Punjab News: ਤਹਿਸੀਲ ਦਫਤਰ ਦੇ ਕਲਰਕ ਲਈ ਲੈ ਰਿਹਾ ਸੀ ਰਿਸ਼ਵਤ, ਵਿਜੀਲੈਂਸ ਨੇ ਰੰਗੇ ਹੱਥੀਂ ਫੜਿਆ, ਮੱਚੀ ਹਲਚਲ
ਪੰਜਾਬ 'ਚ ਭ੍ਰਿਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੇਂਸ ਨੀਤੀ ਹੇਠ ਲੁਧਿਆਣੇ 'ਚ ਵਿਜੀਲੈਂਸ ਵਾਲਿਆਂ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ। ਵਿਜੀਲੈਂਸ ਦੀ ਟੀਮ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜੋ ਕਿ ਡੀ.ਸੀ. ਦਫ਼ਤਰ ਦੇ ਕਲਰਕ ਲਈ ਰਿਸ਼ਵਤ..

ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਅਧੀਨ ਲੁਧਿਆਣਾ ਦੇ ਬਸੰਤ ਨਗਰ, ਪ੍ਰਤਾਪ ਸਿੰਘ ਵਾਲਾ ਇਲਾਕੇ ਦੇ ਰਹਿਣ ਵਾਲੇ ਰਜਤ ਸ਼ਰਮਾ ਨਾਮਕ ਨਿੱਜੀ ਵਿਅਕਤੀ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਡੀ.ਸੀ. ਦਫ਼ਤਰ ਲੁਧਿਆਣਾ ਦੀ ਤਹਿਸੀਲ ਪੂਰਬੀ ਵਿੱਚ ਤਾਇਨਾਤ ਕਲਰਕ ਅਮਨਿੰਦਰ ਸਿੰਘ ਦਾ ਸਾਥੀ ਹੈ, ਜਿਸ ਖ਼ਿਲਾਫ਼ ਵੀ ਰਿਸ਼ਵਤਖੋਰੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀ ਬਸੰਤ ਨਗਰ ਦੇ ਰਹਿਣ ਵਾਲੇ ਇੱਕ ਨਾਗਰਿਕ ਵੱਲੋਂ ਮੁੱਖ ਮੰਤਰੀ ਦੀ ਕਰਪਸ਼ਨ ਵਿਰੋਧੀ ਐਕਸ਼ਨ ਲਾਈਨ ਪੋਰਟਲ 'ਤੇ ਦਰਜ ਕਰਵਾਈ ਗਈ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਹੋਈ। ਸ਼ਿਕਾਇਤਕਰਤਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਲੁਧਿਆਣਾ ਨਗਰ ਨਿਗਮ ਦੀ ਇੱਕ ਕਾਲੋਨੀ ਵਿੱਚ ਪਲਾਟ ਦੀ ਰਜਿਸਟਰੀ ਸਬੰਧੀ ਜਾਣਕਾਰੀ ਦੇਣ ਲਈ ਕਲਰਕ ਅਮਨਿੰਦਰ ਸਿੰਘ ਨੇ ਉਸ ਤੋਂ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ।
ਇੰਝ ਵਿਜੀਲੈਂਸ ਬਿਊਰੋ ਨੇ ਵਿਛਾਇਆ ਜਾਲ
ਇਸ ਸ਼ਿਕਾਇਤ ਦੀ ਪੁਸ਼ਟੀ ਦੌਰਾਨ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਜਾਲ ਬਿਛਾਇਆ ਗਿਆ, ਜਿਸ ਦੌਰਾਨ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਰਜਤ ਸ਼ਰਮਾ ਨੂੰ ਸ਼ਿਕਾਇਤਕਰਤਾ ਤੋਂ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਵਿਜੀਲੈਂਸ ਬਿਊਰੋ ਵੱਲੋਂ ਪੁੱਛਗਿੱਛ ਦੌਰਾਨ ਰਜਤ ਨੇ ਖੁਲਾਸਾ ਕੀਤਾ ਕਿ ਉਹ ਕਲਰਕ ਅਮਨਿੰਦਰ ਦੇ ਨਾਲ ਦਫ਼ਤਰ ਵਿੱਚ ਗੈਰ-ਅਧਿਕਾਰਿਤ ਤਰੀਕੇ ਨਾਲ ਕੰਮ ਕਰਦਾ ਹੈ ਅਤੇ ਉਸੇ ਨੇ ਉਸਨੂੰ ਰਿਸ਼ਵਤ ਦੀ ਰਕਮ ਲੈਣ ਲਈ ਭੇਜਿਆ ਸੀ। ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਦੋਵੇਂ ਦੋਸ਼ੀਆਂ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿੱਚ ਭ੍ਰਿਸ਼ਟਾਚਾਰ ਨਿਵਾਰਣ ਕਾਨੂੰਨ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ ਅਤੇ ਮੁੱਖ ਦੋਸ਼ੀ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















