Punjab News: ਲੁਧਿਆਣਾ 'ਚ ਆਪ ਕੌਂਸਲਰ ਦੀ ਗੱਡੀ 'ਤੇ ਗੋਲੀਬਾਰੀ, ਮੇਅਰ ਦੀ ਕੁਰਸੀ ਨੂੰ ਲੈ ਕੇ ਫਸਿਆ ਹੋਇਆ ਪੇਚ !
ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਫਿਲਹਾਲ ਸਾਰੇ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ, ਬਿਆਨਾਂ ਦੇ ਅਧਾਰ ਉੱਤੇ ਕਾਰਵਾਈ ਹੋਵੇਗੀ।
Punjab News: ਲੁਧਿਆਣਾ ਵਿੱਚ ਦਸੰਬਰ ਮਹੀਨੇ ਵਿੱਚ ਹੋਈਆਂ ਨਗਰ ਨਿਗਮ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ ਸੀ ਇਸ ਤੋਂ ਬਾਅਦ ਇੱਥੇ ਮੇਅਰ ਦੀ ਕੁਰਸੀ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ। ਇਸ ਮੌਕੇ ਲੁਧਿਆਣਾ ਵਿੱਚ ਆਪ ਕੌਂਸਲਰ ਦੀ ਗੱਡੀ ਉੱਤੇ ਗੋਲ਼ੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਇਲਾਕੇ ਵਿੱਚ ਹਲਚਲ ਤੇਜ਼ ਹੋ ਗਈ ਹੈ।
ਕੀ ਹੈ ਪੂਰਾ ਮਾਮਲਾ
ਦਰਅਸਲ, ਇਹ ਗੋਲੀ ਚੱਲਣ ਦਾ ਮਾਮਲਾ ਡਵੀਜ਼ਨ ਨੰਬਰ 2 ਦੇ ਅਧੀਨ ਪੈਂਦੇ ਵਾਰਡ ਨੰਬਰ 75 ਤੋਂ ਸਾਹਮਣੇ ਆਇਆ ਹੈ ਜਿੱਥੇ ਆਮ ਆਦਮੀ ਪਾਰਟੀ ਦੀ ਕੌਂਸਲਰ ਦੀ ਗੱਡੀ ਉੱਤੇ ਬਦਮਾਸ਼ਾਂ ਨੇ ਫਾਇਰਿੰਗ ਕੀਤੀ ਹੈ। ਇਸ ਵਾਰਦਾਤ ਬਾਬਤ, ਮਹਿਲਾ ਕੌਂਸਲਰ ਦੇ ਪਤੀ ਗੁਰਪ੍ਰੀਤ ਸਿੰਘ ਰਾਜੂ ਨੇ ਦੱਸਿਆ ਕਿ ਉਹ ਆਪਣੇ ਘਰ ਵਿੱਚ ਪਰਿਵਾਰ ਦੇ ਨਾਲ ਲੋਹੜੀ ਮਨਾ ਰਹੇ ਸਨ ਤਾਂ ਅਚਾਨਕ ਉਹਨਾਂ ਦੀ ਗੱਡੀ ਦਾ ਸ਼ੀਸ਼ਾ ਟੁੱਟਣ ਦੀ ਅਵਾਜ਼ ਆਈ ਜਿਸ ਤੋਂ ਬਾਅਦ ਹਮਲੇ ਦਾ ਸ਼ੱਕ ਜਤਾਇਆ ਗਿਆ ਤੇ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਤਾਂ ਪੜਤਾਲ ਦੌਰਾਨ ਗੱਡੀ ਵਿੱਚੋਂ ਇੱਕ ਖਾਲੀ ਖੋਲ੍ਹ ਮਿਲਿਆ ਹੈ। ਜਿਸ ਤੋਂ ਸਾਫ ਹੁੰਦਾ ਹੈ ਕਿ ਕਿਸੇ ਨੇ ਉਹਨਾਂ ਉੱਤੇ ਹਮਲਾ ਕਰਨ ਦੀ ਮਨਸ਼ਾ ਨਾਲ ਗੋਲੀ ਚਲਾਈ ।
ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਫਿਲਹਾਲ ਸਾਰੇ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ, ਬਿਆਨਾਂ ਦੇ ਅਧਾਰ ਉੱਤੇ ਕਾਰਵਾਈ ਹੋਵੇਗੀ।
ਮੇਅਰ ਦੀ ਕੁਰਸੀ ਨੂੰ ਲੈ ਕੇ ਚੱਲ ਰਿਹਾ ਰੇੜਕਾ
ਲੁਧਿਆਣਾ ਵਿੱਚ ਦਸੰਬਰ ਮਹੀਨੇ ਵਿੱਚ ਹੋਈਆਂ ਨਗਰ ਨਿਗਮ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ ਸੀ। ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ 41, ਕਾਂਗਰਸ ਨੂੰ 30, ਭਾਜਪਾ ਨੂੰ 19, ਅਕਾਲੀ ਦਲ ਨੂੰ 2 ਅਤੇ ਤਿੰਨ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਸੀ। ਕੁੱਲ 95 ਕੌਂਸਲਰਾਂ ਵਾਲੇ ਨਿਗਮ ਹਾਊਸ ਵਿੱਚ ਸੱਤ ਵਿਧਾਇਕਾਂ ਦੀਆਂ ਵੋਟਾਂ ਨੂੰ ਜੋੜ ਕੇ ਬਹੁਮਤ ਲਈ 52 ਦਾ ਅੰਕੜਾ ਹੋਣਾ ਜ਼ਰੂਰੀ ਸੀ। ਆਮ ਆਦਮੀ ਪਾਰਟੀ ਨੇ ਕਾਂਗਰਸ, ਭਾਜਪਾ ਤੇ ਆਜ਼ਾਦ ਕੌਂਸਲਰਾਂ ਨੂੰ ‘ਆਪ’ ਵਿੱਚ ਸ਼ਾਮਲ ਕਰਕੇ ਬਹੁਮਤ ਦਾ ਅੰਕੜਾ ਇਕੱਠਾ ਕਰ ਲਿਆ ਸੀ ਪਰ ਇਸ ਦੌਰਾਨ ਵਿਧਾਇਕ ਗੋਗੀ ਦਾ ਦੇਹਾਂਤ ਹੋ ਗਿਆ। ਹੁਣ ਬਹੁਮਤ ਲਈ 52 ਦਾ ਅੰਕੜਾ ਚਾਹੀਦਾ ਹੈ, ਇਹ ਅੰਕੜਾ ਫਿਲਹਾਲ ‘ਆਪ’ ਕੋਲ ਹੈ, ਪਰ ਹੁਣ ਕਾਂਗਰਸ ਅਤੇ ਭਾਜਪਾ ਦੇ ਸੀਨੀਅਰ ਆਗੂਆਂ ਨੇ ਆਮ ਆਦਮੀ ਪਾਰਟੀ ਵਿੱਚ ਚਲੇ ਗਏ ਆਪਣੇ ਕੌਂਸਲਰਾਂ ਨੂੰ ਵਾਪਸ ਲਿਆਉਣ ਲਈ ਸਰਗਰਮ ਹੋ ਗਏ ਹਨ