By Elections: ਲੁਧਿਆਣਾ 'ਚ ਕੌਣ ਮਾਰੇਗਾ ਬਾਜੀ? ਭਗਵੰਤ ਮਾਨ, ਰਾਜਾ ਵੜਿੰਗ ਤੇ ਰਵਨੀਤ ਬਿੱਟੂ ਦੀ ਇੱਜਤ ਦਾ ਸਵਾਲ
Ludhiana By Elections: ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਦਾ ਐਲਾਨ ਹੁੰਦਿਆਂ ਹੀ ਸਿਆਸੀ ਪਾਰਟੀਆਂ ਐਕਸ਼ਨ ਮੋਡ ਵਿੱਚ ਆ ਗਈਆਂ ਹਨ। ਆਮ ਆਦਮੀ ਪਾਰਟੀ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ-ਆਪਣੇ ਉਮੀਦਵਾਰ...

Ludhiana By Elections: ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਦਾ ਐਲਾਨ ਹੁੰਦਿਆਂ ਹੀ ਸਿਆਸੀ ਪਾਰਟੀਆਂ ਐਕਸ਼ਨ ਮੋਡ ਵਿੱਚ ਆ ਗਈਆਂ ਹਨ। ਆਮ ਆਦਮੀ ਪਾਰਟੀ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ-ਆਪਣੇ ਉਮੀਦਵਾਰ ਪਹਿਲਾਂ ਹੀ ਐਲਾਨ ਦਿੱਤੇ ਗਏ ਹਨ ਪਰ ਬੀਜੇਪੀ ਨੇ ਅਜੇ ਕੋਈ ਐਲਾਨ ਨਹੀਂ ਕੀਤਾ। ਉਂਝ ਵੀ ਮੰਨਿਆ ਜਾ ਰਿਹਾ ਹੈ ਕਿ ਜ਼ਿਮਨੀ ਚੋਣ ਵਿੱਚ ਮੁੱਖ ਮੁਕਾਬਲਾ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਤੇ ‘ਆਪ’ ਉਮੀਦਵਾਰ ਸੰਜੀਵ ਅਰੋੜਾ ਵਿਚਾਲੇ ਹੀ ਹੋਏਗਾ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਸੱਤਾਧਿਰ ਆਮ ਆਦਮੀ ਪਾਰਟੀ ਲਈ ਕਈ ਪੱਖਾਂ ਤੋਂ ਬੇਹੱਦ ਅਹਿਮ ਹੈ। ਪਹਿਲਾ ਇਹ ਕਿ ਲੁਧਿਆਣਾ ਪੱਛਮੀ ਸੀਟ ‘ਆਪ’ ਕੋਲ ਹੀ ਸੀ। ਇਸ ਕਰਕੇ ਇਸ ਨੂੰ ਬਚਾਉਣਾ ਸੱਤਾਧਿਰ ਲਈ ਵੱਕਾਰ ਦਾ ਸਵਾਲ ਹੈ। ਦੂਜਾ ‘ਆਪ’ ਨੇ ਇਸ ਸੀਟ ਤੋਂ ਆਪਣੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਉਹ ਵਿਧਾਇਕ ਬਣ ਜਾਂਦੇ ਹਨ ਤਾਂ ਖਾਲੀ ਹੋਈ ਰਾਜ ਸਭਾ ਸੀਟ ਤੋਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਭੇਜਿਆ ਜਾਏਗਾ।
ਇਸ ਤੋਂ ਇਲਾਵਾ ਕਾਂਗਰਸ ਲਈ ਵੀ ਇਹ ਸੀਟ ਬੇਹੱਦ ਅਹਿਮ ਹੈ ਕਿਉਂਕਿ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਸੀਟ ਤੋਂ ਬਾਕੀ ਧਿਰਾਂ ਨੂੰ ਪਿਛਾੜ ਦਿੱਤਾ ਸੀ। ਹੁਣ ਪਾਰਟੀ ਪ੍ਰਧਾਨ ਰਾਜਾ ਵੜਿੰਗ ਦੇ ਲੋਕ ਸਭਾ ਹਲਕੇ ਅੰਦਰ ਹੀ ਜ਼ਿਮਨੀ ਚੋਣ ਹੋ ਰਹੀ ਹੈ। ਉਂਝ ਵੀ ਕਾਂਗਰਸ ਨੇ ਆਪਣੇ ਵੱਡੇ ਲੀਡਰ ਭਾਰਤ ਭੂਸ਼ਣ ਆਸ਼ੂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਕਾਂਗਰਸ ਇਹ ਸੀਟ ਜਿੱਤਣ ਨਾਲ ਹੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਰਾਹ ਪੱਧਰਾ ਕਰ ਸਕੇਗੀ।
ਉਧਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਇਸ ਸੀਟ ਤੋਂ ਆਪਣੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਨੂੰ ਵੱਧ ਤੋਂ ਵੱਧ ਵੋਟਾਂ ਦਿਵਾਉਣ ਦੀ ਕੋਸ਼ਿਸ਼ ਕਰਨਗੇ। ਅਕਾਲੀ ਦਲ ਦੀ ਵੋਟ ਪ੍ਰਤੀਸ਼ਤਤਾ ਕਾਫੀ ਹੇਠਾਂ ਆ ਗਈ ਹੈ। ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਆਪਣੇ ਤੋਂ ਦੂਰ ਹੋਏ ਵੋਟਰਾਂ ਦਾ ਭਰੋਸਾ ਜਿੱਤਣਾ ਹੀ ਪਵੇਗਾ। ਭਾਜਪਾ ਨੇ ਹਾਲੇ ਤੱਕ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਪਰ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਲਈ ਇਹ ਸੀਟ ਵੱਕਾਰ ਦਾ ਸੁਆਲ ਹੋਵੇਗੀ। ਲੁਧਿਆਣਾ ਪੱਛਮੀ ਨਿਰੋਲ ਹਿੰਦੂ ਸੀਟ ਹੈ। ਉਂਝ ਵੀ ਲੁਧਿਆਣਾ ਨੂੰ ਰਵਨੀਤ ਬਿੱਟੂ ਦਾ ਗੜ੍ਹ ਮੰਨਿਆ ਜਾਂਦਾ ਹੈ।
ਹਾਸਲ ਅੰਕੜਿਆਂ ਮੁਤਾਬਕ ਲੁਧਿਆਣਾ ਪੱਛਮੀ ਸੀਟ ’ਚ 15.07 ਫ਼ੀਸਦੀ ਦਲਿਤ ਵੋਟਰ ਹਨ ਪਰ ਦਿਹਾਤੀ ਵੋਟਰ ਨਹੀਂ ਹਨ। ਪਿਛਲੇ ਸਾਲ ਹੋਈਆਂ ਲੋਕ ਸਭਾ ਚੋਣਾਂ ਵਿੱਚ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ’ਚੋਂ ਸਭ ਤੋਂ ਵੱਧ 45,424 ਵੋਟਾਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਮਿਲੀਆਂ ਸਨ। ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਇਸ ਅਸੈਂਬਲੀ ਹਲਕੇ ’ਚੋਂ 30,898 ਤੇ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ 22,461 ਵੋਟ ਮਿਲੇ ਸਨ।
ਜੇਕਰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਇਸ ਸੀਟ ਤੋਂ ‘ਆਪ’ ਨੇ 34.47 ਫ਼ੀਸਦੀ ਵੋਟ ਹਾਸਲ ਕੀਤੇ ਸਨ ਜਦੋਂਕਿ ਕਾਂਗਰਸ ਨੂੰ 28.06 ਫ਼ੀਸਦੀ ਤੇ ਭਾਜਪਾ ਦੇ ਹਿੱਸੇ 23.95 ਫ਼ੀਸਦੀ ਵੋਟ ਆਏ ਸਨ। ਸ਼੍ਰੋਮਣੀ ਅਕਾਲੀ ਦਲ ਨੂੰ ਇਸ ਸੀਟ ਤੋਂ 8.59 ਫ਼ੀਸਦੀ ਵੋਟ ਮਿਲੇ ਸਨ। ਆਮ ਤੌਰ ’ਤੇ ਲੁਧਿਆਣਾ ਪੱਛਮੀ ’ਚ ਹਮੇਸ਼ਾ 60 ਫ਼ੀਸਦੀ ਤੋਂ ਉਪਰ ਹੀ ਵੋਟਾਂ ਪੈਂਦੀਆਂ ਰਹੀਆਂ ਹਨ। ਪਿਛਲੇ ਸਾਲ ਲੋਕ ਸਭਾ ਚੋਣਾਂ ਵਿੱਚ ਇਸ ਅਸੈਂਬਲੀ ਹਲਕੇ ’ਚ 63.34 ਫ਼ੀਸਦੀ ਵੋਟ ਪਏ ਸਨ ਜਦੋਂ ਕਿ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਇਸ ਸੀਟ ’ਤੇ 63.73 ਫ਼ੀਸਦ ਪੋਲਿੰਗ ਹੋਈ ਸੀ। ਇਸੇ ਤਰ੍ਹਾਂ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਸ ਹਲਕੇ ’ਚ 62.36 ਫ਼ੀਸਦੀ ਮਤਦਾਨ ਹੋਇਆ ਸੀ ਜਦੋਂ ਕਿ ਸਾਲ 2017 ਦੀਆਂ ਅਸੈਂਬਲੀ ਚੋਣਾਂ ਦੌਰਾਨ ਇਸ ਹਲਕੇ ’ਚ 69.37 ਫ਼ੀਸਦੀ ਵੋਟਾਂ ਪਈਆਂ ਸਨ।






















