ਵਾਰਿਸ ਸ਼ਾਹ ਦੇ 300ਵੇਂ ਜਨਮ ਉਤਸਵ 'ਤੇ ਬੋਲੇ ਡਾ. ਸੁਰਜੀਤ ਪਾਤਰ, ਵਾਰਿਸ ਸ਼ਾਹ ਨੇ ਰੀਤ ਤੋਂ ਵੱਧ ਪ੍ਰੀਤ ਨੂੰ ਕਿੱਸਾ ਹੀਰ ਰਾਂਝਾ ਵਿੱਚ ਨਿਭਾਇਆ
ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਪਦਮ ਡਾਃ ਸੁਰਜੀਤ ਪਾਤਰ ਨੇ ਬੀਤੀ ਦੁਪਹਿਰ ਪੰਜਾਬੀ ਭਵਨ ਵਿਖੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਵਾਰਿਸ ਸ਼ਾਹ ਨੇ ਆਪਣੇ ਲਿਖੇ ਕਿੱਸਾ ਹੀਰ ਰਾਂਝਾ ਵਿੱਚ ਰੀਤ ਨਾਲੋਂ ਵੱਧ ਪ੍ਰੀਤ ਨਿਭਾਉਣ ਦਾ ਸੁਨੇਹਾ ਦਿੱਤਾ।
ਲੁਧਿਆਣਾ: ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਮਹਾਨ ਕਿੱਸਾ ਕਵੀ ਸੱਯਦ ਵਾਰਿਸ ਸ਼ਾਹ ਦੇ 300ਵੇਂ ਜਨਮ ਉਤਸਵ ਨੂੰ ਸਮਰਪਿਤ ਵਾਰਿਸ ਸ਼ਾਹ ਯਾਦਗਾਰੀ ਭਾਸ਼ਨ ਦੇਂਦਿਆਂ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਪਦਮ ਸ੍ਰੀ ਡਾਃ ਸੁਰਜੀਤ ਪਾਤਰ ਨੇ ਬੀਤੀ ਦੁਪਹਿਰ ਪੰਜਾਬੀ ਭਵਨ ਵਿਖੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਵਾਰਿਸ ਸ਼ਾਹ ਨੇ ਆਪਣੇ ਲਿਖੇ ਕਿੱਸਾ ਹੀਰ ਰਾਂਝਾ ਵਿੱਚ ਰੀਤ ਨਾਲੋਂ ਵੱਧ ਪ੍ਰੀਤ ਨਿਭਾਉਣ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਰੀਤ ਸਥੂਲ ਹੁੰਦੀ ਹੈ ਪਰ ਪ੍ਰੀਤ ਤਰਲ ਸਰੂਪ ਹੈ ਅਤੇ ਸੁਹਿਰਦ ਪ੍ਰੀਤ ਹੀ ਕਾਵਿ ਸਿਰਜਣਾ ਦਾ ਮੂਲ ਧਨ ਹੈ।
ਡਾਃ ਪਾਤਰ ਨੇ ਕਿਹਾ ਕਿ ਵਾਰਿਸ ਸ਼ਾਹ ਨੇ ਆਪਣੀ ਲਿਖਤ ਵਿੱਚ ਭਾਸ਼ਾ ਸ਼ੈਲੀਆਂ ਵੀ ਸੰਭਾਲੀਆਂ ਅਤੇ ਫ਼ਲਸਫ਼ੇ ਦਾ ਪ੍ਰਕਾਸ਼ ਵੀ ਕੀਤਾ। ਉਸ ਵਕਤ ਦੇ ਮਰਦ ਪ੍ਰਧਾਨ ਪੰਜਾਬੀ ਸਭਿਆਚਾਰ,ਪਲੀਤ ਧਾਰਮਿਕ ਬਿਰਤੀ, ਉਲਾਰ ਵਿਚਾਰਧਾਰਾ ਅਤੇ ਸਮਾਜਿਕ ਵਰਤੋਂ ਵਿਹਾਰ ਦੀਆਂ ਨਿੰਦਣ ਯੋਗ ਰਹੁ ਰੀਤਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ।
ਹੀਰ ਰਾਂਝਾ ਕਿੱਸੇ ਚੋਂ ਪਿੱਤਰੀ ਸੱਤਾ ਦੇ ਵਿਰੋਧ ਵਿੱਚ ਵਾਰਿਸ ਸ਼ਾਹ ਨਾ ਮੁੜਾਂਗੀ ਰਾਂਝਣੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ ਬਹੁਤ ਹੀ ਮਹੱਤਵਪੂਰਨ ਬਿਰਤਾਂਤ ਹੈ।
ਡਾਃ ਪਾਤਰ ਨੇ ਕਿਹਾ ਕਿ ਜਦ 1986 ਵੇਲੇ ਪੰਜਾਬ ਬੇਚੈਨ ਸੀ, ਹਥਿਆਰ ਦਨਦਨਾਉਂਦੇ ਫਿਰ ਰਹੇ ਸਨ, ਹਿੰਦੂ ਪੰਜਾਬ ਤੋਂ ਹਿਜਰਤ ਕਰਕੇ ਹੋਰ ਸੂਬਿਆਂ ਵਿੱਚ ਜਾ ਰਹੇ ਸਨ ਤਾਂ ਪੰਜਾਬੀ ਭਵਨ ਦੇ ਵਿਹੜੇ ਇਪਟਾ ਦੀ ਕਾਨਫਰੰਸ ਮੌਕੇ ਅਮਰਜੀਤ ਗੁਰਦਾਸਪੁਰੀ ਬਾਬੇ ਵਾਰਿਸ ਦੇ ਬੋਲ ਗਾ ਰਿਹਾ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :