ਕਿ ਉਨ੍ਹਾਂ ਖਾਣਾ ਖਾਣ ਬਾਹਰ ਜਾਣਾ ਹੈ। ਉਸ ਨੂੰ ਰਸਤੇ ’ਚ ਪਤਾ ਲੱਗਿਆ ਕਿ ਉਨ੍ਹਾਂ ਦੀ ਕਿਸੇ ਨਾਲ ਲੜਾਈ ਹੋਈ ਹੈ ਤੇ ਦੋਹਾਂ ਪੱਖਾਂ ਨੂੰ ਕੁਹਾੜਾ ਕੋਲ ਸਮਝੌਤਾ ਲਈ ਸੱਦਿਆ ਗਿਆ ਹੈ।
ਨਿਖਿਲ ਨੇ ਉੱਥੇ ਜਾਣ ਤੋਂ ਮਨ੍ਹਾਂ ਕਰ ਦਿੱਤਾ ਤੇ ਜ਼ਿੱਦ ਕੀਤੀ ਕਿ ਉਸ ਨੂੰ ਰਸਤੇ ’ਚ ਉਤਾਰ ਦੇਣ ਜਾਂ ਫਿਰ ਗੱਡੀ ਘੁੰਮਾ ਲੈਣ। ਨਿਖਿਲ ਦੇ ਜ਼ਿਆਦਾ ਜ਼ਿੱਦ ਕਰਨ ’ਤੇ ਉਸ ਦੇ ਦੋਸਤਾਂ ਨੇ ਗੱਡੀ ਮੁੜਵਾ ਦਿੱਤੀ। ਜਦੋਂ ਗੱਡੀ ਯੂ-ਟਰਨ ਲੈ ਰਹੀ ਸੀ ਤਾਂ ਦੂਸਰੇ ਪਾਸਿਓਂ ਆਈ ਤੇਜ਼ ਰਫ਼ਤਾਰ ਕਾਰ ਦੇ ਸਵਾਰਾਂ ਨੇ ਗੋਲੀ ਚਲਾ ਦਿੱਤੀ, ਜੋ ਨਿਖਿਲ ਦੇ ਸਿਰ ’ਤੇ ਲੱਗੀ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਥਾਣਾ ਫੋਕਲ ਪੁਆਇੰਟ ਮੁਖੀ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਹਾਲੇ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਮੁਲਜ਼ਮ ਕੌਣ ਹਨ। ਨਿਖਿਲ ਦੇ ਦੋਸਤਾਂ ਤੋਂ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦਾ ਝਗੜਾ ਕਿਨ੍ਹਾਂ ਨਾਲ ਤੇ ਕਿਸ ਕਾਰਨ ਹੋਇਆ ਸੀ। ਇਸ ਮਾਮਲੇ ਦੀ ਜਾਂਚ ਕਰ ਕੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।