Patiala: 3 ਦਿਨਾਂ ਬਾਅਦ ਵੀ ਪੁਲਿਸ ਨਹੀਂ ਲੱਭ ਸਕੀ ਮ੍ਰਿਤਕ ਦਾ ਸਿਰ, ਪਰਿਵਾਰ ਵਾਲਿਆਂ ਕੀਤਾ ਅੰਤਿਮ ਸਸਕਾਰ
ਪਟਿਆਲਾ ਵਿੱਚ ਇੱਕ ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਗਈ ਇਸ ਵਿੱਚ ਸਾਈਕਲ ਸਵਾਰ ਦਾ ਸਿਰ ਧੜ ਤੋਂ ਵੱਖ ਹੋ ਗਿਆ ਜੋ ਕਿ ਤਿੰਨ ਦਿਨ ਲੰਘ ਜਾਣ ਦੇ ਬਾਅਦ ਪੁਲਿਸ ਨੂੰ ਨਹੀਂ ਮਿਲਿਆ। ਪਰਿਵਾਰ ਵਾਲਿਆਂ ਨੇ ਬਿਨਾਂ ਸਿਰ ਦੇ ਹੀ ਧੜ ਦਾ ਸਸਕਾਰ ਕੀਤਾ।
Punjab News: ਚਾਰ ਦਿਨ ਪਹਿਲਾਂ ਪੰਜਾਬ ਦੇ ਪਟਿਆਲਾ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਦਿੱਲੀ ਦੇ ਕਾਂਝਵਾਲਾ ਹਾਦਸੇ ਵਾਂਗ ਇਸ ਘਟਨਾ 'ਚ ਮ੍ਰਿਤਕ ਦੇ ਪਰਿਵਾਰ ਦੀ ਇੱਕ ਹੋਰ ਬੇਵਸੀ ਸਾਹਮਣੇ ਆਈ ਹੈ, ਤਿੰਨ ਦਿਨ ਬੀਤ ਜਾਣ 'ਤੇ ਵੀ ਪੁਲਿਸ ਮ੍ਰਿਤਕ ਦਾ ਕੱਟਿਆ ਹੋਇਆ ਸਿਰ ਨਹੀਂ ਲੱਭ ਸਕੀ, ਜਿਸ ਕਾਰਨ ਰਿਸ਼ਤੇਦਾਰਾਂ ਨੂੰ ਬਿਨਾਂ ਸਿਰ ਹੀ ਅੰਤਿਮ ਸਸਕਾਰ ਕਰਨਾ ਪਿਆ। ਪੁਲਿਸ ਅਨੁਸਾਰ ਘਟਨਾ ਦਾ ਮੁੱਖ ਦੋਸ਼ੀ ਸੁਖਮਨ ਸਿੰਘ ਫ਼ਰਾਰ ਦੱਸਿਆ ਜਾ ਰਿਹਾ ਹੈ, ਉਸਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਮ੍ਰਿਤਕ ਨਵਦੀਪ ਦਾ ਕੱਟਿਆ ਹੋਇਆ ਸਿਰ ਕਿੱਥੇ ਹੈ।
ਕਾਰ ਦੀ ਟੱਕਰ ਤੋਂ ਬਾਅਦ ਸਿਰ ਧੜ ਤੋਂ ਹੋਇਆ ਵੱਖ
ਬੀਤੇ ਸ਼ੁੱਕਰਵਾਰ ਨੂੰ ਨਵਦੀਪ ਕੁਮਾਰ ਜੋ ਕਿ ਵਿਆਹਾਂ 'ਚ ਕੌਫੀ ਬਣਾ ਕੇ ਆਪਣੇ ਕੰਮ 'ਤੇ ਜਾ ਰਿਹਾ ਸੀ, ਇਸੇ ਦੌਰਾਨ ਇਕ ਤੇਜ਼ ਰਫਤਾਰ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਨੌਜਵਾਨ ਦਾ ਸਿਰ ਸਰੀਰ ਤੋਂ ਵੱਖ ਹੋ ਗਿਆ ਵਾਰਦਾਤ ਤੋਂ ਬਾਅਦ ਵੀ ਮੁਲਜ਼ਮਾਂ ਨੇ ਗੱਡੀ ਨਹੀਂ ਰੋਕੀ। ਸਗੋਂ ਗੱਡੀ ਦੀ ਨੰਬਰ ਪਲੇਟ ਤੋੜ ਕੇ ਖਾਲੀ ਪਲਾਟ ਵਿੱਚ ਛੁਪਾ ਦਿੱਤੀ। ਜਦੋਂ ਪੁਲੀਸ ਨੇ ਸੀਸੀਟੀਵੀ ਦੀ ਮਦਦ ਨਾਲ ਪਲਾਟ ਵਿੱਚ ਖੜ੍ਹੀ ਗੱਡੀ ਦੇ ਨੇੜੇ ਪਹੁੰਚ ਕੇ ਜਾਂਚ ਕੀਤੀ ਤਾਂ ਗੱਡੀ ਦੀ ਨੰਬਰ ਪਲੇਟ ਟੁੱਟੀ ਹੋਈ ਮਿਲੀ। ਪਰ ਉਥੇ ਵੀ ਮ੍ਰਿਤਕ ਨਵਦੀਪ ਦਾ ਸਿਰ ਨਹੀਂ ਮਿਲਿਆ।
ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ
ਗੱਡੀ ਦੇ ਰਜਿਸਟ੍ਰੇਸ਼ਨ ਨੰਬਰ ਦੇ ਆਧਾਰ 'ਤੇ ਪੁਲਸ ਦੋਸ਼ੀ ਦੇ ਘਰ ਪਹੁੰਚੀ। ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰਨ 'ਤੇ ਪਤਾ ਲੱਗਾ ਕਿ ਦੋਸ਼ੀ ਸੁਖਮਨ ਸਿੰਘ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ, ਇਨ੍ਹੀਂ ਦਿਨੀਂ ਉਹ ਘਰ ਹੀ ਸੀ। ਘਟਨਾ ਵਾਲੇ ਦਿਨ ਉਹ ਦੋਸਤਾਂ ਨਾਲ ਪਾਰਟੀ ਕਰਨ ਗਿਆ ਹੋਇਆ ਸੀ। ਸੁਖਮਨ ਦੇ ਪਿਤਾ ਦਾ ਕਹਿਣਾ ਹੈ ਕਿ ਹਾਦਸੇ ਦੇ ਬਾਅਦ ਤੋਂ ਉਹ ਘਰ ਨਹੀਂ ਆਇਆ ਹੈ। ਉਸ ਦਾ ਫ਼ੋਨ ਵੀ ਲਗਾਤਾਰ ਬੰਦ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁੱਖ ਦੋਸ਼ੀ ਸੁਖਮਨ ਸਿੰਘ ਹੈ, ਉਸ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਗੱਡੀ ਵਿਚ ਸਵਾਰ ਬਾਕੀ ਤਿੰਨ ਵਿਅਕਤੀਆਂ ਦੀ ਪਛਾਣ ਹੋ ਸਕੇਗੀ।
ਥਾਣਾ ਇੰਚਾਰਜ ਪ੍ਰਦੀਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਮੁਲਜ਼ਮ ਬੋਲੈਰੋ ਨਾਲ ਰੇਸ ਕਰ ਰਹੇ ਸਨ, ਇਸ ਲਈ ਸਕਾਰਪੀਓ ਗੱਡੀ ਦੀ ਸਪੀਡ ਜ਼ਿਆਦਾ ਸੀ। ਜਿਸ ਕਾਰਨ ਸ਼ੀਸ਼ਾ ਤੋੜਦੇ ਸਮੇਂ ਗਰਦਨ ਉਸ ਵਿੱਚ ਫਸ ਗਈ ਅਤੇ ਸਿਰ ਧੜ ਤੋਂ ਵੱਖ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਦੋਸ਼ੀ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਉਸ ਦਾ ਪਾਸਪੋਰਟ ਵੀ ਘਰ ਤੋਂ ਗਾਇਬ ਹੈ, ਹੁਣ ਉਸ ਖਿਲਾਫ ਐੱਲ.ਓ.ਸੀ. ਜਾਰੀ ਕੀਤਾ ਜਾਵੇਗਾ। ਉੱਥੇ ਹੀ ਮ੍ਰਿਤਕ ਨਵਦੀਪ ਕੁਮਾਰ ਦਾ ਕੱਟਿਆ ਹੋਇਆ ਸਿਰ ਨਾ ਮਿਲਣ ਕਾਰਨ ਐਤਵਾਰ ਨੂੰ ਉਸ ਦਾ ਸਸਕਾਰ ਕਰ ਦਿੱਤਾ ਗਿਆ।