Farmers Protest: ਪੰਜਾਬ ਸਰਕਾਰ ਦੀ ਸਖਤੀ ਮਗਰੋਂ ਕਿਸਾਨਾਂ ਦਾ ਪਾਰਾ 7ਵੇਂ ਆਸਮਾਨ 'ਤੇ ਪਹੁੰਚਿਆ, ਅਗਲੀ ਰਣਨੀਤੀ ਦਾ ਐਲਾਨ
Farmers Protest: ਪੰਜਾਬ ਸਰਕਾਰ ਦੀ ਸਖਤੀ ਮਗਰੋਂ ਕਿਸਾਨਾਂ ਦਾ ਪਾਰਾ ਸੱਤਵੇਂ ਆਸਮਾਨ 'ਤੇ ਪਹੁੰਚ ਗਿਆ ਹੈ। ਪੰਜਾਬ ਪੁਲਿਸ ਵੱਲੋਂ ਚੰਡੀਗੜ੍ਹ ਕੂਚ ਅਸਫਲ ਕਰਨ ਮਗਰੋਂ ਕਿਸਾਨ ਅਗਲੀ ਰਣਨੀਤੀ ਬਣਾਉਣ ਵਿੱਚ ਜੁੱਟ ਗਏ ਹਨ।

Farmers Protest: ਪੰਜਾਬ ਸਰਕਾਰ ਦੀ ਸਖਤੀ ਮਗਰੋਂ ਕਿਸਾਨਾਂ ਦਾ ਪਾਰਾ ਸੱਤਵੇਂ ਆਸਮਾਨ 'ਤੇ ਪਹੁੰਚ ਗਿਆ ਹੈ। ਪੰਜਾਬ ਪੁਲਿਸ ਵੱਲੋਂ ਚੰਡੀਗੜ੍ਹ ਕੂਚ ਅਸਫਲ ਕਰਨ ਮਗਰੋਂ ਕਿਸਾਨ ਅਗਲੀ ਰਣਨੀਤੀ ਬਣਾਉਣ ਵਿੱਚ ਜੁੱਟ ਗਏ ਹਨ। ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਡੇ ਨਾਲ ਦੁਰਵਿਹਾਰ ਕੀਤਾ ਹੈ। ਇਸ ਲਈ ਹੁਣ ਅਸੀਂ ਪੰਜਾਬ ਸਰਕਾਰ ਖਿਲਾਫ ਮੋਰਚਾ ਖੋਲ੍ਹਣ ਲਈ ਮਜ਼ਬੂਰ ਹਾਂ।
ਹਾਸਲ ਜਾਣਕਾਰੀ ਮੁਤਾਬਕ ਅਗਲੀ ਰਣਨੀਤੀ ਬਣਾਉਣ ਲਈ ਸੰਯੁਕਤ ਕਿਸਾਨ ਮੋਰਚਾ (SKM) ਦੀ ਮੀਟਿੰਗ ਅੱਜ ਲੁਧਿਆਣਾ ਦੇ ਈਸੜੂ ਭਵਨ ਵਿੱਚ ਹੋ ਰਹੀ ਹੈ। ਮੀਟਿੰਗ ਮਗਰੋਂ ਕਿਸਾਨ ਵੱਡਾ ਐਲਾਨ ਕਰਨਗੇ। ਦਰਅਸਲ ਦੋ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਬੇਸਿੱਟਾ ਰਹੀ ਸੀ। ਮੀਟਿੰਗ ਵਿੱਚ ਸੀਐਮ ਮਾਨ ਤਲਖ ਹੋ ਗਏ ਸੀ ਤੇ ਕਿਸਾਨਾਂ ਨੂੰ ਚੇਤਾਵਨੀ ਦੇ ਦਿੱਤੀ ਸੀ ਕਿ ਜਾਓ ਜੋ ਕਰਨਾ ਕਰ ਲਵੋ।
ਇਸ ਤੋਂ ਬਾਅਦ ਕਿਸਾਨਾਂ ਨੇ ਚੰਡੀਗੜ੍ਹ ਵੱਲ ਕੂਚ ਕੀਤਾ ਪਰ ਚੰਡੀਗੜ੍ਹ ਪੁਲਿਸ ਨੇ ਮੰਗਲਵਾਰ ਰਾਤ ਤੋਂ ਹੀ ਪੰਜਾਬ ਨਾਲ ਲੱਗਦਈਆਂ ਚੰਡੀਗੜ੍ਹ ਦੀਆਂ 18 ਸਰਹੱਦਾਂ ਸੀਲ ਕਰ ਦਿੱਤੀਆਂ। ਪੰਜਾਬ ਪੁਲਿਸ ਨੇ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਕਈਆਂ ਨੂੰ ਹਾਈਵੇਅ 'ਤੇ ਆਉਣ ਹੀ ਨਹੀਂ ਦਿੱਤਾ। ਕਿਸਾਨਾਂ ਦੀ ਪੁਲਿਸ ਸਾਹਮਣੇ ਇੱਕ ਨਾ ਚੱਲੀ ਤੇ ਆਖਰ ਚੰਡੀਗੜ੍ਹ ਕੂਚ ਅਸਫਲ ਹੋ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਪਹਿਲਾਂ ਕਿਸਾਨਾਂ ਦੀ ਲੜਾਈ ਕੇਂਦਰ ਸਰਕਾਰ ਵਿਰੁੱਧ ਸੀ, ਪਰ ਹੁਣ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਛੋਟੀਆਂ-ਛੋਟੀਆਂ ਮੰਗਾਂ ਵੀ ਨਹੀਂ ਮੰਨੀਆਂ। ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨਾਲ ਮਾੜਾ ਸਲੂਕ ਕੀਤਾ ਗਿਆ। ਇਸ ਦੇ ਵਿਰੋਧ ਵਿੱਚ ਕਿਸਾਨ ਹੁਣ ਸੜਕਾਂ 'ਤੇ ਉਤਰਨ ਲਈ ਮਜਬੂਰ ਹਨ। ਕੇਂਦਰ ਸਰਕਾਰ ਦੇ ਨਾਲ-ਨਾਲ ਹੁਣ ਪੰਜਾਬ ਸਰਕਾਰ ਵੀ ਕਿਸਾਨ ਵਿਰੋਧੀ ਹੋ ਗਈ ਹੈ ਪਰ ਕਿਸਾਨ ਆਗੂ ਦਬਾਏ ਜਾਣ ਵਾਲੇ ਨਹੀਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















