Farmer Protest: 'ਕੇਂਦਰ ਦਾ ਹਿਟਲਰਸ਼ਾਹੀ ਚਿਹਰਾ ਬੇਨਕਾਬ, ਇਸ ਤੋਂ ਪਹਿਲਾਂ ਵੱਡਾ ਨੁਕਸਾਨ ਹੋਵੇ ਕੇਂਦਰ ਸਰਕਾਰ...'
ਲੌਂਗੋਵਾਲ ਨੇ ਕਿਹਾ ਕਿ ਵੱਖ-ਵੱਖ ਬਾਰਡਰਾਂ ’ਤੇ ਜੋ ਹਾਲਾਤ ਪੈਦਾ ਕੀਤੇ ਜਾ ਰਹੇ ਹਨ ਉਸ ਲਈ ਸਿੱਧੇ ਤੌਰ ’ਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ, ਜੋ ਵਾਰ ਵਾਰ ਮੀਟਿੰਗਾਂ ਬੁਲਾ ਕੇ ਗੱਲਬਾਤ ਕਰਕੇ ਅਜੇ ਤੱਕ ਕਿਸਾਨਾਂ ਦੀਆਂ ਮੰਗਾਂ ਦਾ ਕੋਈ ਸਾਰਥਕ ਹੱਲ ਨਹੀਂ ਕੱਢ ਸਕੀ।
Patiala News: ਦਿੱਲੀ ਜਾਣ ਲਈ ਸ਼ੰਭੂ ਬਾਰਡਰ ਸਮੇਤ ਖਨੌਰੀ ਬਾਰਡਰ ’ਤੇ ਬੈਠੇ ਕਿਸਾਨ ਜਥੇਬੰਦੀਆਂ ’ਤੇ ਅੱਜ ਬਾਰਡਰ ’ਤੇ ਤਾਇਨਾਤ ਹਰਿਆਣਾ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲਿਆਂ (ਸਮੇਤ ਡ੍ਰੋਨ) ਅਤੇ ਚਲਾਈ ਗੋਲੀ ਨਾਲ ਜ਼ਖਮੀ ਹੋਏ ਬਹੁਤ ਸਾਰੇ ਕਿਸਾਨਾਂ ਨੂੰ ਰਾਜਿੰਦਰਾ ਹਸਪਤਾਲ ਪਹੁੰਚਾਇਆ ਗਿਆ, ਜਿਥੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਜ਼ਖ਼ਮੀਆਂ ਦਾ ਹਾਲ ਜਾਨਣ ਲਈ ਪੁੱਜੇ।
ਰਾਜਿੰਦਰਾ ਹਸਪਤਾਲ ਵਿਖੇ ਜ਼ਖਮੀ ਹੋਏ ਸਰਕਲ ਪ੍ਰਧਾਨ ਜਗਰਾਜ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਹਿਟਲਰਸ਼ਾਹੀ ਚਿਹਰਾ ਬੇਨਕਾਬ ਹੋ ਗਿਆ, ਜੋ ਦੇਸ਼ ਦੇ ਅੰਨਦਾਤਾ ਦੀਆਂ ਮੰਗਾਂ ਮੰਨਣ ਬਦਲੇ ਉਨ੍ਹਾਂ ਨੂੰ ਗੋਲੀਆਂ ਅਤੇ ਅੱਥਰੂ ਗੈਸ ਦੇ ਗੋਲੇ ਚਲਾ ਕੇ ਰੋਕਣਾ ਚਾਹੁੰਦੀ ਹੈ, ਜਿਸ ਨਾਲ ਲੋਕਤੰਤਰ ਦਾ ਘਾਣ ਹੁੰਦਾ ਵੇਖਿਆ ਜਾ ਸਕਦਾ ਅਤੇ ਗਲਤ ਵਰਤਾਰਾ ਹੈ।
ਉਨ੍ਹਾਂ ਕਿਹਾ ਕਿ ਵੱਖ-ਵੱਖ ਬਾਰਡਰਾਂ ’ਤੇ ਜੋ ਹਾਲਾਤ ਪੈਦਾ ਕੀਤੇ ਜਾ ਰਹੇ ਹਨ ਉਸ ਲਈ ਸਿੱਧੇ ਤੌਰ ’ਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ, ਜੋ ਵਾਰ ਵਾਰ ਮੀਟਿੰਗਾਂ ਬੁਲਾ ਕੇ ਗੱਲਬਾਤ ਕਰਕੇ ਅਜੇ ਤੱਕ ਕਿਸਾਨਾਂ ਦੀਆਂ ਮੰਗਾਂ ਦਾ ਕੋਈ ਸਾਰਥਕ ਹੱਲ ਨਹੀਂ ਕੱਢ ਸਕੀ।
ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਪ੍ਰਤੀ ਆਪਣਾ ਰਵੱਈਆ ਸਹੀ ਢੰਗ ਵਾਲਾ ਰੱਖਣਾ ਚਾਹੀਦਾ ਕਿਉਂਕਿ ਕਿਸਾਨ ਦੇਸ਼ ਲਈ ਰੀੜ ਦੀ ਹੱਡੀ ਹਨ, ਜੇ ਉਨ੍ਹਾਂ ਨਾਲ ਹੀ ਅਜਿਹਾ ਵਿਵਹਾਰ ਹੋਵੇਗਾ ਤਾਂ ਆਮ ਨਾਗਰਿਕ ਆਪਣੇ ਅਧਿਕਾਰਾਂ ਨੂੰ ਕਿਵੇਂ ਸੁਰੱਖਿਅਤ ਮਹਿਸੂਸ ਕਰੇ।
ਲੋਂਗੋਵਾਲ ਨੇ ਕਿਹਾ ਕਿ ਜਬਰ ਦੇ ਨਾਲ ਕਿਸਾਨਾਂ ਨੂੰ ਇਸ ਤਰ੍ਹਾਂ ਕਮਜ਼ੋਰ ਨਹੀਂ ਕੀਤਾ ਜਾ ਸਕਦਾ ਅਤੇ ਅਜਿਹੇ ਜਬਰ ਅਤੇ ਜ਼ੁਲਮ ਦੇ ਖਿਲਾਫ ਕਿਸਾਨ ਭਰਾਵਾਂ ਨੇ ਪਹਿਲਾਂ ਹੀ ਕੇਂਦਰ ਵਿਚ ਬੈਠੀ ਸਰਕਾਰ ਨੂੰ ਝੁਕਣ ਲਈ ਮਜਬੂਰ ਕੀਤਾ ਸੀ ਅਤੇ ਇਸ ਵਾਰ ਹੀ ਸਰਕਾਰ ਨੂੰ ਪਿੱਛੇ ਹਟਣ ਲਈ ਕਿਸਾਨ ਮਜਬੂਰ ਕਰ ਦੇਣਗੇ। ਇਸ ਤੋਂ ਪਹਿਲਾਂ ਕਿ ਕਿਸਾਨਾਂ ਦਾ ਵੱਡਾ ਨੁਕਸਾਨ ਹੋਵੇ ਸਰਕਾਰ ਨੂੰ ਦੋ ਸਾਲ ਪਹਿਲਾਂ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਵਾਲੇ ਪਾਸੇ ਕੋਈ ਯੋਗ ਕਦਮ ਚੁੱਕਣਾ ਚਾਹੀਦਾ ਹੈ।