Ludhiana News: ਜੇਲ੍ਹਾਂ 'ਚ ਕੈਦੀਆਂ ਦੀਆਂ ਐਸ਼ਾਂ! ਜਨਮ ਦਿਨ ਦੇ ਜਸ਼ਨਾਂ ਦੀ ਵੀਡੀਓ ਵਾਇਰਲ ਹੋਣ ਮਗਰੋਂ ਐਕਸ਼ਨ ਮੋਡ 'ਚ ਪੁਲਿਸ
Ludhiana News: ਵੀਡੀਓ ਵਾਇਰਲ ਹੋਣ ਮਗਰੋਂ ਪੰਜਾਬ ਸਰਕਾਰ ਨੂੰ ਵੀ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਵਿਰੋਧੀ ਧਿਰਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰ ਰਹੀਆਂ ਹਨ।
Ludhiana News: ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਬੰਦ ਇੱਕ ਕਤਲ ਦੇ ਮੁਲਜ਼ਮ ਦੀ ਜਨਮ ਦਿਨ ਦੀ ਪਾਰਟੀ ਨੇ ਜੇਲ੍ਹ ਵਿਭਾਗ ਵਿੱਚ ਤਰਥੱਲੀ ਮਚਾ ਦਿੱਤੀ ਹੈ। ਵੀਡੀਓ ਵਾਇਰਲ ਹੋਣ ਮਗਰੋਂ ਪੰਜਾਬ ਸਰਕਾਰ ਨੂੰ ਵੀ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਵਿਰੋਧੀ ਧਿਰਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰ ਰਹੀਆਂ ਹਨ।
ਉਧਰ, ਪੁਲਿਸ ਵੀ ਐਕਸ਼ਨ ਮੋਡ ਵਿੱਚ ਆ ਗਈ ਹੈ। ਪੁਲਿਸ ਨੇ ਵਾਇਰਲ ਵੀਡੀਓ ਵਿੱਚ ਦਿਖਾਈ ਦੇਣ ਵਾਲੇ 10 ਹੋਰ ਕੈਦੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਇੰਟਰਨਲ ਡੀਆਈਜੀ ਨੂੰ ਵੀ ਮਾਮਲੇ ਦੀ ਜਾਂਚ ਸੌਂਪੀ ਗਈ ਹੈ।
ਏਡੀਜੀਪੀ ਜੇਲ੍ਹ ਅਰੁਣਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਨੇ ਪੰਜਾਬ ਸਾਈਬਰ ਸੈੱਲ ਨੂੰ ਵੀ ਪੱਤਰ ਲਿਖਿਆ ਹੈ ਕਿ ਜਿਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਜੇਲ੍ਹ ਦੀ ਇਹ ਵੀਡੀਓ ਚੱਲ ਰਹੀ ਹੈ, ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਹਟਾਇਆ ਜਾਵੇ। ਜੇਕਰ ਸੋਸ਼ਲ ਮੀਡੀਆ 'ਤੇ ਜੇਲ੍ਹ ਦੇ ਕੈਦੀਆਂ ਵੱਲੋਂ ਕੋਈ ਹੋਰ ਵੀਡੀਓ ਬਣਾਈ ਗਈ ਹੈ ਤਾਂ ਉਹ ਵੀ ਹਟਾਉਣ ਲਈ ਕਿਹਾ ਹੈ।
ਏਡੀਜੀਪੀ ਨੇ ਕਿਹਾ ਕਿ ਲੁਧਿਆਣਾ ਜੇਲ੍ਹ ਵਿੱਚ ਜਨਮ ਦਿਨ ਦੀ ਵੀਡੀਓ ਮਾਮਲੇ ਵਿੱਚ ਜਿਸ ਵੀ ਅਧਿਕਾਰੀ-ਕਰਮਚਾਰੀ ਦੀ ਮਿਲੀਭੁਗਤ ਸਾਹਮਣੇ ਆਈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਤੈਅ ਹੈ ਕਿ ਉਸ ਅਧਿਕਾਰੀ ਨੂੰ ਸਜ਼ਾ ਮਿਲੇਗੀ। ਹੁਣ ਆਉਣ ਵਾਲੇ ਦਿਨਾਂ ਵਿੱਚ ਵਿਭਾਗ ਦੇ ਸੀਨੀਅਰ ਅਧਿਕਾਰੀ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਦਾ ਅਚਨਚੇਤ ਨਿਰੀਖਣ ਵੀ ਕਰਨਗੇ।
ਹਾਸਲ ਜਾਣਕਾਰੀ ਮੁਤਾਬਕ ਇਹ ਵੀਡੀਓ 21 ਦਸੰਬਰ 2023 ਨੂੰ ਬਣਾਈ ਗਈ ਸੀ। ਮੁਲਜ਼ਮ ਅਰੁਣ ਕੁਮਾਰ ਉਰਫ ਮਨੀ ਰਾਣਾ ਨੇ ਇਹ ਵੀਡੀਓ ਆਪਣੇ ਜਨਮ ਦਿਨ ਮੌਕੇ ਬਣਾਈ ਸੀ। ਤਿੰਨ ਦਿਨਾਂ ਬਾਅਦ ਜਦੋਂ ਹੈੱਡ ਵਾਰਡਨ ਸ਼ਿੰਦਰ ਸਿੰਘ ਨੇ ਬੈਰਕ ਨੰਬਰ 4 ਦੀ ਤਲਾਸ਼ੀ ਲਈ ਤਾਂ ਅਰੁਣ ਉਰਫ ਮਨੀ ਰਾਣਾ ਕੋਲੋਂ 1 ਟੱਚ ਮੋਬਾਈਲ ਫੋਨ ਰੈਡਮੀ ਬਲੂ ਰੰਗ ਦਾ ਬਰਾਮਦ ਹੋਇਆ ਸੀ।
ਮਨੀ ਰਾਣਾ ਨੇ ਦੂਜੇ ਕੈਦੀਆਂ ਦੇ ਸਾਹਮਣੇ ਮੋਬਾਈਲ ਫ਼ੋਨ ਕੰਧ 'ਤੇ ਮਾਰਿਆ ਸੀ। ਮੋਬਾਈਲ ਦੀ ਸਕਰੀਨ ਟੁੱਟ ਗਈ ਸੀ। ਫ਼ੋਨ ਹੁਣ ਕੰਮ ਕਰਨ ਦੀ ਸਥਿਤੀ ਵਿੱਚ ਨਹੀਂ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਮਨੀ ਰਾਣਾ ਖ਼ਿਲਾਫ਼ 24 ਦਸੰਬਰ ਨੂੰ ਐਫਆਈਆਰ ਦਰਜ ਕੀਤੀ ਸੀ। ਜਦੋਂ ਮੋਬਾਈਲ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ ਕੋਈ ਵੀ ਸਿਮ ਬਰਾਮਦ ਨਹੀਂ ਹੋਇਆ। ਮੋਬਾਈਲ ਦਾ ਕੋਈ IMEI ਨੰਬਰ ਵੀ ਨਹੀਂ ਸੀ। ਮਨੀ ਰਾਣਾ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ।