ਪੁਲਿਸ ਦੀ ਕਥਿਤ ਆਡੀਓ ਦੀ ਚੰਡੀਗੜ੍ਹ ਲੈਬ ’ਚ ਹੋਵੇਗੀ ਜਾਂਚ; ਹਾਈਕੋਰਟ ਦੇ ਹੁਕਮ, ਸੁਖਬੀਰ ਬਾਦਲ ਨੇ ਕੀਤੀ ਸੀ ਪੋਸਟ; ਪਟਿਆਲਾ SSP ਨੂੰ ਭੇਜਿਆ ਛੁੱਟੀ 'ਤੇ
ਪਟਿਆਲਾ ਪੁਲਿਸ ਦੀ ਕਥਿਤ ਆਡੀਓ ਰਿਕਾਰਡਿੰਗ ਮਾਮਲੇ ਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਸੁਣਵਾਈ ਦੌਰਾਨ ਇਹ ਹੁਕਮ ਜਾਰੀ ਕੀਤੇ ਗਏ। ਇਸ ਤੋਂ ਬਾਅਦ ਹਾਈਕੋਰਟ ਨੇ ਇਸਦੀ ਜਾਂਚ ਦੇ ਆਦੇਸ਼ ਦੇ ਦਿੱਤੇ।

ਪੰਜਾਬ ਦੇ ਪਟਿਆਲਾ ਪੁਲਿਸ ਦੀ ਕਥਿਤ ਆਡੀਓ ਰਿਕਾਰਡਿੰਗ ਦੀ ਚੰਡੀਗੜ੍ਹ ਲੈਬ ਤੋਂ ਜਾਂਚ ਕਰਵਾਈ ਜਾਵੇਗੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਸੁਣਵਾਈ ਦੌਰਾਨ ਇਹ ਹੁਕਮ ਜਾਰੀ ਕੀਤੇ ਗਏ। ਇਸ ਤੋਂ ਬਾਅਦ ਹਾਈਕੋਰਟ ਨੇ ਇਸਦੀ ਜਾਂਚ ਦੇ ਆਦੇਸ਼ ਦੇ ਦਿੱਤੇ। ਅਕਾਲੀ ਦਲ ਵੱਲੋਂ ਸਵਾਲ ਉਠਾਇਆ ਗਿਆ ਕਿ ਪੁਲਿਸ ਨੇ ਇਸਨੂੰ ਫੇਕ ਕਿਵੇਂ ਕਹਿ ਦਿੱਤਾ? ਉਹ ਦੱਸਣ ਕਿ ਕਿਸ ਲੈਬ ਜਾਂ ਏਜੰਸੀ ਤੋਂ ਇਸਦੀ ਜਾਂਚ ਕਰਵਾਈ ਗਈ ਹੈ।
ਇਸੇ ਕਥਿਤ ਆਡੀਓ ਮਾਮਲੇ ਵਿੱਚ SSP ਵਰੁਣ ਸ਼ਰਮਾ ’ਤੇ ਵੀ ਕਾਰਵਾਈ ਹੋਈ ਹੈ। ਪਟਿਆਲਾ SSP ਵਰੁਣ ਸ਼ਰਮਾ ਨੂੰ ਅਚਾਨਕ ਛੁੱਟੀ ’ਤੇ ਭੇਜ ਦਿੱਤਾ ਗਿਆ ਹੈ। ਉਹਨਾਂ ਦੀ ਥਾਂ ਸੰਗਰੂਰ ਦੇ SSP ਸਰਤਾਜ ਸਿੰਘ ਚਹਿਲ ਨੂੰ ਪਟਿਆਲਾ ਦੇ SSP ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇੱਕ ਕਾਲ ਰਿਕਾਰਡਿੰਗ ਪੋਸਟ ਕੀਤੀ ਸੀ। ਉਹਨਾਂ ਦਾ ਦਾਅਵਾ ਸੀ ਕਿ ਇਹ ਕਾਲ ਰਿਕਾਰਡਿੰਗ ਪਟਿਆਲਾ ਪੁਲਿਸ ਦੀ ਕਾਨਫਰੰਸ ਕਾਲ ਦੌਰਾਨ ਹੋਈ ਮੀਟਿੰਗ ਦੀ ਹੈ। ਇਸ ਵਿੱਚ ਪਟਿਆਲਾ ਦੇ SSP ਵਰੁਣ ਸ਼ਰਮਾ DSPਜ਼ ਨੂੰ ਅਕਾਲੀ ਉਮੀਦਵਾਰਾਂ ਦੇ ਨਾਮਜ਼ਦਗੀ ਸਮੇਂ ਧੱਕੇਸ਼ਾਹੀ ਕਰਨ ਲਈ ਕਹਿੰਦੇ ਸੁਣੇ ਜਾ ਰਹੇ ਹਨ।
ਰਿਕਾਰਡਿੰਗ ਵਿੱਚ ਉਹ ਪੁਲਿਸ ਮੁਲਾਜ਼ਮਾਂ ਨੂੰ ਕਹਿੰਦੇ ਹਨ ਕਿ ਨਾਮਜ਼ਦਗੀ ਪੱਤਰ ਖੋਹ, ਫਾੜਨਾ ਜਾਂ ਜੋ ਵੀ ਕਰਨਾ ਹੋਵੇ, ਉਮੀਦਵਾਰਾਂ ਦੇ ਘਰ, ਪਿੰਡ ਜਾਂ ਰਸਤੇ ਵਿੱਚ ਕਰੋ; ਪਰ ਨਾਮਜ਼ਦਗੀ ਕੇਂਦਰਾਂ ‘ਚ ਇਸ ਤਰ੍ਹਾਂ ਦੀ ਕੋਈ ਹਰਕਤ ਨਹੀਂ ਹੋਣੀ ਚਾਹੀਦੀ। ਹਾਲਾਂਕਿ, ਉਸ ਵੇਲੇ ਪਟਿਆਲਾ ਪੁਲਿਸ ਨੇ ਇਸਨੂੰ AI ਨਾਲ ਬਣਾਇਆ ਫੇਕ ਵੀਡੀਓ ਦੱਸ ਕੇ ਰੱਦ ਕਰ ਦਿੱਤਾ ਸੀ।
