Ludhiana News: ਲੁਧਿਆਣਾ ’ਚ ਅੱਜ ਪੂਰੇ ਸੂਬੇ ਦੇ 5 ਹਜ਼ਾਰ ਕਿਸਾਨ, ਸਰਕਾਰ ਤੇ ਪੀਏਯੂ ਦੇ ਮਾਹਿਰਾਂ ਦੇ ਨਾਲ ਸਿੱਧੀ ਗੱਲ ਕਰਨਗੇ। ਸੂਬਾ ਸਰਕਾਰ ਵੱਲੋਂ ਅੱਜ ਐਤਵਾਰ ਨੂੰ ‘ਪਹਿਲੀ ਸਰਕਾਰ-ਕਿਸਾਨ ਮਿਲਣੀ’ ਕੀਤੀ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਲਈ ਪੰਜਾਬ ਖੇਤਾਬਾੜੀ ਯੂਨੀਵਰਸਿਟੀ ਪੱਬਾਂ ਭਾਰ ਹੈ। ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਦੱਸਿਆ ਕਿ ਅਜਿਹਾ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਕਿਸਾਨਾਂ ਦੀ ਗੱਲ ਸੁਣਨ ਲਈ ਸਰਕਾਰ ਸਿੱਧੇ ਤੌਰ ’ਤੇ ਕਿਸਾਨਾਂ ਕੋਲ ਆ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ, ਕਿਸਾਨ ਤੇ ਮਾਹਿਰਾਂ ਵਿੱਚ ਜੋ ਪਾੜਾ ਸੀ, ਉਸੇ ਨੂੰ ਦੂਰ ਕਰਨ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ 5 ਹਜ਼ਾਰ ਤੋਂ ਵੱਧ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਹੈ। ਸਰਕਾਰ ਵੱਲੋਂ ਤਾਂ ਖੁੱਲ੍ਹੇ ਤੌਰ ’ਤੇ ਪੂਰੇ ਸੂਬੇ ਦੇ ਕਿਸਾਨਾਂ ਨੂੰ ਸੱਦਾ ਹੈ। ਇਸ ਮਿਲਣੀ ਵਿੱਚ ਕਿਸਾਨ ਆ ਕੇ ਪੀਏਯੂ ਮਾਹਿਰਾਂ ਦੇ ਨਾਲ ਤਾਂ ਗੱਲ ਕਰਨਗੇ ਹੀ ਨਾਲ ਹੀ ਸਰਕਾਰ ਤੇ ਕਿਸਾਨਾਂ ਦਰਮਿਆਨ ਸਿੱਧਾ ਵਿਚਾਰ-ਵਟਾਂਦਰਾ ਹੋਵੇਗਾ।
ਪੂਰੇ ਪੰਜਾਬ ਤੋਂ ਅਗਾਂਹਵਧੂ ਕਿਸਾਨ ਸਿੱਧੇ ਮੁੱਖ ਮੰਤਰੀ ਨੂੰ ਆਪਣੇ ਸੁਝਾਅ ਦੇਣਗੇ ਅਤੇ ਪ੍ਰਸਾਸ਼ਨ, ਵਿਭਾਗਾਂ, ਖੇਤੀਬਾੜੀ ਖੋਜ ਸੰਸਥਾਵਾਂ ਤੇ ਕਿਸਾਨਾਂ ਵਿੱਚ ਖੁੱਲੀ ਗੱਲਬਾਤ ਰਾਹੀਂ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਜਿਸ ਰਾਹੀਂ ਸੂਬੇ ਦੀ ਖੇਤੀਬਾੜੀ ਨੂੰ ਵੰਨ-ਸੁਵੰਨਤਾ ਵੱਲ ਲਿਜਾਣ, ਲਾਹੇਵੰਦ ਬਣਾਉਣ ਤੇ ਖੇਤੀਬਾੜੀ ਸੁਧਾਰਾਂ ਦਾ ਕੰਮ ਕਰਨ ਲਈ ਤਜਵੀਜ਼ ਤਿਆਰ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਮਿਲਣੀ ਵਿੱਚ ਅਹਿਮ ਇਹ ਰਹੇਗਾ ਕਿ ਇੱਥੇ ਆਉਣ ਵਾਲੇ ਕਿਸਾਨਾਂ ਲਈ 20 ਗਰੁੱਪ ਬਣਾਏ ਗਏ ਹਨ, ਜਿਨ੍ਹਾਂ ਵਿੱਚ ਕਿਸਾਨ, ਅਧਿਕਾਰੀ ਤੇ ਸਰਕਾਰੀ ਅਧਿਕਾਰੀ ਮੌਜੂਦ ਰਹਿਣਗੇ। 20 ਹਾਲਾਂ ਦੇ ਵਿੱਚ ਇਹ ਗਰੁੱਪ ਬੈਠਣਗੇ। ਇਸ ਮਿਲਣੀ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਕੋਲੋਂ ਫਾਰਮ ਭਰਵਾਏ ਜਾਣਗੇ, ਜਿਨ੍ਹਾਂ ਵਿੱਚ ਉਨ੍ਹਾਂ ਦੀ ਸਾਰੀ ਜਾਣਕਾਰੀ ਹੋਵੇਗੀ ਕਿ ਉਹ ਕਿਹੜੇ ਇਲਾਕੇ ਤੋਂ ਹਨ, ਕਿਹੜੀ ਫਸਲ ਬੀਜਦੇ ਹਨ ਤੇ ਉਨ੍ਹਾਂ ਨੂੰ ਕੀ-ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਫਾਰਮ ਪੀਏਯੂ ਦੇ ਵਿਦਿਆਰਥੀ ਵੀ ਫਾਰਮ ਭਰਨ ਵਿੱਚ ਕਿਸਾਨਾਂ ਦੀ ਮਦਦ ਕਰਨਗੇ।
ਇਸ ਨਾਲ ਕਿਸਾਨਾਂ ਦਾ ਅਹਿਮ ਡੇਟਾ ਬੇਸ ਤਿਆਰ ਹੋਵੇਗਾ। ਨਵੀਂ ਖੇਤੀ ਨੀਤੀ ਕਮੇਟੀ ਦੇ ਮੈਂਬਰ ਤੇ ਵੀਸੀ ਡਾ. ਸਤਬੀਰ ਸਿੰਘ ਗੋਸਲ ਨੇ ਦੱਸਿਆ ਕਿ ਇਸ ਮਿਲਣੀ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੀ ਮੁਸ਼ਕਲਾਂ ਜਾਣਨ ਦੇ ਨਾਲ-ਨਾਲ ਨਵੀਂ ਖੇਤੀ ਨੀਤੀ ਤਿਆਰ ਕਰਨ ਵਿੱਚ ਸਹਾਇਤਾ ਮਿਲੇਗੀ। ਇਹ ਕਿਸਾਨਾਂ ਨਾਲ ਗੱਲਬਾਤ ਜ਼ਮੀਨੀ ਪੱਧਰ ’ਤੇ ਸੂਬੇ ਦੀ ਨਵੀਂ ਖੇਤੀ ਨੀਤੀ ਨੂੰ ਕਿਸਾਨ ਸਹਾਈ ਸਿੱਧ ਹੋਵੇਗੀ।