Ludhiana News: ਸਿਮਰਜੀਤ ਬੈਂਸ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ- ਸ਼ਾਂਤ ਰਹੋ, ਨਹੀਂ ਤਾਂ ਪੱਕਾ ਸ਼ਾਂਤ ਕਰ ਦੇਵਾਂਗੇ
Ludhiana News: ਲੁਧਿਆਣਾ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ।
Ludhiana News: ਲੁਧਿਆਣਾ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਕਿਸੇ ਨੇ ਉਨ੍ਹਾਂ ਨੂੰ ਫੇਸਬੁੱਕ ਪੇਜ 'ਤੇ ਮੈਸੇਂਜਰ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਸਿਮਰਜੀਤ ਬੈਂਸ ਦੇ ਸੋਸ਼ਲ ਮੀਡੀਆ ਹੈਂਡਲ ਪੇਜ ਨੂੰ ਚਲਾਉਣ ਵਾਲੇ ਬੰਟੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਧਮਕੀ ਬੀਤੇ ਦਿਨੀਂ ਉਦੋਂ ਮਿਲੀ ਜਦੋਂ ਬੈਂਸ ਅਤੇ ਉਨ੍ਹਾਂ ਦੇ ਹੋਰ ਸਾਰੇ ਦੋਸਤ ਰੋਡ ਸ਼ੋਅ ਵਿੱਚ ਪੈਦਲ ਮਾਰਚ ਕਰ ਰਹੇ ਸਨ। ਧਮਕੀ ਤੋਂ ਬਾਅਦ ਹੁਣ ਇਸ ਮਾਮਲੇ ਸਬੰਧੀ ਲੁਧਿਆਣਾ ਪੁਲਿਸ ਕਮਿਸ਼ਨਰ ਅਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਜਾਵੇਗੀ।
ਬੰਟੀ ਨੇ ਕਿਹਾ ਕਿ ਬੈਂਸ ਦੇ ਪੇਜ 'ਤੇ ਬੱਬਰ ਹੈਰੀ ਨਾਂ ਦੀ ਆਈਡੀ ਤੋਂ ਧਮਕੀ ਆਈ ਹੈ। ਧਮਕੀ ਦੇਣ ਵਾਲੇ ਵਿਅਕਤੀ ਨੇ ਲਿਖਿਆ- ਤੁਸੀਂ ਦਿਨ-ਬ-ਦਿਨ ਵੱਡੇ ਨੇਤਾ ਬਣਦੇ ਜਾ ਰਹੇ ਹੋ, ਜ਼ਿਆਦਾ ਸਿਰ 'ਤੇ ਨਾ ਚੜ੍ਹੋ, ਥੋੜਾ ਸ਼ਾਂਤੀ ਨਾਲ ਚੱਲੋ ਨਹੀਂ ਤਾਂ ਅਸੀਂ ਤੁਹਾਨੂੰ ਪੱਕਾ ਸ਼ਾਂਤ ਕਰ ਦੇਵਾਂਗੇ। ਸਮਝ ਲਓ ਹਾਲੇ ਵੀ ਸਮਾਂ ਹੈ, ਨਹੀਂ ਤਾਂ ਤੁਹਾਡੀ ਲਾਸ਼ ਦੀ ਪਛਾਣ ਕਿਸੇ ਨੂੰ ਨਹੀਂ ਹੋਵੇਗੀ।
ਦੂਜੇ ਪਾਸੇ ਇਸ ਮਾਮਲੇ ਵਿੱਚ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਸੱਚਾਈ ਦੇ ਰਾਹ ’ਤੇ ਚੱਲਣ ਵਾਲੇ ਆਗੂ ਹਨ। ਅੱਜ ਕੋਈ ਨਵੀਂ ਧਮਕੀ ਨਹੀਂ ਮਿਲ ਰਹੀ ਹੈ। ਜਦੋਂ ਤੋਂ ਉਹ ਲੋਕਾਂ ਵਿੱਚ ਕੰਮ ਕਰ ਰਹੇ ਹਨ, ਸ਼ਰਾਰਤੀ ਅਨਸਰ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ। ਪਰ ਉਹ ਸੱਚਾਈ ਤੋਂ ਪਿੱਛੇ ਹਟਣ ਵਾਲੇ ਆਗੂ ਨਹੀਂ ਹਨ। ਇਸ ਸਬੰਧੀ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇਗਾ।