ਸੁਖਬੀਰ ਬਾਦਲ ਨੇ ਜਾਰੀ ਕੀਤੀ ਸੀ ਆਡੀਓ ਰਿਕਾਰਡਿੰਗ
ਜ਼ਿਲ੍ਹਾ ਪਾਰਿਸ਼ਦ–ਪੰਚਾਇਤ ਕਮੇਟੀ ਚੋਣਾਂ ਦੇ ਦਰਮਿਆਨ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇੱਕ ਕਾਨਫਰੰਸ ਕਾਲ ਦੌਰਾਨ ਹੋਈ ਮੀਟਿੰਗ ਦੀ ਆਡੀਓ ਰਿਕਾਰਡਿੰਗ ਜਾਰੀ ਕੀਤੀ ਸੀ। ਸੁਖਬੀਰ ਬਾਦਲ ਦਾ ਦਾਅਵਾ ਸੀ ਕਿ ਇਹ ਮੀਟਿੰਗ ਪਟਿਆਲਾ ਪੁਲਿਸ ਦੇ ਅਧਿਕਾਰੀਆਂ ਵਿਚਕਾਰ ਹੋ ਰਹੀ ਹੈ, ਜਿਸ ਵਿੱਚ SSP ਵੱਖ-ਵੱਖ DSP ਨਾਲ ਗੱਲਬਾਤ ਕਰ ਰਹੇ ਹਨ।
ਰਿਕਾਰਡਿੰਗ ਵਿੱਚ ਸਿਕਿਊਰਿਟੀ ਅਰੈਂਜਮੈਂਟ ਦੇ ਨਾਂ ਤੇ ਵਿਰੋਧੀ ਉਮੀਦਵਾਰਾਂ ਨਾਲ ਨਾਮਜ਼ਦਗੀ ਦੇ ਸਮੇਂ ਧੱਕੇਸ਼ਾਹੀ ਕਰਨ ਦੀ ਯੋਜਨਾ ਬਣਦੀ ਸੁਣਾਈ ਦੇ ਰਹੀ ਹੈ। ਵਿਰੋਧੀ ਉਮੀਦਵਾਰਾਂ ਨੂੰ ਉਹਨਾਂ ਦੇ ਘਰ–ਪਿੰਡ ਤੋਂ ਲੈ ਕੇ ਨਾਮਜ਼ਦਗੀ ਕੇਂਦਰ ਦੇ ਬਾਹਰ ਤੱਕ ਰੋਕਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ।
ਇਸ ਰਿਕਾਰਡਿੰਗ ਵਿੱਚ ਨਿਸ਼ਪੱਖ ਚੋਣ ਦੀ ਨਿਗਰਾਨੀ ਲਈ ਲਗਾਏ ਆਬਜ਼ਰਵਰ, ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਦੇ ਡਿਵੀਜ਼ਨਲ ਕਮਿਸ਼ਨਰ ਅਤੇ DIG ਲੈਵਲ ਦੇ ਅਧਿਕਾਰੀਆਂ ਦੇ ਨਾਮ ਵੀ ਲਏ ਜਾ ਰਹੇ ਹਨ।
ਪਟਿਆਲਾ ਪੁਲਿਸ ਨੇ ਦਾਅਵੇ ਨੂੰ ਖਾਰਿਜ ਕੀਤਾ ਸੀ
ਪਟਿਆਲਾ ਪੁਲਿਸ ਨੇ ਸੁਖਬੀਰ ਬਾਦਲ ਦੇ ਦਾਅਵੇ ਨੂੰ ਨਕਾਰਦੇ ਹੋਏ ਕਿਹਾ ਸੀ ਕਿ ਇਹ ਵੀਡੀਓ ਫ਼ੇਕ ਹੈ ਅਤੇ AI ਦੀ ਮਦਦ ਨਾਲ ਤਿਆਰ ਕੀਤੀ ਗਈ ਹੈ। ਇਸ ਰਾਹੀਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਵਾਇਰਲ ਕਰਨ ਵਾਲਿਆਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਸੁਖਬੀਰ ਬਾਦਲ ਵੱਲੋਂ ਕੋਈ ਪ੍ਰਤੀਕਿਰਿਆ ਜਾਂ ਜਵਾਬ ਨਹੀਂ ਦਿੱਤਾ ਗਿਆ। ਹੁਣ ਆਉਣ ਵਾਲਾ ਸਮੇਂ ਹੀ ਦੱਸੇਗਾ ਕਿ ਇਸ ਵਾਇਰਲ ਆਡੀਓ ਵੀਡੀਓ ਦੀ ਸੱਚਾਈ ਹੈ ਕੀ?






















