ਸਿਰਫ਼ ਫੋਟੋਆਂ ਖਿਚਵਾਉਣ ਆਉਂਦੇ ਨੇ ਕਾਂਗਰਸੀ, ਡਾ. ਮਨਮੋਹਨ ਸਿੰਘ ਦੀਆਂ ਅਸਥੀਆਂ ਵਿਸਰਜਣ ਵੇਲੇ ਨਹੀਂ ਅੱਪੜਿਆ ਕੋਈ ਲੀਡਰ, ਹਰਦੀਪ ਪੁਰੀ ਦਾ ਵੱਡਾ ਇਲਜ਼ਾਮ
Hardeep Puri Slam Congress: ਭਾਜਪਾ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਡਾ: ਮਨਮੋਹਨ ਸਿੰਘ ਦੀ ਯਾਦਗਾਰ ਬਣਾਉਣ ਬਾਰੇ ਕੈਬਨਿਟ ਵਿੱਚ ਫੈਸਲਾ ਲਿਆ ਗਿਆ ਹੈ, ਪਰ ਕਾਂਗਰਸ ਲਗਾਤਾਰ ਭਾਜਪਾ 'ਤੇ ਦੋਸ਼ ਲਗਾ ਰਹੀ ਹੈ।
Hardeep Puri Slamp Congress: ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਯਾਦਗਾਰ ਤੇ ਉਨ੍ਹਾਂ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਅਜੇ ਵੀ ਜਾਰੀ ਹੈ। ਕਾਂਗਰਸ ਲਗਾਤਾਰ ਸਵਾਲ ਉਠਾ ਰਹੀ ਹੈ ਕਿ ਡਾ: ਮਨਮੋਹਨ ਸਿੰਘ ਦੀ ਯਾਦਗਾਰ ਬਣਾਉਣ ਲਈ ਜ਼ਮੀਨ ਅਲਾਟ ਕਿਉਂ ਨਹੀਂ ਕੀਤੀ ਜਾ ਰਹੀ ਤੇ ਇਸ ਵਿਚ ਦੇਰੀ ਕਿਉਂ ਕੀਤੀ ਜਾ ਰਹੀ ਹੈ ?
ਇਸ ਦੇ ਨਾਲ ਹੀ ਕਾਂਗਰਸ ਨੇ ਨਿਗਮ ਬੋਧ ਘਾਟ 'ਤੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਧਰ, ਇਸ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਕਾਂਗਰਸੀ ਲੋਕ ਸਿਰਫ਼ ਫੋਟੋ ਖਿਚਵਾਉਣ ਆਉਂਦੇ ਹਨ, ਪਰ ਡਾ: ਮਨਮੋਹਨ ਸਿੰਘ ਦੀਆਂ ਅਸਥੀਆਂ ਦੇ ਵਿਸਰਜਨ ਸਮੇਂ ਕੋਈ ਨਹੀਂ ਆਇਆ।
ਕਾਂਗਰਸ ਵੱਲੋਂ ਉਠਾਏ ਗਏ ਸਵਾਲਾਂ 'ਤੇ ਭਾਜਪਾ ਨੇ ਵੀ ਜਵਾਬੀ ਕਾਰਵਾਈ ਕੀਤੀ ਹੈ। ਭਾਜਪਾ ਵਾਲੇ ਪਾਸੇ ਤੋਂ ਕਿਹਾ ਗਿਆ ਕਿ ਕਾਂਗਰਸ ਇਸ ਮੁੱਦੇ 'ਤੇ ਸਿਰਫ ਸਿਆਸਤ ਕਰ ਰਹੀ ਹੈ, ਜਦਕਿ ਭਾਜਪਾ ਵਾਲੇ ਪਾਸੇ ਤੋਂ ਪਹਿਲਾਂ ਹੀ ਕਿਹਾ ਜਾ ਚੁੱਕਾ ਹੈ ਕਿ ਡਾ: ਮਨਮੋਹਨ ਸਿੰਘ ਦੀ ਯਾਦਗਾਰ ਬਣਾਉਣ ਬਾਰੇ ਕੈਬਨਿਟ 'ਚ ਫੈਸਲਾ ਹੋ ਚੁੱਕਾ ਹੈ।
ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਾਂਗਰਸ ਦੇ ਦੋਸ਼ਾਂ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਕਾਂਗਰਸ ਬੇਬੁਨਿਆਦ ਦੋਸ਼ ਲਗਾ ਰਹੀ ਹੈ। ਡਾ: ਮਨਮੋਹਨ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ ਹੈ ਜਿਸ ਯਾਦਗਾਰ ਦੀ ਗੱਲ ਕੀਤੀ ਜਾ ਰਹੀ ਸੀ, ਉਸ ਨੂੰ ਬਣਾਉਣ ਲਈ ਸਰਕਾਰ ਨੇ ਹਾਮੀ ਭਰ ਦਿੱਤੀ ਸੀ ਪਰ ਮੌਜੂਦਾ ਹਾਲਾਤ ਅਜਿਹੇ ਸਨ ਕਿ ਇਸ ਵਿੱਚ ਕੁਝ ਦਿੱਕਤਾਂ ਆ ਰਹੀਆਂ ਸਨ। ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਸੀ, ਇਸ ਲਈ ਖੁੱਲ੍ਹਾ ਸਸਕਾਰ ਸੰਭਵ ਨਹੀਂ ਸੀ।
ਹਰਦੀਪ ਪੁਰੀ ਨੇ ਕਿਹਾ ਕਿ ਕਾਂਗਰਸ ਦੀਆਂ ਸਰਕਾਰਾਂ ਦੌਰਾਨ ਵੀ ਦੇਸ਼ ਦੇ ਕਈ ਸਾਬਕਾ ਪ੍ਰਧਾਨ ਮੰਤਰੀਆਂ ਅਤੇ ਰਾਸ਼ਟਰਪਤੀਆਂ ਦੀਆਂ ਅੰਤਿਮ ਰਸਮਾਂ ਏਕਤਾ ਸਥਲ ਵਿਖੇ ਹੋਈਆਂ ਹਨ, ਜਿੱਥੇ ਉਨ੍ਹਾਂ ਦੀਆਂ ਯਾਦਗਾਰਾਂ ਵੀ ਬਣੀਆਂ ਹੋਈਆਂ ਹਨ। ਜੇ ਕਾਂਗਰਸ ਚਾਹੁੰਦੀ ਤਾਂ ਡਾ: ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਉਸੇ ਸਥਾਨ 'ਤੇ ਕੀਤਾ ਜਾ ਸਕਦਾ ਸੀ ਕਿਉਂਕਿ ਉਸ ਸਥਾਨ 'ਤੇ ਪਹਿਲਾਂ ਹੀ ਨਿਸ਼ਾਨਦੇਹੀ ਹੈ ਅਤੇ ਉਸ ਥਾਂ 'ਤੇ ਦੋ ਯਾਦਗਾਰਾਂ ਬਣਾਉਣ ਲਈ ਅਜੇ ਵੀ ਜਗ੍ਹਾ ਬਾਕੀ ਹੈ।
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਪਰਿਵਾਰਕ ਮੈਂਬਰਾਂ ਦੀ ਕਥਿਤ ਬੇਇੱਜ਼ਤੀ ਦੇ ਮੁੱਦੇ 'ਤੇ ਪ੍ਰਤੀਕਿਰਿਆ ਦਿੰਦਿਆਂ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਮਨਮੋਹਨ ਸਿੰਘ ਦੇ ਪਰਿਵਾਰਕ ਮੈਂਬਰਾਂ ਦੀ ਗੱਡੀ ਨੂੰ ਕਿਸੇ ਵੀ ਕਾਫਲੇ ਕਾਰਨ ਨਹੀਂ ਰੋਕਿਆ ਗਿਆ ਤੇ ਨਿਗਮ ਬੋਧ ਘਾਟ 'ਤੇ ਵੀ ਉਨ੍ਹਾਂ ਲਈ ਪੂਰੇ ਪ੍ਰਬੰਧ ਕੀਤੇ ਗਏ ਸਨ। ਕਾਂਗਰਸ ਸਿਰਫ ਰਾਜਨੀਤੀ ਕਰ ਰਹੀ ਹੈ।
ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਾਂਗਰਸ ਦੇ ਰਵੱਈਏ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਕਾਂਗਰਸੀ ਆਗੂ ਸਿਰਫ਼ ਫੋਟੋਆਂ ਖਿਚਵਾਉਣ ਲਈ ਹੀ ਉੱਥੇ ਪਹੁੰਚਦੇ ਹਨ ਪਰ ਅੱਜ ਜਦੋਂ ਡਾ: ਮਨਮੋਹਨ ਸਿੰਘ ਦੀਆਂ ਅਸਥੀਆਂ ਦਾ ਵਿਸਰਜਨ ਕੀਤਾ ਜਾਣਾ ਸੀ ਤਾਂ ਕੋਈ ਵੀ ਕਾਂਗਰਸੀ ਆਗੂ ਉੱਥੇ ਨਹੀਂ ਪਹੁੰਚਿਆ |