Patiala News: ਨਿਗਮ ਦੇ ਟੈਂਕਰ ਦਾ ਪਾਣੀ ਪੀਣ ਨਾਲ ਬੱਚੇ ਦੀ ਮੌਤ, ਪਰਿਵਾਰ ਵਾਲਿਆਂ ਦਾ ਵੱਡਾ ਇਲਜ਼ਾਮ
ਦੂਜੇ ਪਾਸੇ ਉਸ ਦੀ 22 ਸਾਲਾ ਵੱਡੀ ਭੈਣ ਸੋਨਾਲੀ ਆਪਣੇ ਭਰਾ ਦੀ ਮੌਤ ਦੀ ਖ਼ਬਰ ਸੁਣ ਕੇ ਸਦਮੇ 'ਚ ਚਲੀ ਗਈ, ਜਿਸ ਨੂੰ ਰਜਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਅਭਿਜੋਤ ਦੀ ਮੌਤ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਉੱਤੇ ਪੁੱਜੇ ਤੇ ਹਲਾਤਾ ਦਾ ਜਾਇਜ਼ਾ ਲਿਆ।
Patiala News: ਪਟਿਆਲਾ ਦੇ ਹੀਰਾ ਬਾਗ ਇਲਾਕੇ 'ਚ ਡਾਇਰੀਆ ਤੋਂ ਪੀੜਤ 9 ਸਾਲਾ ਬੱਚੇ ਦੀ ਇਲਾਜ ਦੌਰਾਨ ਸ਼ੱਕੀ ਹਾਲਤ 'ਚ ਮੌਤ ਹੋ ਗਈ। ਅਭਿਜੋਤ ਨਾਂ ਦੇ ਇਸ ਬੱਚੇ ਦੀ ਤਬੀਅਤ ਐਤਵਾਰ ਸਵੇਰੇ 5 ਵਜੇ ਵਿਗੜ ਗਈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਪ੍ਰਾਈਵੇਟ ਡਾਕਟਰ ਕੋਲ ਲੈ ਗਏ। ਇੱਥੋਂ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਹੋਣ ’ਤੇ ਰਾਜਿੰਦਰਾ ਹਸਪਤਾਲ ਭੇਜ ਦਿੱਤਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦੂਜੇ ਪਾਸੇ ਉਸ ਦੀ 22 ਸਾਲਾ ਵੱਡੀ ਭੈਣ ਸੋਨਾਲੀ ਆਪਣੇ ਭਰਾ ਦੀ ਮੌਤ ਦੀ ਖ਼ਬਰ ਸੁਣ ਕੇ ਸਦਮੇ 'ਚ ਚਲੀ ਗਈ, ਜਿਸ ਨੂੰ ਰਜਿੰਦਰਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਅਭਿਜੋਤ ਦੀ ਮੌਤ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਉੱਤੇ ਪੁੱਜੇ ਤੇ ਹਲਾਤਾ ਦਾ ਜਾਇਜ਼ਾ ਲਿਆ। ਇਸ ਮੌਕੇ ਐਸਆਈ ਗੁਰਮੀਤ ਸਿੰਘ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਰਜਿੰਦਰਾ ਹਸਪਤਾਲ ਭੇਜ ਦਿੱਤਾ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।
ਸਿਵਲ ਸਰਜਨ ਡਾ: ਰਮਿੰਦਰ ਕੌਰ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਅਨੁਸਾਰ ਨਗਰ ਨਿਗਮ ਵੱਲੋਂ ਭੇਜੀ ਟੈਂਕੀ ਦਾ ਪਾਣੀ ਪੀਣ ਤੋਂ ਬਾਅਦ ਬੱਚਿਆਂ ਨੂੰ ਉਲਟੀਆਂ ਅਤੇ ਦਸਤ ਲੱਗ ਗਏ ਸਨ | ਪੁਰੀ ਕਲੀਨਿਕ ਦੇ ਡਾਕਟਰ ਨੇ ਉਸ ਨੂੰ ਟੀਕਾ ਲਗਾ ਕੇ ਰਾਜਿੰਦਰਾ ਹਸਪਤਾਲ ਭੇਜ ਦਿੱਤਾ। ਬੱਚੇ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮੌਤ ਦਾ ਕਾਰਨ ਸਪੱਸ਼ਟ ਹੋਵੇਗਾ। ਫਿਲਹਾਲ ਪ੍ਰਾਈਵੇਟ ਡਾਕਟਰ ਤੋਂ ਇਲਾਜ ਸਬੰਧੀ ਵੇਰਵੇ ਅਤੇ ਰਿਕਾਰਡ ਹਾਸਲ ਕਰ ਲਿਆ ਗਿਆ ਹੈ।
ਐਸਡੀਐਮ ਅਨਮੋਲ ਧਾਲੀਵਾਲ ਨੇ ਦੱਸਿਆ ਕਿ ਇਲਾਕੇ ਵਿੱਚ ਪਾਣੀ ਦੀ ਟੈਂਕੀ ਆਈ ਸੀ। ਇਸ ਟੈਂਕਰ ਦੇ ਪਾਣੀ ਦੀ ਜਾਂਚ ਕੀਤੀ ਜਾ ਰਹੀ ਹੈ। ਨਿਗਮ ਵੱਲੋਂ ਭੇਜੀਆਂ ਗਈਆਂ ਹੋਰ ਟੈਂਕੀਆਂ ਦੀ ਵੀ ਜਾਂਚ ਕੀਤੀ ਜਾਵੇਗੀ।
ਇਲਾਕੇ 'ਚ ਕੁਝ ਹੋਰ ਬੱਚਿਆਂ ਦੇ ਬਿਮਾਰ ਹੋਣ ਦੀ ਵੀ ਖਬਰ ਹੈ। ਸਿਵਲ ਸਰਜਨ ਨੇ ਘਟਨਾ ਦਾ ਜਾਇਜ਼ਾ ਲੈਣ ਤੋਂ ਬਾਅਦ ਇਲਾਕੇ ਦੀ ਮੈਡੀਕਲ ਟੀਮ ਨੂੰ ਤਾਇਨਾਤ ਕਰ ਦਿੱਤਾ ਹੈ। ਇਸ ਟੀਮ ਨੇ ਇਲਾਕੇ ਦੇ ਬਿਮਾਰ ਲੋਕਾਂ ਅਤੇ ਬੱਚਿਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੂੰ ਉਲਟੀਆਂ ਅਤੇ ਦਸਤ ਦੀਆਂ ਦਵਾਈਆਂ ਦੇ ਕੇ ਮੌਕੇ 'ਤੇ ਹੀ ਚੈਕਅੱਪ ਕੀਤਾ ਜਾ ਰਿਹਾ ਹੈ।