ਸੰਗਰੂਰ ਤੋਂ ਮੌਜੂਦਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨਾਲ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸਿਮਰਜੀਤ ਸਿੰਘ ਬੈਂਸ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ। ਉਨ੍ਹਾਂ 'ਤੇ ਅਕਾਲੀ ਦਲ 'ਚ ਕਈ ਦੋਸ਼ ਲੱਗਦੇ ਰਹੇ। ਬੈਂਸ ਖ਼ਿਲਾਫ਼ ਤਹਿਸੀਲਦਾਰ ਦੇ ਦਫ਼ਤਰ ਵਿੱਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਦਾ ਕੇਸ ਵੀ ਦਰਜ ਕੀਤਾ ਗਿਆ ਸੀ। ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਚੋਣ ਟਿਕਟ ਨਾ ਦੇਣ ਤੋਂ ਨਾਰਾਜ਼ ਹੋ ਕੇ ਉਨ੍ਹਾਂ ਪਾਰਟੀ ਛੱਡ ਦਿੱਤੀ ਸੀ।
ਇਸ ਤੋਂ ਬਾਅਦ ਸਿਮਰਜੀਤ ਨੇ ਆਤਮ ਨਗਰ ਤੋਂ ਅਤੇ ਬਲਵਿੰਦਰ ਨੇ ਲੁਧਿਆਣਾ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਅਤੇ ਜਿੱਤੇ। ਬੈਂਸ ਨੇ ਲੋਕ ਇਨਸਾਫ ਪਾਰਟੀ ਬਣਾਈ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ 'ਆਪ' ਨਾਲ ਗਠਜੋੜ ਕੀਤਾ। ਇਸ ਵਾਰ ਵੀ ਦੋਵੇਂ ਭਰਾ ਚੋਣ ਜਿੱਤ ਗਏ। ਸਾਲ 2022 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਦੀ ਪਾਰਟੀ ਨੇ ਇਕੱਲਿਆਂ ਹੀ ਚੋਣ ਲੜੀ, ਪਰ 'ਆਪ' ਦੀ ਲਹਿਰ ਦਾ ਸਾਹਮਣਾ ਨਾ ਕਰ ਸਕੀ ਅਤੇ ਹਾਰ ਗਈ।
ਸਿਮਰਜੀਤ ਸਿੰਘ ਬੈਂਸ ਦੋ ਵਾਰ ਜੇਲ੍ਹ ਜਾ ਚੁੱਕੇ ਹਨ। ਸਾਲ 2009 'ਚ ਉਨ੍ਹਾਂ 'ਤੇ ਤਹਿਸੀਲਦਾਰ ਦੀ ਕੁੱਟਮਾਰ ਕਰਨ ਦੇ ਦੋਸ਼ ਲੱਗੇ ਸਨ। ਇਸ ਮਾਮਲੇ ਵਿੱਚ ਉਹ ਜੇਲ੍ਹ ਕੱਟ ਚੁੱਕੇ ਹਨ। ਇਸ ਤੋਂ ਬਾਅਦ 10 ਜੁਲਾਈ 2021 ਨੂੰ ਔਰਤ ਨੇ ਉਨ੍ਹਾਂ 'ਤੇ ਬਲਾਤਕਾਰ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਸੀ।
ਇਹ ਵੀ ਪੜ੍ਹੋ: Weather Update: ਅੱਜ ਤੋਂ ਬਦਲੇਗਾ ਮੌਸਮ, ਪਿਛਲੇ ਚਾਰ ਦਿਨਾਂ 'ਚ ਪਾਰਾ 48 ਤੋਂ ਰਿਹਾ ਪਾਰ, ਮੀਂਹ ਦੇ ਨਾਲ ਚੱਲਣਗੀਆਂ ਤੇਜ਼ ਹਵਾਵਾਂ