ਲੁਧਿਆਣੇ ਦਾ ਦੁਕਾਨਦਾਰ ਗੁੰਮ, ਸੁਸਾਈਡ ਨੋਟ ਵਾਇਰਲ, ਸੋਸ਼ਲ ਮੀਡੀਆ 'ਤੇ ਵੀਡੀਓ ਪਾ ਦੱਸੀ ਆਪਣੀ ਹੱਡ ਬੀਤੀ, ਜਾਣੋ ਪੂਰਾ ਮਾਮਲਾ
ਲੁਧਿਆਣਾ ਤੋਂ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਸ਼ਖਸ਼ ਵੱਲੋਂ ਵੀਡੀਓ ਉੱਤੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਗੱਲ ਕੀਤੀ ਗਈ ਅਤੇ ਉਸਦਾ ਦੋ ਪੰਨਿਆਂ ਦਾ ਸੁਸਾਈਡ ਨੋਟ ਵੀ ਮਿਲਿਆ, ਪਰ ਨੌਜਵਾਨ ਲਾਪਤਾ ਹੈ। ਪਰਿਵਾਰ ਤੇ ਪੁਲਿਸ ਭਾਲ

ਲੁਧਿਆਣਾ ਦੀ CMC ਕਾਲੋਨੀ ਭਾਮੀਆਂ ਰੋਡ 'ਚ ਰਹਿਣ ਵਾਲੇ ਇੱਕ ਨੌਜਵਾਨ ਨੇ ਦੋ ਪੰਨੇ ਦਾ ਸੁਸਾਈਡ ਨੋਟ ਅਤੇ ਇੱਕ ਵੀਡੀਓ ਅਪਲੋਡ ਕੀਤੀ। ਵੀਡੀਓ ਅਤੇ ਸੁਸਾਈਡ ਨੋਟ ਅਪਲੋਡ ਕਰਨ ਤੋਂ ਬਾਅਦ ਉਹ ਗੁੰਮ ਹੋ ਗਿਆ। ਪਰਿਵਾਰ ਉਸ ਨੂੰ ਲੱਭਣ ਵਿੱਚ ਜੁੱਟਿਆ ਹੋਇਆ ਹੈ। ਸੁਸਾਈਡ ਨੋਟ ਅਪਲੋਡ ਕਰਨ ਵਾਲੇ ਨੌਜਵਾਨ ਦਾ ਨਾਮ ਅਜੇ ਕੁਮਾਰ ਹੈ। ਉਹ CMC ਕਾਲੋਨੀ ਭਾਮੀਆਂ ਰੋਡ 'ਤੇ ਸੈਨਿਟਰੀ ਦੀ ਦੁਕਾਨ ਚਲਾਉਂਦਾ ਹੈ। ਉਸ ਨੇ ਸੁਸਾਈਡ ਨੋਟ ਵਿੱਚ ਵਿੱਕੀ ਨਾਮ ਦੇ ਵਿਅਕਤੀ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ। ਉਸ ਨੇ ਵਿੱਕੀ ਉੱਤੇ 8 ਲੱਖ ਰੁਪਏ ਦੀ ਠੱਗੀ ਦਾ ਦੋਸ਼ ਲਾਇਆ ਹੈ। ਪਰਿਵਾਰ ਨੇ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਜਮਾਲਪੁਰ ਵਿੱਚ ਕਰ ਦਿੱਤੀ ਹੈ।
ਦੁਕਾਨ ਦਿਵਾਉਣ ਦੇ ਨਾਂ ਤੇ ਲਏ ਗਏ 8 ਲੱਖ ਰੁਪਏ
