Ludhiana News: ਐਨਆਰਆਈ ਦੀ ਕੋਠੀ 'ਤੇ ਕਬਜ਼ੇ ਦਾ ਮਾਮਲਾ ਗਰਮਾਇਆ, ਦਰਜਨ ਤੋਂ ਵੱਧ ਜਨਤਕ ਜਥੇਬੰਦੀਆਂ ਨੇ ਕੀਤਾ ਵੱਡਾ ਐਲਾਨ
Ludhiana News: ਦਰਜਨ ਤੋਂ ਵਧੇਰੇ ਜਨਤਕ ਜਥੇਬੰਦੀਆਂ ਨੇ ਸਾਂਝੀ ਮੀਟਿੰਗ ਕਰਕੇ ਐਨਆਰਆਈ ਦੀ ਕੋਠੀ ਤੋਂ ਕਬਜ਼ਾ ਛੁਡਾਉਣ ਲਈ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ। ਪਰਵਾਸੀ ਪੰਜਾਬਣ ਕੁਲਦੀਪ ਕੌਰ
Ludhiana News: ਦਰਜਨ ਤੋਂ ਵਧੇਰੇ ਜਨਤਕ ਜਥੇਬੰਦੀਆਂ ਨੇ ਸਾਂਝੀ ਮੀਟਿੰਗ ਕਰਕੇ ਐਨਆਰਆਈ ਦੀ ਕੋਠੀ ਤੋਂ ਕਬਜ਼ਾ ਛੁਡਾਉਣ ਲਈ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ। ਪਰਵਾਸੀ ਪੰਜਾਬਣ ਕੁਲਦੀਪ ਕੌਰ ਧਾਲੀਵਾਲ ਦੀ ਮੌਜੂਦਗੀ ’ਚ ਇਨ੍ਹਾਂ ਜਨਤਕ ਜਥੇਬੰਦੀਆਂ ਦੇ ਆਗੂਆਂ ’ਤੇ ਆਧਾਰਤ ਐਕਸ਼ਨ ਕਮੇਟੀ ਨੇ 20 ਜੂਨ ਨੂੰ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਣ ਦਾ ਫ਼ੈਸਲਾ ਲਿਆ। ਇਸ ਮੌਕੇ ਪੁਲਿਸ ਅਧਿਕਾਰੀ ਨੂੰ ਸ਼ਿਕਾਇਤ ਦੇਣ ਦੇ ਨਾਲ ਸਾਰੇ ਤੱਥ ਸਾਹਮਣੇ ਰੱਖ ਕੇ ਫੌਰੀ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਇੱਕ ਹਫ਼ਤਾ ਉਡੀਕ ਕਰਨ ਦੀ ਗੱਲ ਕਰਦਿਆਂ ਉਨ੍ਹਾਂ ਵੱਡਾ ਸੰਘਰਸ਼ ਵਿੱਢਣ ਤੇ ਲੋੜ ਪੈਣ ’ਤੇ ਸੜਕਾਂ ’ਤੇ ਉੱਤਰਨ ਦੀ ਚਿਤਾਵਨੀ ਦਿੱਤੀ।
ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ ਨੇ ਕਿਹਾ ਕਿ ਸੁਣਵਾਈ ਨਾ ਹੋਣ ’ਤੇ ਪੀੜਤ ਪਰਿਵਾਰ ਨੂੰ ਕੋਠੀ ’ਤੇ ਕਬਜ਼ਾ ਦਿਵਾਉਣ ਵਾਲੇ ਐਕਸ਼ਨ ਤੋਂ ਵੀ ਪਿੱਛੇ ਨਹੀਂ ਹਟਿਆ ਜਾਵੇਗਾ। ਟੋਰਾਂਟੋ (ਕੈਨੇਡਾ) ਤੋਂ ਕੋਠੀ ’ਤੇ ਨਾਜਾਇਜ਼ ਕਬਜ਼ੇ ਬਾਰੇ ਪਤਾ ਲੱਗਣ ’ਤੇ ਜਗਰਾਉਂ ਪੁੱਜੀ ਐਨਆਰਆਈ ਕੁਲਦੀਪ ਕੌਰ ਨੇ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨਾਲ ਸਮਝੌਤੇ ਦੀਆਂ ਉਡਾਈਆਂ ਜਾ ਰਹੀਆਂ ਖ਼ਬਰਾਂ ਨੂੰ ਨਕਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਇਹ ਸਭ ਕੁਝ ਕੋਠੀ ਤੋਂ ਕਬਜ਼ਾ ਛੁਡਾਉਣ ਦੇ ਘੋਲ ਨੂੰ ਕਮਜ਼ੋਰ ਕਰਨ, ਇਸ ਮੁੱਦੇ ’ਤੇ ਬਣੀ ਜਥੇਬੰਦੀਆਂ ਦੀ ਏਕਤਾ ਨੂੰ ਤੋੜਨ ਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਕੀਤਾ ਜਾ ਰਿਹਾ ਹੈ। ਜੇਕਰ ਹੁਣ ਕੋਠੀ ਬਦਲੇ 25 ਕਰੋੜ ਰੁਪਏ ਵੀ ਦਿੱਤੇ ਜਾਣ ਤਾਂ ਵੀ ਸਮਝੌਤੇ ਦੀ ਕੋਈ ਗੁੰਜਾਇਸ਼ ਨਹੀਂ ਕਿਉਂਕਿ ਉਨ੍ਹਾਂ ਨੂੰ ਰੁਪਿਆ ਨਹੀਂ ਆਪਣੀ ਕੋਠੀ ਚਾਹੀਦੀ ਹੈ।
ਦੂਜੇ ਪਾਸੇ ਇਸ ਬਾਰੇ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਸੰਪਰਕ ਕਰਨ ’ਤੇ ਕਿਹਾ ਕਿ ਉਨ੍ਹਾਂ ਦਾ ਇਸ ਕੋਠੀ ਨਾਲ ਹੁਣ ਕੋਈ ਲੈਣਾ-ਦੇਣਾ ਨਹੀਂ ਕਿਉਂਕਿ ਵਿਵਾਦ ਖੜ੍ਹਾ ਹੋਣ ਮਗਰੋਂ ਉਨ੍ਹਾਂ ਕੋਠੀ ਖਾਲੀ ਕਰਕੇ ਕਰਮ ਸਿੰਘ ਸਿੱਧੂ ਨੂੰ ਚਾਬੀਆਂ ਸੌਂਪ ਦਿੱਤੀਆਂ ਹਨ ਜਿਸ ਤੋਂ ਕੋਠੀ 25 ਹਜ਼ਾਰ ਰੁਪਏ ਮਹੀਨੇ ਕਿਰਾਏ ’ਤੇ ਲਈ ਸੀ। ਇਸ ਕੋਠੀ ’ਤੇ ਇਸ ਸਮੇਂ ਕਾਬਜ਼ ਕਰਮ ਸਿੰਘ ਸਿੱਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਅਸ਼ੋਕ ਕੁਮਾਰ ਨਾਂ ਦੇ ਵਿਅਕਤੀ ਤੋਂ ਕੋਠੀ ਖ਼ਰੀਦਣ ਤੇ ਇਸ ਦੀ ਬਾਕਾਇਦਾ ਰਜਿਸਟਰੀ ਕਰਵਾਉਣ ਦੀ ਗੱਲ ਆਖੀ।
ਇਸ ਮੌਕੇ ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਪੰਜਾਬ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਦਿਹਾਤੀ ਮਜ਼ਦੂਰ ਸਭਾ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ, ਸ਼ਹੀਦ ਭਗਤ ਸਿੰਘ ਕਲੱਬ, ਪੈਨਸ਼ਨਰਜ਼ ਯੂਨੀਅਨ ਆਦਿ ਵੱਲੋਂ ਬਲਰਾਜ ਸਿੰਘ ਕੋਟਉਮਰਾ, ਗੁਰਮੇਲ ਸਿੰਘ ਰੂਮੀ, ਜਗਤਾਰ ਸਿੰਘ ਦੇਹੜਕਾ, ਬੂਟਾ ਸਿੰਘ ਚਕਰ, ਰਵਿੰਦਰਪਾਲ ਰਾਜੂ ਕਾਮਰੇਡ, ਅਵਤਾਰ ਸਿੰਘ ਰਸੂਲਪੁਰ, ਕਰਮਜੀਤ ਸਿੰਘ, ਸਤਨਾਮ ਸਿੰਘ ਮੋਰਕਰੀਮਾ, ਡਾ. ਸੁਖਦੇਵ ਭੂੰਦੜੀ, ਮਦਨ ਲਾਲ, ਚਮਕੌਰ ਸਿੰਘ, ਹੁਕਮ ਰਾਜ ਦੇਹੜਕਾ, ਜਗਦੀਸ਼ ਸਿੰਘ ਨੇ ਨੇ ਕੋਠੀ ਦੀ ਕਰਵਾਈ ਜਾਅਲੀ ਰਜਿਸਟਰੀ ਬਾਰੇ ਕੁਝ ਹੋਰ ਤੱਥ ਉਜਾਗਰ ਕੀਤੇ।