Ludhiana 'ਚ ਕੂੜਾ ਸੁੱਟਣ ਵਾਲਿਆਂ ਦੀ ਖੈਰ ਨਹੀਂ! ਨਿਗਮ ਦਾ ਸਖ਼ਤ ਐਕਸ਼ਨ, ਜੁਰਮਾਨੇ ਤੇ FIR ਤੱਕ ਦੀ ਤਿਆਰੀ
Ludhiana News: ਲੁਧਿਆਣਾ ਨਗਰ ਨਿਗਮ ਨੇ ਸ਼ਹਿਰ ਦੀ ਸਫਾਈ ਨੂੰ ਬਿਹਤਰ ਬਣਾਉਣ ਲਈ ਸਖ਼ਤ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ।

Ludhiana News: ਲੁਧਿਆਣਾ ਨਗਰ ਨਿਗਮ ਨੇ ਸ਼ਹਿਰ ਦੀ ਸਫਾਈ ਨੂੰ ਬਿਹਤਰ ਬਣਾਉਣ ਲਈ ਸਖ਼ਤ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਨਗਰ ਨਿਗਮ ਕਮਿਸ਼ਨਰ ਆਦਿਤਿਆ ਦਾਚਲਵਾਲ ਨੇ ਐਲਾਨ ਕੀਤਾ ਕਿ ਜੋ ਵੀ ਵਿਅਕਤੀ ਘਰ ਜਾਂ ਦੁਕਾਨ ਦਾ ਕੂੜਾ ਸੜਕ 'ਤੇ ਪਾਰਕ ਵਿੱਚ ਜਾਂ ਖੁੱਲ੍ਹੀ ਜਗ੍ਹਾ 'ਤੇ ਸੁੱਟਦਾ ਨਜ਼ਰ ਆਇਆ, ਉਸ 'ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਇਸ ਵਿੱਚ ਜੁਰਮਾਨਾ ਅਤੇ FIR ਵੀ ਸ਼ਾਮਲ ਹੋਣਗੇ।
ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਕੂੜੇ ਨੂੰ ਅੱਗ ਲਗਾਉਣ ਵਾਲੇ ਨਗਰ ਨਿਗਮ ਦੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ, "ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।"
ਆਦਿੱਤਿਆ ਦਾਚਲਵਾਲ ਨੇ ਦੱਸਿਆ ਕਿ ਦੀਵਾਲੀ ਤੋਂ ਪਹਿਲਾਂ ਸ਼ਹਿਰ ਵਿੱਚ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਦੇ ਬਾਵਜੂਦ, ਕਈ ਇਲਾਕਿਆਂ ਵਿੱਚ ਖੁੱਲ੍ਹੇ ਵਿੱਚ ਕੂੜਾ ਸੁੱਟਣ ਦੇ ਮਾਮਲੇ ਸਾਹਮਣੇ ਆਏ। ਉਨ੍ਹਾਂ ਕਿਹਾ, "ਅਸੀਂ ਵਾਰ-ਵਾਰ ਨਾਗਰਿਕਾਂ ਅਤੇ ਮਾਰਕੀਟ ਐਸੋਸੀਏਸ਼ਨਾਂ ਤੋਂ ਸਹਿਯੋਗ ਮੰਗਿਆ, ਪਰ ਉਮੀਦ ਅਨੁਸਾਰ ਸਮਰਥਨ ਨਹੀਂ ਮਿਲਿਆ।" ਹੁਣ, ਨਿਗਮ ਨੇ ਇਨਫੋਰਸਮੈਂਟ ਟੀਮਾਂ ਅਤੇ ਰਾਤ ਦੀ ਗਸ਼ਤ ਇਕਾਈਆਂ ਤਾਇਨਾਤ ਕੀਤੀਆਂ ਹਨ। ਇਹ ਟੀਮਾਂ ਰਾਤ ਨੂੰ ਖੁੱਲ੍ਹੇ ਵਿੱਚ ਕੂੜਾ ਸੁੱਟਣ ਵਾਲਿਆਂ ਦੀ ਨਿਗਰਾਨੀ ਕਰਨਗੀਆਂ।
ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਵਿਖੇ 300 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਉਨ੍ਹਾਂ ਕਿਹਾ, "ਕੈਮਰੇ 'ਚ ਕੂੜਾ ਸੁੱਟਦੇ ਹੋਏ ਫੜੇ ਗਏ ਕਿਸੇ ਵੀ ਵਿਅਕਤੀ ਦਾ ਵਾਹਨ ਨੰਬਰ ਟਰੇਸ ਕੀਤਾ ਜਾਵੇਗਾ ਅਤੇ ਚਲਾਨ ਸਿੱਧਾ ਉਨ੍ਹਾਂ ਦੇ ਘਰ ਭੇਜਿਆ ਜਾਵੇਗਾ।" ਉਨ੍ਹਾਂ ਅੱਗੇ ਕਿਹਾ ਕਿ ਅਗਲੇ ਹਫ਼ਤੇ ਦੇ ਅੰਦਰ ਇੱਕ ਵਟਸਐਪ ਹੈਲਪਲਾਈਨ ਨੰਬਰ ਜਾਰੀ ਕੀਤਾ ਜਾਵੇਗਾ, ਜਿੱਥੇ ਲੋਕ ਸਫਾਈ ਨਾਲ ਸਬੰਧਤ ਸ਼ਿਕਾਇਤਾਂ ਅਤੇ ਫੋਟੋਆਂ ਭੇਜ ਸਕਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