ਸੁਸਾਈਡ ਨੋਟ ਵਿੱਚ ਦੁਕਾਨਦਾਰ ਨੇ ਲਿਖਿਆ ਹੈ ਕਿ ਵਿੱਕੀ ਨਾਮ ਦੇ ਵਿਅਕਤੀ ਨੇ ਉਸ ਤੋਂ ਦੁਕਾਨ ਦਿਵਾਉਣ ਦੇ ਨਾਂ ਤੇ 8 ਲੱਖ ਰੁਪਏ ਲਏ। ਉਸ ਤੋਂ ਬਾਅਦ ਨਾ ਤਾਂ ਦੁਕਾਨ ਦਿੱਤੀ ਗਈ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਵਾਰ-ਵਾਰ ਪੈਸਿਆਂ ਦੀ ਮੰਗ ਕਰਨ ਦੇ ਬਾਵਜੂਦ ਵੀ ਉਸ ਨੇ ਪੈਸੇ ਵਾਪਸ ਨਹੀਂ ਕੀਤੇ, ਜਿਸ ਕਾਰਨ ਉਹ ਮਾਨਸਿਕ ਤਣਾਅ ਵਿੱਚ ਆ ਗਿਆ।
ਸਰਪੰਚ ਦੇ ਸਾਹਮਣੇ ਦੋ ਮੀਟਿੰਗਾਂ ਹੋਈਆਂ
ਸੁਸਾਈਡ ਨੋਟ ਵਿੱਚ ਦੁਕਾਨਦਾਰ ਨੇ ਲਿਖਿਆ ਕਿ ਇਹ ਮਾਮਲਾ ਸਰਪੰਚ ਕੋਲ ਪਹੁੰਚਿਆ, ਤਾਂ ਦੋ ਵਾਰੀ ਮੀਟਿੰਗ ਹੋਈ। ਮੀਟਿੰਗ ਦੇ ਬਾਵਜੂਦ ਵੀ ਉਸ ਨੇ ਪੈਸੇ ਵਾਪਸ ਨਹੀਂ ਕੀਤੇ। ਦੂਜੀ ਮੀਟਿੰਗ ਵਿੱਚ ਉਸ ਨੇ ਦਬਾਅ ਬਣਾਕੇ ਕਿਸ਼ਤਾਂ ਵਿੱਚ ਪੈਸੇ ਦੇਣ ਦੀ ਗੱਲ ਕੀਤੀ। ਪੈਸੇ ਨਾ ਮਿਲਣ ਕਾਰਨ ਉਸ ਦੀ ਆਰਥਿਕ ਸਥਿਤੀ ਖਰਾਬ ਹੋ ਗਈ। ਧੋਖਾਧੜੀ ਅਤੇ ਆਰਥਿਕ ਤੰਗੀ ਕਾਰਨ ਉਹ ਪਰੇਸ਼ਾਨ ਹੋ ਗਿਆ। ਇਸ ਲਈ ਉਹ ਆਪਣੀ ਜੀਵਨਲੀਲਾ ਖਤਮ ਕਰ ਰਿਹਾ ਹੈ।
ਹੁਣ ਤੱਕ ਕੋਈ ਸੁਰਾਗ ਨਹੀਂ ਮਿਲਿਆ
ਸੁਸਾਈਡ ਨੋਟ ਅਤੇ ਵੀਡੀਓ ਅਪਲੋਡ ਕਰਨ ਵਾਲੇ ਦੁਕਾਨਦਾਰ ਦਾ ਹੁਣ ਤੱਕ ਕੋਈ ਸੁਰਾਗ ਨਹੀਂ ਲੱਗਿਆ। ਪਰਿਵਾਰ ਨੇ ਥਾਣੇ ਵਿੱਚ ਗੁੰਮਸ਼ੁਦਾ ਦੀ ਸੂਚਨਾ ਦਿੱਤੀ ਹੈ। ਜਮਾਲਪੁਰ ਥਾਣਾ ਪੁਲਿਸ ਦਾ ਕਹਿਣਾ ਹੈ ਕਿ ਦੁਕਾਨਦਾਰ ਦੇ ਪਰਿਵਾਰ ਨੇ ਗੁੰਮਸ਼ੁਦਾ ਹੋਣ ਦੀ ਸ਼ਿਕਾਇਤ ਕੀਤੀ ਹੈ। ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।





















